ਦੁਕਾਨ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰ ਤੇ ਪੁਲਿਸ ਮੁਲਾਜ਼ਮਾਂ ’ਚ ਹੋਈ ਆਪਸੀ ਤਕਰਾਰਬਾਜ਼ੀ

0
209

ਬਰੇਟਾ ਰੀਤਵਾਲ
ਕੋਰੋਨਾ ਨੂੰ ਲੈ ਕੇ ਆਮ ਲੋਕਾਂ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਹੁੰਦੀ ਆਪਸੀ ਤਕਰਾਰਬਾਜ਼ੀ ਦੀਆਂ ਖਬਰਾਂ ਵੱਖ ਵੱਖ ਥਾਵਾਂ ਤੇ ਵੇਖਣ ਨੂੰ ਮਿਲ ਰਹੀਆਂ ਹਨ । ਅਜਿਹਾ ਹੀ ਤਕਰਾਰਬਾਜ਼ੀ ਵਾਲਾ ਇੱਕ ਮਾਮਲਾ ਬਰੇਟਾ ਵਿਖੇ ਸਾਹਮਣਾ ਆਇਆ ਹੈ । ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਬਾਅਦ ਸ਼ਹਿਰ ਦੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦੁਕਾਨਦਾਰ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਾਮ ਦੇ ਪੰਜ ਵਜਦੇ ਹੀ ਦੁਕਾਨ ਬੰਦ ਕਰਨ ਦੇ ਲਈ ਕਿਹਾ ਗਿਆ ਪਰ ਪਤਾ ਨਹੀਂ ਅਜਿਹੀ ਕੀ ਗੱਲ ਹੋਈ ਕਿ ਕੁਝ ਹੀ ਮਿੰਟਾਂ ‘ਚ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮਾਂ ‘ਚ ਆਪਸੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਅਤੇ ਲੋਕਾਂ ਦਾ ਭਾਰੀ ਇੱਕਠ ਹੋ ਗਿਆ । ਦੁਕਾਨਦਾਰ ਨਾਲ ਸਪੰਰਕ ਕਰਨ ਤੇ ਉਸਨੇ ਕਿਹਾ ਕਿ ਪੁਲਿਸ ਮੁਲਾਜ਼ਮ ਸਾਡੀ ਦੁਕਾਨ ਤੇ ਆਏ ਅਤੇ ਕਹਿਣ ਲੱਗੇ ਕਿ ਦੁਕਾਨ ਬੰਦ ਕਰੋ ਅਸੀਂ ਕਿਹਾ ਕਿ ਕਰ ਦਿੰਦੇ ਹਾਂ ਜੀ । ਦੁਕਾਨਦਾਰ ਨੇ ਕਿਹਾ ਕਿ ਕੁਝ ਹੀ ਮਿੰਟਾਂ ‘ਚ ਉਹ ਸਾਨੂੰ ਗਲਤ ਸ਼ਬਦਾਵਲੀ ਬੋਲਣ ਲੱਗੇ । ਜਿਸ ਤੇ ਸਾਡੀ ਆਪਸੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ । ਦੂਜੇ ਪਾਸੇ ਇਕੱਠ ‘ਚ ਬਹੁਤੇ ਲੋਕ ਇਹ ਵੀ ਗੱਲਾਂ ਕਰਦੇ ਸੁਣੇ ਜਾ ਰਹੇ ਸਨ ਕਿ ਪੁਲਿਸ ਦੁਕਾਨਦਾਰਾਂ ਨਾਲ ਧੱਕਾ ਕਿਉਂ ਕਰਦੀ ਹੈ । ਉਹ ਕਹਿ ਰਹੇ ਸਨ ਕਿ ਸ਼ਰਾਬ ਦਾ ਠੇਕਾ ਸ਼ਰੇਆਮ ਖੱੁਲਾ ਪਿਆ ਹੈ , ਪੁਲਿਸ ਇਸਨੂੰ ਕਿਉਂ ਨਹੀਂ ਬੰਦ ਕਰਵਾ ਰਹੀ । ਬਹੁਤੇ ਦੁਕਾਨਦਾਰ ਦੁੱਖੀ ਮਨ ਨਾਲ ਇਹ ਵੀ ਕਹਿ ਰਹੇ ਸਨ ਕਿ ਸਾਨੂੰ ਤਾਂ ਪਹਿਲਾਂ ਹੀ ਪੰਜ ਵਜੇ ਦੁਕਾਨਾਂ ਬੰਦ ਕਰਨ ਨਾਲ ਦੋ ਵਕਤ ਦੀ ਰੋਟੀ ਦਾ ਫਿਕਰ ਸਤਾ ਰਿਹਾ ਹੈ । ਲੋਕਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਵਰਤੀ ਜਾਣ ਵਾਲੀ ਗਲਤ ਸ਼ਬਦਾਵਲੀ ਦੀ ਥਾਂ ਆਮ ਲੋਕਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ । ਜਦ ਇਸ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ ।