ਦੂਜੇ ਗੇੜ ’ਚ ਹੋਵੇਗੀ ਪਲੇਆਫ ਲਈ ਜੰਗ

0
830

ਬੈਂਗਲੁਰੂ – ਅ.ਬ.
ਪ੍ਰੋ ਕਬੱਡੀ ਲੀਗ (ਪੀਕੇਐੱਲ) ਦਾ ਸੱਤਵਾਂ ਸੈਸ਼ਨ ਅਜੇ ਤਕ ਕਾਫੀ ਰੋਮਾਂਚਕ ਰਿਹਾ ਹੈ। ਬੁੱਧਵਾਰ ਤੋਂ ਸੈਸ਼ਨ ਦਾ ਦੂਜਾ ਗੇੜ ਸ਼ੁਰੂ ਹੋ ਰਿਹਾ ਹੈ। ਸਾਰੀਆਂ ਟੀਮਾਂ ਦੂਜੇ ਗੇੜ ਵਿਚ ਅੰਕ ਹਾਸਲ ਕਰਨ ਲਈ ਹੁਣ ਤੋਂ ਹੀ ਕਮਰ ਕੱਸ ਚੁੱਕੀਆਂ ਹਨ। ਮੇਜ਼ਬਾਨ ਬੈਂਗਲੁਰੂ ਬੁਲਜ਼ ਟੀਮ 13 ਮੈਚਾਂ ਵਿਚ 38 ਅੰਕ ਹਾਸਿਲ ਕਰ ਕੇ ਚੌਥੇ ਸਥਾਨ ‘ਤੇ ਹੈ। ਦਬੰਗ ਦਿੱਲੀ ਦੀ ਟੀਮ 11 ਮੈਚਾਂ ਵਿਚ 49 ਅੰਕ ਹਾਸਿਲ ਕਰ ਕੇ ਪਹਿਲੇ ਸਥਾਨ ‘ਤੇ ਚੱਲ ਰਹੀ ਹੈ। ਹਰਿਆਣਾ ਸਟੀਲਰਜ਼ 41 ਅੰਕ ਲੈ ਕੇ ਦੂਜੇ ਸਥਾਨ ‘ਤੇ ਹੈ। ਇਸ ਕਾਰਨ ਦੂਜੇ ਗੇੜ ਵਿਚ ਸਾਰੀਆਂ ਟੀਮਾਂ ਵਿਚ ਪਲੇਆਫ ਵਿਚ ਪੁੱਜਣ ਲਈ ਜੰਗ ਹੋਵੇਗੀ। ਬੈਂਗਲੁਰੂ ਬੁਲਜ਼ ਦੇ ਕੋਚ ਰਣਧੀਰ ਸਿੰਘ ਨੇ ਕਿਹਾ ਕਿ ਅਜੇ ਤਕ ਇਹ ਕਿਹਾ ਜਾਂਦਾ ਸੀ ਕਿ ਕਬੱਡੀ ਰੇਡ ਕਰਨ ਵਾਲਿਆਂ ਦੀ ਖੇਡ ਹੈ ਪਰ ਇਸ ਸੈਸ਼ਨ ਵਿਚ ਡਿਫੈਂਡਰਾਂ ਨੇ ਬਿਹਤਰ ਪ੍ਰਦਸ਼ਨ ਕਰ ਇਸ ਸੋਚ ਨੂੰ ਬਦਲ ਦਿੱਤਾ ਹੈ। ਜੈਪੁਰ ਪਿੰਕ ਦੇ ਕੋਚ ਸ਼੍ਰੀਨਿਵਾਸ ਰੈੱਡੀ ਨੇ ਵੀ ਮੰਨਿਆ ਕਿ ਇਸ ਸੈਸ਼ਨ ਵਿਚ ਸਾਰੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ ਹੈ ਤੇ ਡਿਫੈਂਡਰਾਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਹੈ। ਦਬੰਗ ਦਿੱਲੀ ਦੇ ਕਪਤਾਨ ਜੋਗਿੰਦਰ ਨਰਵਾਲ ਨੇ ਕਿਹਾ ਕਿ ਅਜੇ ਤਕ ਲੀਗ ਨੇ ਅੱਧਾ ਸਫ਼ਰ ਪੂਰਾ ਕਰ ਲਿਆ ਹੈ ਪਰ ਅਜੇ ਤਕ ਇਹ ਪੱਕਾ ਨਹੀਂ ਹੈ ਕਿ ਕਿਹੜੀ ਟੀਮ ਪਲੇਆਫ ਵਿਚ ਜਾਵੇਗੀ।