ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟ ਤਬਦੀਲ

0
179

ਪਟਿਆਲਾ – ਬਿਕਰਮਜੀਤ ਸਿੰਘ
ਪੰਜਾਬ ਸਕੂਲ ਸਿੱਖਿਆ ਬੋਰਡ ਆਪਣੇ ਨਿਕੰਮੇਪਣ ਅਤੇ ਅਜੀਬੋ ਗਰੀਬ ਫੈਸਲਿਆਂ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ ਵਿੱਚ ਰਹਿੰਦਾ ਹੈ। ਹੁਣ ਜਦੋਂ ਪੰਜਾਬ ਵਿੱਚ 3 ਮਾਰਚ ਤੋਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ 17 ਮਾਰਚ ਤੋਂ 10ਵੀਂ ਕਲਾਸ ਦੇ ਬੋਰਡ ਦੇ ਇਮਤਿਹਾਨ ਸ਼ੁਰੂ ਹੋਣ ਜਾ ਰਹੇ ਹਨ, ਉਸ ਦੌਰਾਨ ਸਕੂਲ ਸਿੱਖਿਆ ਬੋਰਡ ਨੇ ਆਪਣੇ ਇਤਿਹਾਸ ਦਾ ਇੱਕ ਨਿਵੇਕਲਾ ਹੁਕਮ ਜਾਰੀ ਕਰਦਿਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਸਾਰੇ ਸੈਂਟਰਾਂ ਦੇ ਸੁਪਰਡੈਂਟ ਤਬਦੀਲ ਕਰ ਦਿੱਤੇ ਹਨ। ਪ੍ਰਾਪਤ ਸੂਚਨਾ ਅਨੁਸਾਰ ਸਿੱਖਿਆ ਬੋਰਡ ਅਧਿਕਾਰੀਆਂ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਪਣੇ ਅਧਿਕਾਰ ਖੇਤਰ ਹੇਠਲੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਨੂੰ ਇੱਧਰੋਂ ਉੱਧਰ ਕਰ ਦੇਣ ਦੇ ਹੁਕਮ ਜਾਰੀ ਕੀਤੇ ਹਨ। ਸੁਪਰਡੈਂਟਾਂ ਨੂੰ ਅਚਾਨਕ ਬਦਲਣ ਨਾਲ ਜਿੱਥੇ ਇਲਾਕੇ ਬਦਲਣ ਨਾਲ ਇਹ ਜ਼ਿੰਮੇਵਾਰੀ ਨਿਭਾਅ ਰਹੇ ਅਧਿਆਪਕ ਖੱਜਲ ਖੁਆਰ ਹੋਏ, ਉਸ ਦੇ ਨਾਲ ਹੀ 10ਵੀਂ ਦੀਆਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਵੀ ਪ੍ਰਬੰਧਾਂ ਨੂੰ ਲੈ ਕੇ ਬੇਨਿਯਮੀ ਦਾ ਮਾਹੌਲ ਬਣਿਆ ਰਿਹਾ। ਇਹ ਵੀ ਸੂਚਨਾ ਹੈ ਕਿ ਬੀਤੇ ਦਿਨੀਂ 12ਵੀਂਂ ਕਲਾਸ ਦਾ ਇੱਕ ਪ੍ਰਸ਼ਨ ਪੱਤਰ ਹੱਲ ਕਰਕੇ ਪ੍ਰੀਖਿਆ ਹੋਣ ਤੋਂ ਪਹਿਲਾਂ ਵਟਸਐੱਪ ਤੇ ਪਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਨੇ ਸੁਪਰਡੈਂਟ ਬਦਲਣ ਦਾ ਫੈਸਲਾ ਲਿਆ।