ਤੇਜ਼ ਝੱਖੜ ਕਾਰਨ ਬਿਜਲੀ ਦੀ ਸਪਲਾਈ ਬੁਰੀ ਤਰਾਂ ਪ੍ਰਭਾਵਿਤ, ਪਸ਼ੂਆਂ ਦੇ ਸ਼ੈੱਡ ਉੱਡ

0
213

ਗੱਗੋਮਾਹਲ ਸਤਵਿੰਦਰ ਸਿੰਘ ਖਾਲਸਾ
ਬੀਤੀ ਰਾਤ ਤੇਜ਼ ਝੱਖੜ ਤੇ ਵਰਖਾ ਕਾਰਣ ਵੱਡੀ ਗਿਣਤੀ ਵਿੱਚ ਦਰੱਖਤ,ਬਿਜਲੀ ਦੇ ਖੰਭੇ,ਟਰਾਂਸਫਾਰਮਰ ਤੇ ਪਸ਼ੂਆਂ ਦੇ ਸ਼ੈੱਡ ਡਿੱਗ ਗਏ।ਤੇਜ਼ ਹਨੇਰੀ ਕਾਰਨ ਜਿੱਥੇ ਦਰੱਖਤ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਹੀ ਬਿਜਲੀ ਦੀਆਂ ਲਾਈਨਾਂ ਉਪਰ ਇਹਨਾਂ ਦਰੱਖਤਾਂ ਦੇ ਡਿੱਗਣ ਨਾਲ ਸਰਹੱਦੀ ਖੇਤਰ ਅੰਦਰ ਬਿਜਲੀ ਦੀ ਸਪਲਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਤੇ ਸਾਰੇ ਪਾਸੇ ਹਨੇਰਾ ਛਾ ਗਿਆ।ਇਸ ਮੌਕੇ ਭਾਂਵੇ ਹੋਈ ਵਰਖਾ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵੇਖਣ ਨੂੰ ਮਿਲੀ ਤੇ ਗਰਮੀ ਦੀ ਤਪਸ਼ ਤੋਂ ਵੀ ਰਾਹਤ ਮਿਲੀ।ਪਰ ਨਾਲ ਹੀ ਬਿਜਲੀ ਦੇ ਚਲੇ ਜਾਣ ਕਾਰਣ ਲੋਕਾਂ ਦੇ ਘਰਾਂ ਦੀਆਂ ਪਾਣੀਆਂ ਵਾਲੀਆਂ ਟੈਂਕੀਆਂ,ਵਾਟਰ ਸਪਲਾਈ ਬੰਦ ਹੋਣ ਦੀ ਸਮੱਸਿਆ ਨਾਲ ਜੂਝਣਾ ਪਿਆ।ਘਰਾਂ ਦੇ ਇੰਨਵਰਟਰ ਬੈਟਰੇ ਖਤਮ ਹੋਣ ਨਾਲ ਬਜ਼ੁਰਗ ਤੇ ਬੱਚਿਆਂ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਕਿਉਂਕਿ ਪਾਵਰ ਕਾਮ ਦੇ ਮੁਲਾਜ਼ਮਾਂ ਦੀ ਵੱਡੀ ਮੁਸ਼ਕਤ ਦੇ ਬਾਵਜੂਦ ਵੀ ਬਿਜਲੀ ਦੀ ਸਪਲਾਈ ਨਿਰੰਤਰ ਚਾਲੂ ਨਹੀਂ ਹੋ ਸਕੀ।ਪਾਵਰਕਾਮ ਦੇ ਅਧਿਕਾਰੀਆਂ ਮੁਤਾਬਿਕ ਬਿਜਲੀ ਦੀ ਸਪਲਾਈ ਠੀਕ ਹੋਣ ਲਈ ਕੁਝ ਦਿਨ ਲੱਗ ਸਕਦੇ ਹਨ ਕਿਉਂਕਿ ਤੇਜ਼ ਹਨੇਰੀ ਕਾਰਣ ਲਾਈਨਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।ਖੇਤਾਂ ਵਿੱਚ ਪਸ਼ੂਆਂ ਦਾ ਚਾਰਾ ਵੀ ਬੁਰੀ ਤਰਾਂ ਧਰਤੀ ਤੇ ਵਿਛ ਗਿਆ।ਇਸਦੇ ਦੌਰਾਨ ਕਸਬਾ ਗੱਗੋਮਾਹਲ ਦੇ ਜਰਮਨਜੀਤ ਸਿੰਘ ਪੁੱਤਰ ਬਚਨ ਸਿੰਘ ਵੱਲੋਂ ਪਸ਼ੂਆਂ ਲਈ ਬਣਾਇਆ ਹੋਇਆ ਸ਼ੈੱਡ ਵੀ ਹਨੇਰੀ ਨਾਲ ਢਹਿ ਗਿਆ ਤੇ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।