ਤਿਉਹਾਰੀ ਖੁਸ਼ੀਆਂ ਗਰੀਬਾਂ ਦੇ ਘਰਾਂ ਅਤੇ ਮਨਾਂ ’ਚ ਰੌਸ਼ਨੀਆਂ ਕਰਕੇ ਮਨਾਈਆਂ ਜਾਣ : ਮੋਦੀ

0
198

ਬਹੁ-ਬੇਟੀਆਂ ਨੂੰ ਉਤਸ਼ਾਹ ਦੇਣ ਅਤੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਣ ਦੀ ਅਪੀਲ
ਨਵੀਂ ਦਿੱਲੀ – ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਪਹਿਲੀ ਅਤੇ ਦੂਸਰੀ ਵਾਰ ਸਰਕਾਰ ਬਣਨ ਦੌਰਾਨ ਚੌਥੀ ਮਨ ਕੀ ਬਾਤ ਪੋ੍ਰਗਰਾਮ ਵਿੱਚ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਦੋਂ ਦੇਸ਼ ਵਿੱਚ ਨਵਰਾਤਰਿਆਂ ਦੀ ਸ਼ੁਰੂਆਤ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਦਾ ਆਰੰਭ ਹੋ ਰਿਹਾ ਹੈ ਤਾਂ ਸਾਨੂੰ ਸਭ ਨੂੰ ਆਪਣੀਆਂ ਇਹ ਖੁਸ਼ੀਆਂ ਆਪਣੇ ਤੋਂ ਕਮਜ਼ੋਰ ਗਰੀਬ ਲੋਕਾਂ ਨਾਲ ਸਾਂਝੀਆਂ ਕਰਕੇ ਮਨਾਉਣੀਆਂ ਚਾਹੀਦੀਆਂ ਹਨ। ਮੋਦੀ ਨੇ ਕਿਹਾ ਕਿ ਅਸੀਂ ਆਪਣੀ ਹਰ ਖੁਸ਼ੀ ਗਰੀਬਾਂ ਦੇ ਘਰਾਂ ਅਤੇ ਉਨ੍ਹਾਂ ਦੇ ਮਨਾਂ ਵਿੱਚ ਰੌਸ਼ਨੀ ਵਧਾ ਕੇ ਮਨਾਵਾਂਗੇ, ਤਾਂ ਇਨ੍ਹਾਂ ਖੁਸ਼ੀਆਂ ਦਾ ਅਨੰਦ ਅਤੇ ਮਹੱਤਤਾ ਦੁੱਗਣੀ-ਚੌਗੁਣੀ ਹੋ ਜਾਵੇਗੀ। ਮੋਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਣਗਿਣਤ ਤਿਉਹਾਰ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸਾਡੇ ਆਲੇ-ਦੁਆਲਾ ਅਣਗਿਣਤ ਲੋਕ ਹਨ, ਜੋ ਇਨ੍ਹਾਂ ਤਿਉਹਾਰੀ ਖੁਸ਼ੀਆਂ ਤੋਂ ਦੂਰ ਰਹਿ ਜਾਂਦੇ ਹਨ। ਮੋਦੀ ਨੇ ਕਿਹਾ ਕਿ ਇੱਕ ਪਾਸੇ ਕੁਝ ਘਰ ਰੌਸ਼ਨੀਆਂ ਨਾਲ ਜਗਮਗਾਉਦੇ ਹਨ ਅਤੇ ਦੂਸਰੇ ਪਾਸੇ ਅਣਗਿਣਤ ਲੋਕਾਂ ਦੇ ਘਰਾਂ ਵਿੱਚ ਹਨ੍ਹੇਰਾ ਛਾਇਆ ਹੁੰਦਾ ਹੈ। ਅਨੇਕਾਂ ਘਰਾਂ ਵਿੱਚ ਮਠਿਆਈਆਂ ਖਰਾਬ ਹੋ ਰਹੀਆਂ ਹੁੰਦੀਆਂ ਹਨ ਅਤੇ ਅਨੇਕਾਂ ਘਰਾਂ ਦੇ ਲੋਕ, ਬੱਚੇ, ਮਠਿਆਈਆਂ ਨੂੰ ਤਰਸਦੇ ਰਹਿੰਦੇ ਹਨ। ਮੋਦੀ ਨੇ ਕਿਹਾ ਕਿ ਇਹ ਸਥਿਤੀ ਦੀਵੇ ਹੇਠ ਹਨੇ੍ਹੇਰੇ ਵਾਲੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਤਿਉਹਾਰੀ ਖੁਸ਼ੀਆਂ ਦਾ ਆਨੰਦ ਤਾਂ ਹੀ ਵਧੇਗਾ, ਜੇਕਰ ਅਸੀਂ ਹੋਰ ਲੋੜਵੰਦ ਲੋਕਾਂ ਦੇ ਘਰਾਂ ਵਿੱਚ ਵੀ ਖੁਸ਼ੀਆਂ ਦਾ ਵਾਧਾ ਕਰਾਂਗੇ। ਪ੍ਰਧਾਨ ਮੰਤਰੀ ਨੇ ਦੀਵਾਲੀ ਨੂੰ ਖੁਸ਼ਕਿਸਮਤੀ ਅਤੇ ਖੁਸ਼ਹਾਲੀ ਦੀ ਪ੍ਰਤੀਕ ਕਰਾਰ ਦਿੰਦਿਆਂ ਕਿਹਾ ਕਿ ਇਸ ਵਾਰ ਦੀ ਦੀਵਾਲੀ ਧੀਆਂ ਨੂੰ ਲਕਸ਼ਮੀ ਸਮਝ ਕੇ ਮਨਾਈ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਆਲੇ-ਦੁਆਲੇ ਬਹੁਤ ਬਹੁ-ਬੇਟੀਆਂ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਚੰਗੇ ਕੰਮ ਕਰ ਕੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਮੋਦੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਅਧਿਆਪਕ,. ਕੋਈ ਸਿਆਸੀ ਲੀਡਰ ਬਣ ਕੇ ਸਮਾਜ ਦੀ ਸੇਵਾ ਕਰ ਰਹੀ ਹੋਵੇਗੀ। ਮੋਦੀ ਨੇ ਕਿਹਾ ਕਿ ਇਸ ਦੀਵਾਲੀ ਮੌਕੇ ਇਨ੍ਹਾਂ ਸਭ ਬਹੁ-ਬੇਟੀਆਂ ਦਾ ਸਨਮਾਨ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸੈਲਫੀਆਂ ਭਾਰਤ ਦੀ ਲਕਸ਼ਮੀ ਨਾਂ ਨਾਲ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ ਜਾਵੇ। ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ‘ਧੀ ਨਾਲ ਸੈਲਫੀ’ ਮੁਹਿੰਮ ਚਲਾਈ ਸੀ, ਉਸੇ ਤਰ੍ਹਾਂ ਹੀ ਭਾਰਤ ਦੀ ਲਕਸ਼ਮੀ ਮੁਹਿੰਮ ਨੂੰ ਅੱਗੇ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਈ-ਸਿਗਰਟ ਉੱਪਰ ਇਸੇ ਲਈ ਪਾਬੰਦੀ ਲਗਾਈ ਹੈ, ਕਿ ਸਾਡੇ ਨੌਜਵਾਨ ਅਤੇ ਬੱਚੇ ਈ-ਸਿਗਰਟ ਨੂੰ ਆਪਣੀ ਸ਼ਾਨ ਸਮਝ ਕੇ ਇਸ ਦੀ ਵਰਤੋ ਕਰ ਰਹੇ ਹਨ। ਮੋਦੀ ਨੇ ਇਸ ਮੌਕੇ ਦੇਸ਼ ਵਿੱਚੋਂ ਪਲਾਸਟਿਕ ਦੀ ਬੁਰਾਈ ਨੂੰ ਖਤਮ ਕਰਨ ਉੱਪਰ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਪਲਾਸਟਿਕ ਕੂੜਾ-ਕਚਰਾ ਖਤਮ ਕਰਨ ਦੀ ਰਿਪੁਦਮਨ ਨਾਂ ਦੇ ਨੌਜਵਾਨ ਵੱਲੋਂ ਆਰੰਭੀ ਮੁਹਿੰਮ ਹਰ ਨਾਗਰਿਕ ਅਪਣਾਵੇ।