ਟਿਕਰੀ ਬਾਰਡਰ ’ਤੇ ਮੈਡੀਕਲ ਕੈਂਪ ਲਗਾਇਆ

0
68

ਗੋਨਿਆਣਾ ਸੱਤਪਾਲ ਬਾਂਸਲ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਉੱਪਰ ਧੱਕੇ ਨਾਲ ਥੋਪੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ, ਮਜ਼ਦੂਰ ਅਤੇ ਹਰ ਵਰਗ ਦੇ ਲੋਕ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਵਿਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪੱਕੇ ਮੋਰਚੇ ਲਗਾਈ ਬੈਠੇ ਹਨ। ਕਿਰਤੀ ਲੋਕਾਂ ਦੇ ਹੱਕ ਵਿਚ ਸਮਾਜਿਕ, ਧਾਰਮਿਕ, ਬੁੱਧੀਜੀਵੀ ਕਲਾਕਾਰ, ਰੰਗਮੰਚ, ਫਿਲਮ ਅਦਾਕਾਰ, ਕਲਮਕਾਰ, ਜੱਜ , ਵਕੀਲ ਗੱਲ ਕੀ ਹਰ ਵਰਗ ਦੇ ਲੋਕ ਪੂਰਨ ਸਹਿਯੋਗ ਦੇ ਰਹੇ ਹਨ। ਇਸ ਲੜੀ ਤਹਿਤ ਪ੍ਰੋ: ਐਸ.ਪੀ.ਐਸ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਕਿਸਾਨ ਅੰਦੋਲਨ ਤੱਕ ਪਹੁੰਚਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਲੀ ਵਿਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ । ਟਿਕਰੀ ਬਾਰਡਰ ਦਿੱਲੀ ਵਿਚ ਚੱਲ ਰਹੇ ਅੰਦੋਲਨ ਵਿੱਚ ਕਿਸਾਨਾਂ ਮਜ਼ਦੂਰਾਂ ਲਈ ਮੁਫ਼ਤ ਮੈਡੀਕਲ ਕੈਂਪ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ਼੍ਰੀ ਮੁਕਤਸਰ ਸਾਹਿਬ ਟੀਮ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਮੰਡੀ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਮੈਡੀਕਲ ਕੈਂਪ ਵਿੱਚ ਭਰਵੀਂ ਹਾਜ਼ਰੀ ਲਵਾ ਰਹੇ ਹਨ । ਇਸ ਸਬੰਧੀ ਡਾ. ਜਗਸੀਰ ਸਿੰਘ ਜੀਦਾ ਅਤੇ ਡਾ. ਗੁਰਤੇਜ ਸਿੰਘ ਜੀਦਾ ਨੇ ਦੱਸਿਆ ਕਿ ਦਿੱਲੀ ਦੇ ਬਾਰਡਰਾਂ ਤੇ ਪੱਕੇ ਮੋਰਚੇ ਤੇ ਬੈਠੇ ਕਿਸਾਨ ਜ਼ਿਆਦਾਤਰ ਬਜ਼ੁਰਗ ਪੇਟ ਦੀ ਬਿਮਾਰੀ ਅਤੇ ਵਾਇਰਲ ਬੁਖਾਰ ਤੋਂ ਪੀੜਤ ਹਨ। ਉਨ੍ਹਾਂ ਨੂੰ ਕੈਂਪ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਟਿਕਰੀ, ਸਿੰਘੂ ਅਤੇ ਹੋਰ ਬਾਰਡਰਾਂ ਉੱਪਰ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਮੰਡੀ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਇਨ੍ਹਾਂ ਕੈਂਪਾਂ ਵਿਚ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਸ਼ਿਰਕਤ ਕਰਨਗੀਆਂ । ਜੋ ਇਨ੍ਹਾਂ ਕੈਂਪਾਂ ਵਿੱਚ ਪੰਜ- ਪੰਜ ਦਿਨ ਰਹਿ ਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਬੜਾ ਸਕੂਨ ਮਿਲਦਾ ਹੈਂ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕਾਂ ਲਈ ਪੱਕੇ ਮੋਰਚੇ ਲਗਾਈ ਬੈਠੇ ਲੋੜਵੰਦ ਕਿਰਤੀ ਲੋਕਾਂ ਦੀ ਸੇਵਾ ਕਰਨ ਦਾ।