ਦਿੱਲੀ ਹਾਰ ਨੂੰ ਲੈ ਕੇ ਕਾਂਗਰਸ ਵਿੱਚ ਕਾਟੋ ਕਲੇਸ਼

0
255

ਨਵੀਂ ਦਿੱਲੀ – ਆਵਾਜ ਬਿਊਰੋ
ਦਿੱਲੀ ਵਿੱਚ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤ ਸਕੀ ਅਤੇ 67 ਸੀਟਾਂ ਤੋਂ ਜਮਾਨਤ ਜਬਤ ਕਰਵਾ ਚੁੱਕੀ ਕਾਂਗਰਸ ਵਿੱਚ ਇਸ ਸ਼ਰਮਨਾਕ ਸਥਿਤੀ ਨੂੰ ਲੈ ਕੇ ਆਪਸੀ ਕਾਟੋ ਕਲੇਸ਼ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਵੱਡੇ ਅਤੇ ਛੋਟੇ ਨੇਤਾ ਇਸ ਹਾਰ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਲੜਾਈ ਵਿੱਚ ਉਲਝ ਗਏ ਹਨ। ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਅਤੇ ਗ੍ਰਹਿ ਮੰਤਰੀ ਪੀ ਚਿਦੰਬਰਮ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦੇਣ ਸਬੰਧੀ ਕੀਤੀ ਟਿੱਪਣੀ ਕਿ ਦਿੱਲੀ ਦੀ ਜਨਤਾ ਨੇ ਭਾਜਪਾ ਦੇ ਫੁੱਟ ਪਾਊ ਅਤੇ ਖਤਰਨਾਕ ਧਾਰਮਿਕ ਏਜੰਡੇ ਨੂੰ ਬੁਰੀ ਤਰ੍ਹਾਂ ਹਰਾ ਕੇ ਵਧੀਆ ਕੰਮ ਕੀਤਾ ਹੈ, ਨੂੰ ਲੈ ਕੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਦੀ ਪੁੱਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸ਼ਰਮੇਸ਼ਠਾ ਮੁਖਰਜੀ ਨੇ ਪੀ ਚਿਦੰਬਰਮ ਨੂੰ ਸਵਾਲ ਪੁੱਛਿਆ ਹੈ ਕਿ ਕੀ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਦਾ
ਠੇਕਾ ਹੁਣ ਖੇਤਰੀ ਪਾਰਟੀਆਂ ਨੂੰ ਸੌਂਪ ਦਿੱਤਾ ਹੈ? ਸ਼ਰਮੀਲਾ ਮੁਖਰਜੀ ਨੇ ਪੀ ਚਿਦੰਬਰਮ ਨੂੰ ਕਿਹਾ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਕਾਂਗਰਸ ਨੇ ਭਾਜਪਾ ਨੂੰ ਹਰਾਉਣ ਦਾ ਕੰਮ ਸੂਬੇ ਦੀਆਂ ਪਾਰਟੀਆਂ ਤੋਂ ਆਊਟ ਸੋਰਸ ਰਾਹੀਂ ਕਰਵਾਇਆ ਹੈ। ਜੇਕਰ ਨਹੀਂ ਤਾਂ ਸਾਨੂੰ  ਭਾਜਪਾ ਦੀ ਹਾਰ ਉੱਪਰ ਖੁਸ਼ੀਆਂ ਮਨਾਉਣ ਦੀ ਥਾਂ ਆਪਣੀ ਕਿੱਧਰੇ ਵੀ ਮੂੰਹ ਨਾ ਵਿਖਾਉਣ ਵਾਲੀ ਹਾਰ ਬਾਰੇ ਚਿੰਤਨ ਕਰਨਾ ਚਾਹੀਦਾ ਹੈ। ਸ਼ਰਮੇਸ਼ਠਾ ਨੇ ਕਿਹਾ ਕਿ ਜੇ ਅਸੀਂ ਆਪਣੀ ਹਾਰ ਦੀ ਚਿੰਤਾ ਕਰਨ ਦੀ ਥਾਂ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਭਾਜਪਾ ਦੀ ਹਾਰ ਦੇ ਹੀ ਜਸ਼ਨ ਮਨਾਉਣੇ ਹਨ ਤਾਂ ਸਾਨੂੰ ਦਿੱਲੀ ਕਾਂਗਰਸ ਕਮੇਟੀ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਪੀ ਚਿਦੰਬਰਮ ਨੇ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਇਹ ਵੀ ਕਿਹਾ ਸੀ ਕਿ ਇਸ ਜਿੱਤ ਨੇ 2021-22 ਵਿੱਚ ਹੋਰ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਉਦਾਹਰਣ ਪੇਸ਼ ਕੀਤੀ ਹੈ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਉੱਘੇ ਵਕੀਲ ਕਪਿਲ ਸਿਬਲ ਨੇ ਵੀ ਕਿਹਾ ਹੈ ਕਿ ਦਿੱਲੀ ਚੋਣਾਂ ਵਿੱਚ ਕਾਂਗਰਸ ਦੀ ਹਾਰ ਚਿੰਤਾਜਨਕ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਜੋ ਭਾਜਪਾ ਦੀ ਹਾਰ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਉਹ ਹੁਣ ਰੁਕੇਗਾ ਨਹੀਂ, ਨਾਲ ਹੀ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਕੋਲ ਪਾਰਟੀ ਨੂੰ ਪ੍ਰਾਜੈਕਟ ਕਰਨ ਲਈ ਕੋਈ ਮਜਬੂਤ ਨੇਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਗੰਭੀਰ ਮੁੱਦਾ ਹੈ ਜਿਸ ਨੂੰ ਛੇਤੀ ਹੱਲ ਕਰਨਾ ਜ਼ਰੂਰੀ ਹੈ। ਇਸੇ ਦੌਰਾਨ ਦਿੱਲੀ ਕਾਂਗਰਸ ਦੇ ਇੰਚਾਰਜ ਪੀ ਸੀ ਚਾਕੋ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਆਪਣੇ ਇਸ ਅਹੁਦੇ ਤੋਂ ਅਸਤੀਫਾ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਦਾ ਪਤਨ ਤਾਂ 2013 ਵਿੱਚ ਸ਼ੀਲਾ ਦੀਕਸ਼ਤ ਦੇ ਮੁੱਖ ਮੰਤਰੀ ਹੁੰਦਿਆਂ ਹੀ ਸ਼ੁਰੂ ਹੋ ਗਿਆ ਸੀ। ਚਾਕੋ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ ਕਾਂਗਰਸ ਦਾ ਸਾਰਾ ਵੋਟ ਬੈਂਕ ਖੋਹ ਲਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਿੱਲੀ ਵਿੱਚ ਕੋਈ ਅਜਿਹਾ ਕੰਮ ਹੀ ਨਹੀਂ ਕੀਤਾ, ਜਿਸ ਨਾਲ ਉਸ ਦਾ ਇਹ ਵੋਟ ਬੈਂਕ ਵਾਪਸ ਆ ਸਕਦਾ। ਚਾਕੋ ਨੇ ਕਿਹਾ ਕਿ ਕਾਂਗਰਸ ਦਾ ਪੱਕਾ ਵੋਟ ਬੈਂਕ ਗਰੀਬ ਲੋਕ ਹੁਣ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਬਣ ਗਿਆ ਹੈ।
ਇੱਥੇ ਜਿਕਰਯੋਗ ਹੈ ਕਿ 2015 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ਅਤੇ ਇਸ ਵਾਰ ਵੀ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹਿਆ ਹੈ। ਪੀ.ਸੀ. ਚਾਕੋ ਵੱਲੋਂ ਸ਼ੀਲਾ ਦੀਕਸ਼ਤ ਉੱਪਰ ਕਾਂਗਰਸ ਦੇ ਪਤਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਿਲੰਦ ਦੇਵੜਾ ਨੇ ਕਿਹਾ ਹੈ ਕਿ ਚਾਕੋ ਵੱਲੋਂ ਸਵ. ਸ਼ੀਲਾ ਦੀਕਸ਼ਤ ਨੂੰ ਕਾਂਗਰਸ ਦੇ ਪਤਨ ਲਈ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਸ਼ੀਲਾ ਦੀਕਸ਼ਤ ਕਾਂਗਰਸ ਦੀ ਹੀ ਨਹੀਂ, ਸਮੁੱਚੇ ਦੇਸ਼ ਦੀ ਹੋਣਹਾਰ ਮੁੱਖ ਮੰਤਰੀ ਸੀ। ਉਸ ਨੇ ਵਧੀਆ ਪ੍ਰਸ਼ਾਸਕ ਹੁੰਦਿਆਂ ਦਿੱਲੀ ਦੀ ਤਸਵੀਰ ਬਦਲੀ ਅਤੇ ਉਸ ਦੇ ਕਾਰਨ ਕਾਂਗਰਸ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਹੋਈ।  ਮਿਲੰਦ ਦੇਵੜਾ ਨੇ ਕਿਹਾ ਕਿ ਇੱਕ ਅਕਾਲ ਚਲਾਣਾ ਕਰ ਗਏ ਆਗੂ ਬਾਰੇ ਇਸ ਤਰ੍ਹਾਂ ਦੀ ਸ਼ਰਮਨਾਕ ਬਿਆਨਬਾਜ਼ੀ ਕਾਂਗਰਸੀ ਸਿਧਾਤਾਂ ਦੇ ਉਲਟ ਹੈ।
ਇਸੇ ਤਰ੍ਹਾਂ ਸ਼ੀਲਾ ਦੀਕਸ਼ਤ ਦੇ ਨਜਦੀਕੀ ਰਹੇ ਕਾਂਗਰਸ ਨੇਤਾ ਪਵਨ ਖੇੜਾ ਨੇ ਵੀ ਚਾਕੋ ਉੱਪਰ ਹਮਲਾ ਕਰਦਿਆਂ ਕਿਹਾ ਕਿ ਜਦੋਂ 2013 ਵਿੱਚ ਕਾਂਗਰਸ ਹਾਰੀ ਸੀ ਤਾਂ ਉਦੋਂ ਦਿੱਲੀ ਵਿੱਚ ਕਾਂਗਰਸ ਨੂੰ 24.55 ਫੀਸਦੀ ਵੋਟ ਮਿਲੇ ਸਨ। ਸ਼ੀਲਾ ਦੀਕਸ਼ਤ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਮਲ ਨਹੀਂ ਸੀ, ਉਦੋਂ ਸਾਡਾ ਦਿੱਲੀ ਦਾ ਕਾਂਗਰਸੀ ਵੋਟ ਬੈਂਕ ਸਿਰਫ 9.7 ਫੀਸਦੀ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ 2019 ਵਿੱਚ ਸ਼ੀਲਾ ਦੀਕਸ਼ਤ ਨੇ ਮੁੜ ਦਿੱਲੀ ਕਾਂਗਰਸ ਦੀ ਕਮਾਂਡ ਸੰਭਾਲੀ ਤਾਂ ਦਿੱਲੀ ਵਿੱਚ ਕਾਂਗਰਸ ਦਾ ਵੋਟ 22.46 ਫੀਸਦੀ ਹੋ ਗਿਆ ਸੀ।