ਗੱਲਾਂ ਸੌਖੀਆਂ, ਕੰਮ ਔਖੇ : ਕੇਜਰੀਵਾਲ

0
241

ਨਵੀਂ ਦਿੱਲੀ – ਆਵਾਜ ਬਿੳੂਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਹਾੳੂਸਿੰਗ ਯੋਜਨਾ ਦਾ ਐਲਾਨ ਕੀਤਾ। ‘‘ਮੁੱਖ ਮੰਤਰੀ ਅਵਾਸ ਯੋਜਨਾ’’ ਦੇ ਤਹਿਤ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੱਕੇ ਘਰਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ। ਇਸ ਤਹਿਤ 65 ਹਜਾਰ ਝੁੱਗੀਆਂ ਝੌਂਪੜੀਆਂ ਵਾਲੇ ਪਰਿਵਾਰ ਚੁਣੇ ਗਏ ਹਨ। ਕੇਜਰੀਵਾਲ ਨੇ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਪੱਕੇ ਘਰਾਂ ਦੇ ਮਾਲਕੀ ਹੱਕਾਂ ਦੇ ਸਰਟੀਫਿਕੇਟ ਦੇ ਦਿੱਤੇ ਗਏ ਹਨ ਅਤੇ ਬਾਕੀਆਂ ਦਾ ਸਰਵੇ ਚੱਲ ਰਿਹਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਹੈ ਕਿ ਝੁੱਗੀਆਂ ਦੇ ਨੇੜੇ ਹੀ ਇਨ੍ਹਾਂ ਗਰੀਬ ਲੋਕਾਂ ਨੂੰ ਇਸ ਤਰ੍ਹਾਂ ਦੇ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ ਕਿ ਮਕਾਨ ਬਣਨ ਤੱਕ ਉਨ੍ਹਾਂ ਦੀਆਂ ਝੁੱਗੀਆਂ ਨੂੰ ਤੋੜਿਆ ਨਹੀਂ ਜਾਵੇਗਾ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਲੀਲਾ ਮੈਦਾਨ ਵਿੱਚ ਰੈਲੀ ਦੌਰਾਨ ਦਿੱਲੀ ਦੇ ਲੋਕਾਂ ਲਈ ਐਲਾਨੀਆਂ ਯੋਜਨਾਵਾਂ ਸਬੰਧੀ ਕਿਹਾ ਕਿ ਸਟੇਜਾਂ ਤੇ ਚੜ੍ਹ ਕੇ ਭਾਸ਼ਣ ਦੇਣੇ ਅਤੇ ਗੱਲਾਂ ਕਰਨੀਆਂ ਸੌਖੀਆਂ ਹਨ, ਪਰ ਜਮੀਨੀ ਪੱਧਰ ’ਤੇ ਲੋਕਾਂ ਲਈ ਕੰਮ ਕਰਨਾ ਬਹੁਤ ਔਖਾ ਹੈ। ਕੇਜਰੀਵਾਲ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੇ ਖੇਤਰ ਵਿੱਚ ਅਸੀਂ ਨਵੀਂ ਪਿਰਤ ਪਾਈ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਮਾਨਦਾਰੀ ਨਾਲ ਕੀਤੇ ਕੰਮਾਂ ਦਾ ਪ੍ਰਮਾਣ ਸਾਡੇ ਵਿਰੋਧੀ ਨੇਤਾਵਾਂ ਨੇ ਹੀ ਸਾਡੀ ਪ੍ਰਸ਼ੰਸਾ ਕਰਦਿਆਂ ਦਿੱਤਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਹੁਣ ਦਿੱਲੀ ਵਿੱਚ ਕਿੱਧਰੇ ਵੀ ਰਾਤ ਨੂੰ ਹਨ੍ਹੇਰਾ ਨਹੀਂ ਵਿਖਾਈ ਦੇਵੇਗਾ। ਅਸੀਂ 20 ਲੱਖ ਲਾਈਟਾਂ ਵੀ ਲਗਾ ਰਹੇ ਹਾਂ। ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਅਸੀਂ ਕਿਸੇ ਵੀ ਯੋਜਨਾ ਵਿੱਚ ਭਰਿਸ਼ਟਾਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੂੰ ਵਧੀਆ ਸਫਰ ਸਹੂਲਤ ਦੇਣ ਲਈ 4300 ਨਵੀਆਂ ਬੱਸਾਂ ਛੇਤੀ ਹੀ ਸੜਕਾਂ ’ਤੇ ਉਤਾਰ ਰਹੇ ਹਾਂ। ਇੱਥੇ ਜਿਕਰਯੋਗ ਹੈ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਲਈ ਭਾਜਪਾ ਵੱਲੋਂ ਕੇਂਦਰੀ ਪੱਧਰ ’ਤੇ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਦੇ ਪੱਧਰ ’ਤੇ ਦਿੱਲੀ ਵਿੱਚ ਨਿੱਤ ਨਵੀਆਂ ਯੋਜਨਾਵਾਂ ਲਾਗੂ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ।