ਗੁਰਬਾਣੀ ਕੀਰਤਨ ਨਾਲ ਸ਼ੁਰੂ ਹੋਇਆ ਹਾਓਡੀ ਮੋਦੀ ਪ੍ਰੋਗਰਾਮ

0
208

ਇਨਸਾਫ ਮਿਲੇਗਾ ਤਾਂ ਕਰਾਂਗੇ ਭਾਰਤੀ ਹੋਣ ’ਤੇ ਮਾਣ : ਸਿੱਖ ਆਗੂ
ਟੈਕਸਾਸ ਦਾ ਅੱਜ ਦਾ ਦਿਨ ਯਾਦਗਾਰੀ : ਟਰੰਪ
ਹੂਸਟਨ – ਆਵਾਜ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿੱਚ ਸ਼ਾਮਲ ਹੋਣ ਗਏ ਹਨ, ਨੇ ਇੱਕ ਵਾਰ ਫਿਰ ਆਪਣੀ ਵਿਸ਼ਵ ਹਰਮਨ ਪਿਆਰਤਾ ਦਾ ਲੋਹਾ ਮੰਨਵਾ ਲਿਆ ਹੈ। ਪ੍ਰਧਾਨ ਮੰਤਰੀ ਅੱਜ ਹੂਸਟਨ ਵਿਖੇ ਪ੍ਰਵਾਸੀ ਭਾਰਤੀਆਂ ਲਈ ਆਯੋਜਿਤ ‘ਹਾਓਡੀ ਮੋਦੀ’ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ। ਇਸ ਤੋਂ ਬਾਅਦ ਹੋਰ ਵੀ ਕਈ ਧਰਮਾਂ ਅਤੇ ਸੱਭਿਆਚਾਰਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਭਾਰਤ ਦੇ ਹੀ ਨਹੀਂ, ਹੋਰ ਵੀ ਅਨੇਕਾਂ ਦੇਸ਼ਾਂ ਦੇ ਲੋਕ ਅਮਰੀਕੀ ਝੰਡੇ ਲੈ ਕੇ ਮੋਦੀ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੈਟਰੋਲ ਅਤੇ ਡੀਜਲ ਤੇਲ ਸੰਕਟ ਨੂੰ ਲੈ ਕੇ ਕਈ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ 16 ੳੂਰਜਾ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਭਾਰਤੀ ਪੈਟਰੋਲੀਅਮ ਕੰਪਨੀ ਨੇ ਅਮਰੀਕੀ ਕੁਦਰਤੀ ਗੈਸ ਕੰਪਨੀ ਤੋਂ 50 ਲੱਖ ਟਨ ਕੁਦਰਤੀ ਗੈਸ ਹਰੇਕ ਸਾਲ ਖਰੀਦਣ ਦਾ ਸਮਝੌਤਾ ਕੀਤਾ। ਇਹ ਸਮਝੌਤਾ 31 ਮਾਰਚ 2020 ਤੱਕ ਪੂਰਾ ਹੋਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਅਮਰੀਕੀ ਸਿੱਖ ਆਗੂਆਂ ਦੇ ਵਫਦ ਨਾਲ ਵੀ ਮੁਲਾਕਾਤ ਕੀਤੀ। ਅਮਰੀਕੀ ਸਿੱਖ ਪ੍ਰਤੀਨਿਧ ਮੰਡਲ ਨੇ ਮੋਦੀ ਨੂੰ ਕਿਹਾ ਕਿ ਅਸੀਂ ਸਿੱਖ ਧਰਮ ਨੂੰ ਇੱਕ ਵੱਖਰੇ ਧਰਮ ਦੇ ਰੂਪ ਵਿੱਚ ਸਥਾਨ ਦੇਣ ਦੀ ਮੰਗ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਦਿੰਦਿਆਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਤੁਰੰਤ ਸਜਾਵਾਂ ਦੇ ਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇ। ਸਿੱਖ ਆਗੂਆਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਭਾਰਤ ਨੂੰ ਸਮਰਪਿਤ ਹਾਂ, ਪਰ ਜਦੋਂ ਤੱਕ ਸਿੱਖਾਂ ਨੂੰ ਹੋਈਆਂ ਬੇਇਨਸਾਫੀਆਂ ਦਾ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਿੱਖਾਂ ਨੂੰ ਭਾਰਤ ਆਪਣਾ ਘਰ ਹੋਣ ਦਾ ਅਹਿਸਾਸ ਨਹੀਂ ਹੋਵੇਗਾ। ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਦਿੱਲੀ ਏਅਰਪੋਰਟ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਤੌਰ ’ਤੇ ਦੇਸ਼ ਅਤੇ ਕੌਮ ਨੂੰ ਸਮਰਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਵਿੱਚ ਆਪਣੇ ਭਾਈਚਾਰੇ ਵਿੱਚ ਗੱਲਬਾਤ ਕਰਦਿਆਂ ਮੋਦੀ ਨੂੰ ਆਇਰਨ ਮੈਨ ਕਹਿੰਦੇ ਹਾਂ। ਉਨ੍ਹਾਂ ਮੁਲਾਕਾਤ ਦੌਰਾਨ ਵੀ ਕਿਹਾ ਕਿ ਮੋਦੀ ਸਾਡੇ ਟਾਈਗਰ ਹਨ। ਪ੍ਰਧਾਨ ਮੰਤਰੀ ਨੇ ਇਸੇ ਦੌਰਾਨ ਬੋਹਰਾ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਨਰਿੰਦਰ ਮੋਦੀ ਨੇ ਕਸ਼ਮੀਰੀ ਪੰਡਤਾਂ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਅਸੀਂ ਹਰ ਵਰਗ ਦੇ ਲੋਕਾਂ ਦੀ ਰੱਖਿਆ ਲਈ ਵਚਨਬੱਧ ਹਾਂ। ਕਸ਼ਮੀਰੀ ਪੰਡਤਾਂ ਦਾ ਵਫਦ ਜਦੋਂ ਮੋਦੀ ਨੂੰ ਮਿਲ ਰਿਹਾ ਸੀ ਤਾਂ ਇਸ ਪ੍ਰਤੀਨਿਧ ਮੰਡਲ ਦੇ ਇੱਕ ਮੈਂਬਰ ਨੇ ਮੋਦੀ ਦਾ ਹੱਥ ਚੁੰਮਦਿਆਂ ਕਿਹਾ ਕਿ ਸੱਤ ਲੱਖ ਕਸ਼ਮੀਰੀ ਪੰਡਤਾਂ ਵੱਲੋਂ ਤੁਹਾਡਾ ਧੰਨਵਾਦ। ਗਲੋਬਲ ਕਸ਼ਮੀਰੀ ਪੰਡਤ ਐਸੋਸੀਏਸ਼ਨ ਦੇ ਰਾਕੇਸ਼ ਕੌਲ ਨੇ ਦੱਸਿਆ ਕਿ ਅਸੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਕਸ਼ਮੀਰੀ ਅੱਤਵਾਦ ਕਾਰਨ ਸਾਡਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਸਾਨੂੰ ਦੱਸਿਆ ਕਿ ਧਾਰਾ 370 ਹਟਾ ਦਿੱਤੀ ਗਈ ਹੈ ਅਤੇ ਹੁਣ ਜੰਮੂ ਕਸ਼ਮੀਰ ਵਿੱਚ ਨਵੀਂ ਹਵਾ ਵਗ ਰਹੀ ਹੈ। ਮੋਦੀ ਨੇ ਕਿਹਾ ਕਿ ਅਸੀਂ ਇੱਕ ਨਵਾਂ ਕਸ਼ਮੀਰ ਬਣਾਉਣ ਜਾ ਰਹੇ ਹਾਂ। ਇਸ ਲਈ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਅਤੇ ਇਸ ਅੱਤਵਾਦ ਵੱਲੋਂ ਨਰਕ ਬਣਾਈ ਗਈ ਧਰਤੀ ਨੂੰ ਮੁੜ ਸਵਰਗ ਬਣਾਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਨਰਲ ਇਜਲਾਸ ਨੂੰ ਵੀ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਹੋਵੇਗੀ। ਡੋਨਾਲਡ ਟਰੰਪ ਅੱਜ ਵੀ ਹਾਓਡੀ ਮੋਦੀ ਪ੍ਰੋਗਰਾਮ ਦੌਰਾਨ ਨਰਿੰਦਰ ਮੋਦੀ ਨੂੰ ਮਿਲੇ। ਦੋਵਾਂ ਨੇ ਇਕੱਠਿਆਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਟਰੰਪ ਨੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਯਾਦਗਾਰੀ ਹੋ ਨਿਬੜਿਆ ਹੈ ਅਤੇ ਮੈਂ ਆਪਣੇ ਭਾਰਤੀ ਦੋਸਤ ਮੋਦੀ ਨਾਲ ਇਸ ਪ੍ਰੋਗਰਾਮ ਵਿੱਚ ਬਹੁਤ ਅਨੰਦ ਮਾਣਿਆ ਹੈ।
ਮੋਦੀ ਨੇ ਅਮਰੀਕਾ ’ਚ ਵੀ ਚਲਾਈ ਸਵੱਛਤਾ ਮੁਹਿੰਮ
ਪ੍ਰੋਟੋਕਾਲ ਤੋੜ ਕੇ ਚੁੱਕੇ ਜ਼ਮੀਨ ਉੱਪਰ ਡਿੱਗੇ ਹੋਏ ਫੁੱਲ
ਹੂਸਟਨ – ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਜਾ ਕੇ ਵੀ ਸਵੱਛਤਾ ਮੁਹਿੰਮ ਦਾ ਚੇਤਾ ਨਹੀਂ ਭੁਲਾਇਆ। ਉਨ੍ਹਾਂ ਅਮਰੀਕਾ ਵਿੱਚ ਵੀ ਪ੍ਰੋਟੋਕਾਲ ਤੋੜਦਿਆਂ ਜਮੀਨ ਉੱਪਰ ਡਿੱਗੇ ਫੁੱਲ ਚੁੱਕੇ ਅਤੇ ਨੇੜੇ ਖੜ੍ਹੇ ਇੱਕ ਅਧਿਕਾਰੀ ਨੂੰ ਫੜਾ ਦਿੱਤੇ। ਪ੍ਰਧਾਨ ਮੰਤਰੀ ਮੋਦੀ ਹਾਓਡੀ ਮੋਦੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਰਜ ਬੁੱਸ਼ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਦਾ ਅਮਰੀਕੀ ਪ੍ਰਤੀਨਿਧ ਮੰਡਲ ਨੇ ਸਵਾਗਤ ਕੀਤਾ। ਸਵਾਗਤ ਦੌਰਾਨ ਪ੍ਰਧਾਨ ਮੰਤਰੀ ਨੇ ਦੇਖਿਆ ਕਿ ਉੱਥੇ ਜਮੀਨ ਉੱਪਰ ਕੁੱਝ ਫੁੱਲ ਡਿੱਗੇ ਹੋਏ ਸਨ। ਅਮਰੀਕੀ ਪ੍ਰਤੀਨਿਧ ਮੰਡਲ ਦਾ ਸਵਾਗਤ ਪ੍ਰਵਾਨ ਕਰਦਿਆਂ ਮੋਦੀ ਨੇ ਉਸੇ ਵੇਲੇ ਡਿੱਗੇ ਹੋਏ ਫੁੱਲ ਜਮੀਨ ਤੋਂ ਚੁੱਕੇ ਅਤੇ ਕੋਲ ਖੜ੍ਹੇ ਅਧਿਕਾਰੀਆਂ ਨੂੰ ਫੜਾ ਦਿੱਤੇ। ਇੱਥੇ ਜਿਕਰਯੋਗ ਹੈ ਕਿ ਸਵੱਛ ਭਾਰਤ ਮੁਹਿੰਮ ਲਈ ਅਮਰੀਕਾ ਦੀ ਇੱਕ ਪ੍ਰਮੁੱਖ ਗੇਟਸ ਫਾੳੂਂਡੇਸ਼ਨ ਲਿੰਕਨ ਸੈਂਟਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਗਲੋਬਲ ਗੋਲਕੀਪਰਜ਼ ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਬਲੋਚਾਂ, ਸਿੰਧੀਆਂ ਅਤੇ ਪਖਤੂਨੀਆ ਨੇ ਮੰਗੀ ਪਾਕਿਸਤਾਨ ਤੋਂ ਆਜ਼ਾਦੀ
ਹੂਸਟਨ – ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੂਸਟਨ ਪ੍ਰੋਗਰਾਮ ਤੋਂ ਪਹਿਲਾਂ ਸਿੰਧੀਆ, ਬਲੋਚਿਸਤਾਨੀਆ, ਪਖਤੂਨੀਆ ਦੇ ਇੱਕ ਪ੍ਰਤੀਨਿਧ ਮੰਡਲ ਨੇ ਐੱਨ.ਆਰ.ਜੀ. ਸਟੇਡੀਅਮ ਦੇ ਸਾਹਮਣੇ ਪੋਸਟਰ ਅਤੇ ਬੈਨਰ ਲੈ ਕੇ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕੀਤੀ। ਇਹ ਲੋਕ ਸਟੇਡੀਅਮ ਦੇ ਉਸ ਗੇਟ ਅੱਗੇ ਬੈਨਰ ਅਤੇ ਝੰਡੇ ਲੈ ਕੇ ਖੜ੍ਹੇ ਸਨ, ਜਿਸ ਗੇਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟੇਡੀਅਮ ਵਿੱਚ ਸ਼ਾਮਲ ਹੋਣਾ ਸੀ। ਇਨ੍ਹਾਂ ਭਾਈਚਾਰਿਆਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਕਤਲ ਕਰ ਰਹੀ ਹੈ। ਸਿੰਧੀ ਲੋਕਾਂ ਦੇ ਜਫਰ ਸਹਿਤੋ ਨੇ ਕਿਹਾ ਕਿ ਮੋਦੀ ਅਤੇ ਟਰੰਪ ਦੀ ਬਹੁਤ ਪੁਰਾਣੇ ਲੋਕਤੰਤਰੀ ਦੇਸ਼ਾਂ ਦੇ ਨੇਤਾਵਾਂ ਦੀ ਇਤਿਹਾਸਕ ਰੈਲੀ ਹੈ। ਅਸੀਂ ਸਿੰਧੀ ਲੋਕ ਪਾਕਿਸਤਾਨ ਤੋਂ ਆਜ਼ਾਦੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 1971 ਵਿੱਚ ਭਾਰਤ ਨੇ ਬੰਗਲਾ ਦੇਸ਼ੀ ਲੋਕਾਂ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਇਆ ਸੀ, ਉਸੇ ਤਰ੍ਹਾਂ ਭਾਰਤ ਸਾਨੂੰ ਸਿੰਧੀਆ ਨੂੰ ਵੀ ਇੱਕ ਵੱਖਰਾ ਦੇਸ਼ ਲੈ ਕੇ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਇੱਕ ਫਾਸ਼ੀਵਾਦੀ ਦੇਸ਼ ਹੈ ਜਿੱਥੇ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਉੱਥੇ ਘੱਟ ਗਿਣਤੀਆਂ ਨੂੰ ਪੂਜਾ ਪਾਠ ਦਾ ਅਧਿਕਾਰ ਨਹੀਂ। ਉਨ੍ਹਾਂ ਦੀਆਂ ਨਸਲਾਂ ਖਤਮ ਕੀਤੀਆਂ ਜਾ ਰਹੀਆਂ ਹਨ।