ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਪਿੰਡ ਬਰੇ੍ਹ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ

0
193

ਬੁਢਲਾਡਾ ਦਵਿੰਦਰ ਸਿੰਘ ਕੌਹਲੀ
ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਸੰਗਤਾਂ ਨੂੰ ਨਾਮ ਬਾਣੀ ਦੁਆਰਾ ਤਾਰਦੇ ਹੋਏ ਪਿੰਡ ਬਰ੍ਹੇ ਵਿਖੇ ਪਹੁੰਚੇ। ਛੱਪੜ ਦੇ ਕਿਨਾਰੇ ਦਰੱਖਤਾ ਦੀ ਸੁੰਦਰ ਛਾਂ ਤੇ ਰਮਣੀਕ ਥਾਂ ਦੇਖ ਕੇ ਇਸ ਥਾਂ ਤੇ ਡੇਰਾ ਕੀਤਾ। ਨਗਰ ਦੀਆਂ ਸਾਰੀਆਂ ਸੰਪਰਦਾਵਾਂ ਦੇ ਲੋਕ ਗੁਰੂ ਜੀ ਦੇ ਦਰਸ਼ਨ ਕਰਨ ਆਏ। ਸੰਗਤਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ 4 ਮਹੀਨੇ ਇੱਥੇ ਠਹਿਰੇ। ਲੋਕਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਇੱਥੇ ਵਰਖਾ ਬਹੁਤ ਘੱਟ ਹੁੰਦੀ ਹੈ ਅਤੇ ਧਨ ਦੀ ਘਾਟ ਰਹਿੰਦੀ ਹੈ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਕਿਹਾ ਕਿ ਵਰਖਾ ਬਹੁਤ ਹੋਵੇਗੀ, ਮੋਠ ਬਾਜਰਾ ਬੀਜਣਾ। ਇਸ ਤਰ੍ਹਾਂ ਹੀ ਹੋਇਆ ਵਰਖਾ ਬਹੁਤ ਹੋਈ ਮੋਠ ਬਾਜਰੇ ਦੀ ਭਰਵੀਂ ਫਸਲ ਹੋਈ। ਗੁਰੂ ਜੀ ਨੇ ਆਪਣੇ ਘੋੜਿਆਂ, ਮੱਝਾਂ, ਗਾਈਆਂ ਨੂੰ ਮੋਠ ਬਾਜਰਾ ਚਾਰਿਆਂ। ਦੂਰੋਂ ਦੂਰੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਨੂੰ ਆਉਂਦੀਆਂ ਰਹਿੰਦੀਆਂ ਅਤੇ ਗੁਰਬਾਣੀ ਦਾ ਪ੍ਰਚਾਰ ਚੱਲਦਾ ਰਹਿੰਦਾ ਹੈ। ਬਾਹਰੋਂ ਆਈਆਂ ਸੰਗਤਾਂ ਕਈ ਕਈ ਦਿਨ ਇੱਥੇ ਰਹਿ ਕੇ ਕਥਾ ਕੀਰਤਨ ਸੁਣਦੀਆਂ, ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਅਤੇ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲਦੀਆਂ। ਗੁਰੂ ਜੀ ਦੇ ਸੇਵਕ ਕਾਰ ਭੇਟਾ ਲੈ ਕੇ ਇੱਥੇ ਸੰਗਤਾਂ ਸਮੇਤ ਦਰਸ਼ਨਾਂ ਲਈ ਆਉਂਦੇ ਜੋ ਵੀ ਅੰਨ ਧਨ ਬਾਹਰੋਂ ਆਉਂਦਾ ਸੀ ਉਹ ਸਾਰਾ ਪਰਉਪਕਾਰ ਹਿਤ ਲਾਇਆ ਜਾਂਦਾ ਸੀ। ਇਸ ਥਾਂ ਤੇ ਹਜਾਰਾਂ ਪ੍ਰਾਣੀਆਂ ਨੂੰ ਗੁਰੂ ਜੀ ਦੇ ਦਰਸਨ ਦੇ ਕੇ ਨਿਹਾਲ ਕੀਤਾ। ਗੁਰੂ ਜੀ ਨੇ ਇੱਥੇ ਵਰਖਾ ਰੁੱਤ (ਚਮਾਸਾ) ਬਤੀਤ ਕੀਤਾ। ਵਰ੍ਹੇ ਪਿੰਡ ਨੂੰ ਗੁਰੂ ਜੀ ਨੇ ਪੱਛਮ ਦਿਸ਼ਾ ਤੋਂ ਉਠਾ ਕੇ ਪੂਰਬ ਦਿਸ਼ਾ ਵਿੱਚ ਨਵੀ ਥਾਂ ਤੇ ਆਬਾਦ ਕੀਤਾ। ਗੁਰੂ ਜੀ ਨੇ ਨਗਰ ਨਿਵਾਸੀਆਂ ਨੂੰ ਵਰਦਾਨ ਦਿੱਤਾ ਕਿ ਇੱਥੇ ਅੰਨ ਧਨ ਦੀ ਤੋਟ ਨਹੀਂ ਆਵੇਗੀ। ਗੁਰੂ ਜੀ ਨੇ ਆਪਣੇ ਪ੍ਰਚਾਰ ਵਹੀਰ ਸਮੇਤ ਬੁਢਲਾਡੇ ਚਲੇ ਗਏ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਸਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 29, 30 ਅਤੇ 1 ਦਸੰਬਰ ਨੂੰ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। 30 ਅਤੇ 1 ਦਸੰਬਰ ਨੂੰ 1 ਵਜੇ ਤੋਂ 4 ਵਜੇ ਤੱਕ ਸੰਤ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਵਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਸਵੇਰੇ ਮਹਾਨ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ।