ਜਿਨਪਿੰਗ ਅਤੇ ਓਲੀ ਖਤਰੇ ਵਿੱਚ

0
248

ਬੀਜਿੰਗ/ਕਾਠਮੰਡੂ ਆਵਾਜ਼ ਬਿਊਰੋ
ਭਾਰਤ ਦੇ ਕਈ ਖੇਤਰਾਂ ਦੀ ਜਮੀਨ ਉੱਪਰ ਆਪਣਾ ਹੱਕ ਜਿਤਾ ਕੇ ਕਬਜ਼ੇੇ ਕਰਨ ਦੀਆਂ ਸਰਗਰਮੀਆਂ ਵਿੱਚ ਰੁਝੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਪੈਰਾਂ ਹੇਠੋਂ ਆਪਣੀ ਜਮੀਨ ਖਿਸਕ ਰਹੀ ਹੈ। ਸੂਚਨਾ ਹੈ ਕਿ ਸ਼ੀ ਜਿਨਪਿੰਗ ਕੋਰੋਨਾ ਦੇ ਹਾਲਾਤਾਂ ਕਾਰਨ ਦੇਸ਼ ਦੀ ਖਰਾਬ ਹੋਈ ਅਰਥ ਵਿਵਸਥਾ, ਦੇਸ਼ ਦੇ ਸਿਆਸੀ ਅਤੇ ਕੂਟਨੀਤਕ ਪੱਧਰ ’ਤੇ ਵਿਗੜੇ ਹਾਲਾਤਾਂ ਦੌਰਾਨ ਆਪਣੇ ਸਰਵੇ ਸਰਵਾ ਹੋਣ ਦੇ ਮਾਮਲੇ ਵਿੱਚ ਸੰਕਟ ਵਿੱਚ ਘਿਰੇ ਹੋਏ ਹਨ। ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਸ਼ੀ ਜਿਨਪਿੰਗ ਨੇ ਰਾਸ਼ਟਰਪਤੀ ਬਣੇ ਰਹਿਣ ਦੀ ਆਪਣੀ ਮਿਆਦ ਭਾਵੇਂ ਲੰਬੇ ਸਮੇਂ ਤੱਕ ਲਈ ਵਧਾ ਲਈ ਹੈ, ਪਰ ਇਸ ਦੌਰਾਨ ਵਿਰੋਧੀ ਧਿਰਾਂ ਦੇ ਲੀਡਰ ਸ਼ੀ ਜਿਨਪਿੰਗ ਦੇ ਸੁਪਰੀਮ ਲੀਡਰ ਹੋਣ ਨੂੰ ਲੈ ਕੇ ਸਵਾਲ ਉਠਾਉਣ ਲੱਗੇ ਹਨ। ਸ਼ੀ ਜਿਨਪਿੰਗ ਦਾ ਸੱਤਾਧਾਰੀ ਕਮਿਊਨਿਸਟ ਪਾਰਟੀ ਉੱਪਰ ਮਜਬੂਤ ਕੰਟਰੋਲ ਹੈ, ਜਿਸ ਕਾਰਨ ਦੇਸ਼ ਦੀ ਹਰ ਪੱਖੋਂ ਹਾਲਤ ਖਰਾਬ ਹੋ ਰਹੀ ਹੈ, ਜਿਸ ਕਾਰਨ ਰਾਸ਼ਟਰਪਤੀ ਦੇ ਹੱਥੋਂ ਚੀਨ ਦੇ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ।
ਕੋਰੋਨਾ ਅਤੇ ਅਮਰੀਕਾ ਨਾਲ ਕਾਰੋਬਾਰੀ ਜੰਗ ਦੇ ਚੱਲਦਿਆਂ ਚੀਨ ਨੂੰ ਪੱਛਮੀ ਦੇਸ਼ਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦੇਸ਼ ਪਹਿਲਾਂ ਚੀਨ ਦੇ ਨਾਲ ਸਨ, ਪਰ ਮੌਜੂਦਾ ਸਮੇਂ ਚੀਨ ਦੇ ਬਦਲੇ ਵਰਤ ਵਿਹਾਰ ਨੂੰ ਦੇਖ ਕੇ ਇਹ ਚੀਨ ਤੋਂ ਦੂਰ ਹੋ ਗਏ ਹਨ। ਸ਼ੀ ਜਿਨਪਿੰਗ ਵੱਲੋਂ ਪਾਕਿਸਤਾਨ ਨਾਲ ਮਿਲ ਕੇ ਬਣਾਇਆ ਜਾ ਰਿਹਾ ਇੱਕ ਬਹੁੁੱਪੱਖੀ ਰੋਡ ਪਰਾਜੈਕਟ ਵੀ ਉਸ ਦੀ ਵਿਰੋਧਤਾ ਦਾ ਕਾਰਨ ਬਣਿਆ ਹੈ। ਇਸ ਤੋਂ ਇਲਾਵਾ ਚੀਨ ਵੱਲੋਂ ਆਪਣੀ ਤਾਕਤ ਦੇ ਹੰਕਾਰ ਵਿੱਚ ਗਵਾਂਢੀਆਂ ਨੂੰ ਧਮਕੀਆਂ ਦੇਣ ਅਤੇ ਭਾਰਤ ਨਾਲ ਸਰਹੱਦੀ ਝਗੜਾ ਮੁੱਲ ਲੈਣ ਨੂੰ ਲੈ ਕੇ ਵੀ ਸ਼ੀ ਜਿਨਪਿੰਗ ਅਲੋਚਨਾ ਦੇ ਸ਼ਿਕਾਰ ਹੋ ਰਹੇ ਹਨ। ਸਭ ਤੋਂ ਵੱਡਾ ਮਸਲਾ ਜੋ ਸ਼ੀ ਜਿਨਪਿੰਗ ਦੀ ਗਲੇ ਦੀ ਹੱਡੀ ਬਣਿਆ ਹੈ, ਉਹ ਹਾਂਗਕਾਂਗ ਉੱੁਪਰ ਕਬਜਾ ਕਰਨ ਦੀ ਮੁਹਿੰਮ ਹੈ। ਹਾਂਗਕਾਂਗ ਦੇ ਲੋਕਾਂ ਵੱਲੋਂ ਚੀਨ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਕੀਤੀ ਜਾ ਰਹੀ ਜੋਰਦਾਰ ਵਿਰੋਧਤਾ ਨੇ ਸ਼ੀ ਜਿਨਪਿੰਗ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਵੱਡੀ ਪੱਧਰ ’ਤੇ ਇੱਕ ਤਰ੍ਹਾਂ ਨਾਲ ਡੇਗ ਦਿੱਤਾ ਹੈ।
ਇਸ ਸਥਿਤੀ ਵਿੱਚ ਸ਼ੀ ਜਿਨਪਿੰਗ ਵੱਲੋਂ ਚੀਨ ਦੇ ਲੋਕਾਂ ਦੀ ਨਜ਼ਰ ਵਿੱਚ ਅਤੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਆਪਣੀ ਹੋਂਦ ਬਚਾਈ ਅਤੇ ਬਣਾਈ ਰੱਖਣਾ ਵੱਡੀ ਚੁਣੌਤੀ ਬਣ ਗਈ ਹੈ। ਦੂਸਰੇ ਪਾਸੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਦਾ ਵੀ ਦੇਸ਼ ਵਿੱਚ ਜੋਰਦਾਰ ਵਿਰੋਧ ਹੋਣ ਕਾਰਨ ਉਸ ਦੀ ਵੀ ਕੁਰਸੀ ਡਾਵਾਂਡੋਲ ਹੋ ਗਈ ਹੈ। ਕੇ.ਪੀ. ਸ਼ਰਮਾ ਓਲੀ ਅੱਜ ਸਾਰੀ ਦਿਹਾੜੀ ਕੁਰਸੀ ਬਚਾਈ ਰੱਖਣ ਲਈ ਇੱਧਰ-ਉੱਧਰ ਭੱਜਦੌੜ ਕਰਦੇ ਰਹੇ। ਅਗਲੇ 24 ਘੰਟੇ ਕੇ.ਪੀ. ਸ਼ਰਮਾ ਓਲੀ ਲਈ ਫੈਸਲਾਕੁੰਨ ਹਨ। ਆਪਣੀ ਕੁਰਸੀ ਬਚਾਉਣ ਲਈ ਉਹ ਪਾਰਟੀ ਨੂੰ ਦੋ ਧੜਿਆਂ ਵਿੱਚ ਵੰਡ ਦੇਣਗੇ ਜਾਂ ਇੱਜਤ ਬਚਾਉਣ ਲਈ ਅਸਤੀਫਾ ਦੇ ਦੇਣਗੇ, ਇਸ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀਆਂ ਨਜ਼ਰਾਂ ਓਲੀ ਦੀਆਂ ਹਰਕਤਾਂ ਉੱਪਰ ਟਿਕੀਆਂ ਹੋਈਆਂ ਹਨ। ਓਲੀ ਵੱਲੋਂ ਭਾਰਤ ਨੂੰ ਚੁਣੌਤੀ ਦੇਣ ਦੌਰਾਨ ਚੀਨ ਨਾਲ ਵਧਾਈ ਜਾ ਰਹੀ ਨੇੜਤਾ ਦੇ ਮਾਮਲੇ ਵਿੱਚ ਉਸ ਦਾ ਨੇਪਾਲ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵੀ ਇਸ ਮਾਮਲੇ ਵਿੱਚ ਦੋਫਾੜ ਹੋ ਗਈ ਹੈ। ਇਸੇ ਕਾਰਨ ਕੇ.ਪੀ.ਸ਼ਰਮਾ ਓਲੀ ਨੇ ਅੱਜ ਆਪਣੇ ਸਾਰੇ ਮੰਤਰੀਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਪੁੱਛਿਆ ਕਿ ਦੱਸੋ ਤੁਸੀਂ ਕਿਸ ਨਾਲ ਹੋ? ਸੂਚਨਾ ਹੈ ਕਿ ਕਈ ਮੰਤਰੀਆਂ ਨੇ ਇਸ ਮਾਮਲੇ ਵਿੱਚ ਓਲੀ ਦੇ ਹੱਕ ਵਿੱਚ ਹੁੰਗਾਰਾ ਨਹੀਂ ਭਰਿਆ। ਇਸੇ ਦੌਰਾਨ ਓਲੀ ਨੇ ਅੱਜ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਵੀ ਮੁਲਾਕਾਤ ਕੀਤੀ। ਸੂਚਨਾ ਹੈ ਕਿ ਓਲੀ ਨੇ ਰਾਸ਼ਟਰਪਤੀ ਨੂੰ ਵੀ ਭੜਕਾਇਆ ਕਿ ਉਨ੍ਹਾਂ ਦਾ ਵਿਰੋਧ ਕਰ ਰਹੇ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਪੁਸ਼ਪ ਕਮਲ ਦਹਿਲ ਪ੍ਰਚੰਡ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰਪਤੀ ਵਿਰੁੱਧ ਵੀ ਬੇਵਿਸ਼ਵਾਸੀ ਦਾ ਮਤਾ ਲਿਆਉਣ ਵਾਲੇ ਹਨ। ਓਲੀ ਦੀ ਇਸ ਸ਼ਰਾਰਤ ਦਾ ਤੁਰੰਤ ਨੋਟਿਸ ਲੈਂਦਿਆਂ ਪ੍ਰਚੰਡ ਨੇ ਖੁਦ ਰਾਸ਼ਟਰਪਤੀ ਭਵਨ ਜਾ ਕੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨਾਲ ਮੁਲਾਕਾਤ ਕਰਕੇ ਉਸ ਨੂੰ ਦੱਸਿਆ ਕਿ ਓਲੀ ਵੱਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਪ੍ਰਚੰਡ ਨੇ ਇਹ ਵੀ ਕਿਹਾ ਕਿ ਅਸੀਂ ਓਲੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਾਂ, ਪਰ ਰਾਸ਼ਟਰਪਤੀ ਉੱਪਰ ਸਾਨੂੰ ਪੂਰਾ ਭਰੋਸਾ ਹੈ।ਪ੍ਰਚੰਡ ਨੇ ਇਸੇ ਦੌਰਾਨ ਓਲੀ ਨੂੰ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਨਹੀਂ ਤਾਂ ਉਹ ਕਮਿਊਨਿਸਟ ਪਾਰਟੀ ਨੂੰ ਭੰਗ ਕਰ ਦੇਣਗੇ। ਇਹ ਵੀ ਸੂਚਨਾ ਹੈ ਕਿ ਨੇਪਾਲ ਦੀ ਮੁੱਖ ਵਿਰੋਧੀ ਪਾਰਟੀ ਨੇਪਾਲੀ ਕਾਂਗਰਸ ਦੇ ਮੁੱਖੀ ਸ਼ੇਰ ਬਹਾਦਰ ਦਿਓਬਾ ਨੇ ਵੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਮੀਟਿੰਗ ਕਰਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਭੰਗ ਹੋਣ ’ਤੇ ਜਾਂ ਓਲੀ ਦੀ ਕੁਰਸੀ ਨੂੰ ਖਤਰਾ ਪੈਦਾ ਹੋਣ ’ਤੇ ਕਾਂਗਰਸ ਵੱਲੋਂ ਉਸ ਦਾ ਹੱਥ ਫੜ ਲੈਣ ਦਾ ਭਰੋਸਾ ਦਿਵਾਇਆ ਹੈ। ਇਹ ਵੀ ਸੂਚਨਾ ਹੈ ਕਿ ਦਿਓਬਾ ਵੱਲੋਂ ਓਲੀ ਨੂੰ ਸੰਕਟ ਸਮੇਂ ਮੱਦਦ ਦੇਣ ਦਾ ਨੇਪਾਲੀ ਕਾਂਗਰਸ ਵਿੱਚ ਵੀ ਜੋਰਦਾਰ ਵਿਰੋਧ ਹੋ ਗਿਆ ਹੈ। ਨੇਪਾਲੀ ਕਾਂਗਰਸ ਦੇ ਕਈ ਆਗੂ ਸ਼ੇਰ ਬਹਾਦਰ ਦਿਓਬਾ ਨਾਲ ਵਿਰੋਧ ਕਰਦੇ ਹੋਏ ਉਸ ਤੋਂ ਸਪੱਸ਼ਟੀਕਰਨ ਮੰਗਣ ਲੱਗੇ ਹਨ। ਦਿਓਬਾ ਲਈ 6 ਜੁਲਾਈ ਸੋੋਮਵਾਰ ਦਾ ਦਿਨ ਮਹੱਤਵਪੂਰਨ ਹੈ। ਪਾਰਟੀ ਦੀ ਸਥਾਈ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਓਲੀ ਦੇ ਭਵਿੱਖ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ। ਕਮਿਊਨਿਸਟ ਪਾਰਟੀ ਦੀ ਸਥਾਈ ਕਮੇਟੀ ਦੇ 45 ਮੈਂਬਰ ਹਨ, ਜਿਨ੍ਹਾਂ ਵਿੱਚੋਂ ਸਿਰਫ 14 ਓਲੀ ਦੇ ਹਮਾਇਤੀ ਹਨ। ਨੇਪਾਲ ਸਦਨ ਵਿੱਚ 275 ਮੈਂਬਰ ਹਨ, ਸੱਤਾਧਾਰੀ ਨੈਸ਼ਨਲ ਕਮਿਊਨਿਸਟ ਪਾਰਟੀ ਕੋਲ 174 ਸੀਟਾਂ ਹਨ। ਨੇਪਾਲੀ ਕਾਂਗਰਸ ਤੋਂ 63 ਸੀਟਾਂ ਹਨ। ਕੁੱਝ ਸਮਾਂ ਪਹਿਲਾਂ ਬਣੀ ਜਨਤਾ ਸਮਾਜਵਾਦੀ ਪਾਰਟੀ ਕੋਲ 34 ਸੀਟਾਂ ਹਨ। 4 ਆਜ਼ਾਦ ਉਮੀਦਵਾਰ ਹਨ ਅਤੇ ਇਹ ਚਾਰੇ ਹੀ ਸਦਨ ਤੋਂ ਮੁਲਤਵੀ ਕੀਤੇ ਹੋਏ ਹਨ। ਇੱਕ ਸੰਸਦ ਮੈਂਬਰ ਦੀ ਮੌਤ ਹੋ ਚੁੱਕੀ ਹੈ। ਬਹੁਮਤ ਵਿੱਚ ਸਰਕਾਰ ਬਣਾਈ ਰੱਖਣ ਲਈ ਸਦਨ ਦੇ 136 ਮੈਂਬਰਾਂ ਦੀ ਹਮਾਇਤ ਜ਼ਰੂਰੀ ਹੈ। ਓਲੀ ਆਪਣੀ ਕੁਰਸੀ ਬਚਾਈ ਰੱਖਣ ਲਈ ਪਾਰਟੀ ਵਿੱਚ ਫੁੱਟ ਪਾਉਂਦੇ ਹਨ, ਕਾਂਗਰਸ ਇੱਕਜੁਟ ਹੋ ਕੇ ਉਸ ਦੀ ਹਮਾਇਤ ਵਿੱਚ ਆਉਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਬਣੇ ਰਹਿ ਸਕਦੇ ਹਨ। ਜੇਕਰ ਕਾਂਗਰਸ ਦਿਓਬਾ ਦੇ ਓਲੀ ਨੂੰ ਹਮਾਇਤ ਦੇਣ ਦੇ ਵਾਅਦੇ ਦਾ ਵਿਰੋਧ ਕਰਦੀ ਹੈ ਤਾਂ ਮਾਧਵ ਕੁਮਾਰ ਅਤੇ ਪ੍ਰਚੰਡ ਦੇ ਧੜੇ ਨੂੰ 42 ਸੰਸਦ ਮੈਂਬਰਾਂ ਦੀ ਹਮਾਇਤ ਮਿਲ ਜਾਂਦੀ ਹੈ ਤਾਂ ਓਲੀ ਦੀ ਕੁਰਸੀ ਜਾ ਸਕਦੀ ਹੈ। ਇਸੇ ਦੌਰਾਨ ਇਹ ਵੀ ਸੂਚਨਾ ਹੈ ਕਿ ਓਲੀ ਅਤੇ ਪ੍ਰਚੰਡ ਵਿਚਾਲੇ ਵੀ ਮੁਲਾਕਾਤ ਹੋਈ ਹੈ। ਅੱਧੇ ਘੰਟੇ ਤੱਕ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ। ਦੋਵਾਂ ਵਿਚਾਲੇ ਕੱਲ੍ਹ ਫਿਰ ਮੀਟਿੰਗ ਹੋਵੇਗੀ। ਦੋਵੇਂ ਆਪੋ ਆਪਣੇ ਸਟੈਂਡ ਤੇ ਅੜੇ ਹੋਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ਸੁਲ੍ਹਾ ਸੰਭਵ ਨਹੀਂ ਹੈ। ਕੋਰੋਨਾ ਅਤੇ ਭਾਰਤ ਨਾਲ ਟਕਰਾਅ ਦੌਰਾਨ ਨੇਪਾਲ ਵਿੱਚ ਸਿਆਸੀ ਅਸਥਿਰਤਾ ਦਾ ਮਾਹੌਲ ਬਣ ਚੁੱਕਾ ਹੈ। ਚੀਨ ਦੇ ਇਸ਼ਾਰੇ ’ਤੇ ਭਾਰਤ ਨਾਲ ਸਰਹੱਦੀ ਖੇਤਰਾਂ ਦੇ ਬਣੇ ਤਣਾਅ ਦੌਰਾਨ ਵੀ ਓਲੀ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਵਿੱਚ ਸਫਲ ਨਹੀਂ ਹੋ ਸਕੀ। ਪਾਰਟੀ ਅਤੇ ਜਨਤਾ ਉਸ ਨੂੰ ਪ੍ਰਧਾਨਗੀ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਲਈ ਜੋਰ ਪਾ ਰਹੇ ਹਨ।