ਕੈਪਟਨ ਵਾਅਦੇ ਪੂਰੇ ਕਰੇ ਜਾਂ ਅਸਤੀਫਾ ਦੇਵੇ : ਬਾਦਲ

0
293

ਚੇਤਨਪੁਰਾ/ਵੇਰਕਾ – ਸੁਖਵੰਤ ਚੇਤਨਪੁਰੀ/ ਸਰਬਜੀਤ ਸਿੰਘ
ਅਕਾਲੀ ਸੁਪਰੀਮੋ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਜਾਂ ਅਸਤੀਫਾ ਦੇਣ ਲਈ ਆਖਦਿਆਂ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਸੱਤਾਧਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਨੂੰ ਸੰਵਿਧਾਨ ਵਿਚ ਦਰਜ ਧਰਮ ਨਿਰਪੱਖ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਮੁਤਾਬਿਕ ਚਲਾਇਆ ਜਾਵੇ। ਅੱਜ ਇੱਥੇ ਇੱਕ ਵੱਡੀ ਰੋਸ ਰੈਲੀ, ਜਿਸ ਵਿਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੁਬਾਰਾ ਪਾਰਟੀ ਵਿਚ ਸ਼ਾਮਿਲ ਹੋ ਗਏ, ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕਰਨ ਵਿਚ ਨਾਕਾਮ ਰਿਹਾ ਹੈ, ਇਹੀ ਵਜ੍ਹਾ ਹੈ ਕਿ ਲੋਕੀਂ ਉਸ ਕੋਲੋਂ ਹਿਸਾਬ ਲੈਣ ਲਈ ਇੱਥੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਹਨ। ਸਰਦਾਰ ਬਾਦਲ ਨੇ ਦੇਸ਼ ਅੰਦਰਲੇ ਸਮਾਜਿਕ ਅਤੇ ਰਾਜਨੀਤਿਕ ਮਾਹੌਲ ਉੱਤੇ ਡੂੰਘੀ ਚਿੰਤਾ ਜਤਾਈ। ਉਹਨਾਂ ਕਿਹਾ ਕਿ ਧਰਮ ਨਿਰਪੱਖਤਾ ਦੇ ਪਵਿੱਤਰ ਸਿਧਾਂਤਾਂ ਦੀ ਜ਼ਰਾ ਜਿੰਨੀ ਵੀ ਅਣਦੇਖੀ ਸਾਡੇ ਦੇਸ਼ ਨੂੰ ਕਮਜ਼ੋਰ ਕਰ ਸਕਦੀ ਹੈ। ਸੁਬਿਆਂ ਅੰਦਰ ਸੱਤਾ ਵਿਚ ਬੈਠੇ ਅਤੇ ਬਾਕੀ ਵਿਅਕਤੀਆਂ ਨੂੰ ਭਾਰਤ ਦੀ ਇੱਕ ਧਰਮ ਨਿਰਪੱਖ ਲੋਕਤੰਤਰ ਵਜੋਂ ਰਾਖੀ ਅਤੇ ਸੰਭਾਲ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਉਹ ਵਿਰਾਸਤ ਹੈ, ਜਿਹੜੀ ਸਾਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ ਅਤੇ ਫਕੀਰਾਂ ਕੋਲੋਂ ਮਿਲੀ ਹੈ। ਇਹੀ ਉਹ ਵਿਰਾਸਤ ਹੈ, ਜਿਹੜੀ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਕੇ ਜਾਣੀ ਚਾਹੀਦੀ ਹੈ। ਇਸ ਮੌਕੇ ਜਜ਼ਬਾਤੀ ਹੁੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਹਿੰਦੂਆਂ, ਮੁਸਲਮਾਨਾਂ ਅਤੇ ਬਾਕੀ ਭਾਈਚਾਰਿਆਂ ਨੂੰ ਇੱਕ ਬੁੱਕਲ ਵਿਚ ਲਿਆਉਣ ਲਈ ਕੰਮ ਕਰਨਾ ਚਾਹੀਦਾ ਹੈ। ਨਫ਼ਰਤ ਅਤੇ ਕੁੜੱਤਣ ਲਈ ਸਾਡੀ ਜ਼ਿੰਦਗੀ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਦੇਸ਼ ਦਾ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਕਿ ਘੱਟ ਗਿਣਤੀਆਂ ਨਾ ਸਿਰਫ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰਨ ਸਗੋਂ ਰਾਸ਼ਟਰ ਨਿਰਮਾਣ ਵਿਚ ਬਰਾਬਰ ਦੀਆਂ ਭਾਗੀਦਾਰ ਵੀ ਮਹਿਸੂਸ ਕਰਨ। ਇਹ ਟਿੱਪਣੀ ਕਰਦਿਆਂ ਕਿ ਉਹ ਆਪਣੇ ਤਜਰਬੇ ਵਿਚੋਂ ਬੋਲ ਰਹੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਾਂ-ਪਾਰਟੀ ਨੂੰ ਛੱਡਣ ਵਾਲਾ ਕੋਈ ਵੀ ਵਿਅਕਤੀ ਕਾਮਯਾਬ ਨਹੀਂ ਹੋ ਸਕਦਾ। ਉਹਨਾਂ ਕਿਹਾ ਸੁਖਦੇਵ ਸਿੰਘ ਢੀਂਡਸਾ ਅਤੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸੀਨੀਅਰ ਆਗੂਆਂ ਨੇ ਪਾਰਟੀ ਵਿਚ ਜੋ ਅਹੁਦਾ ਮੰਗਿਆ, ਉਹੀ ਮਿਲਿਆ, ਪਰ ਫਿਰ ਵੀ ਉਹਨਾਂ ਨੇ ਪੰਥਕ-ਵਿਰੋਧੀ ਤਾਕਤਾਂ ਦੇ ਮਗਰ ਲੱਗ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ। ਇਸ ਮੌਕੇ ‘ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ‘ ਦੇ ਨਾਅਰਿਆਂ ਦਰਮਿਆਨ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ
ਕੈਪਟਨ ਅਮਰਿੰਦਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਵਿਚ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਦਸਮ ਪਿਤਾ ਦੇ ਨਾਂ ਉੱੇਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਮੁੱਖ ਮੰਤਰੀ ਨੂੰ ਫਟਕਾਰ ਲਾਈ। ਉਹਨਾਂ ਕਿਹਾ ਕਿ ਕਿਸਾਨਾਂ, ਨੌਜਵਾਨਾਂ ਜਾਂ ਗਰੀਬਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕਰਨਾ ਤਾਂ ਭੁੱਲ ਹੀ ਜਾਓ, ਕਾਂਗਰਸ ਸਰਕਾਰ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮੁੱਖ ਗਵਾਹ ਦੀ ਰਾਖੀ ਕਰਨ ਵਿਚ ਵੀ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਗਵਾਹ ਉੱਤੇ ਦੋਸ਼ੀਆਂ ਪੁਲਿਸ ਅਧਿਕਾਰੀਆਂ ਖ਼ਿਥਲਾਫ ਗਵਾਹੀ ਨਾ ਦੇਣ ਲਈ ਭਾਰੀ ਦਬਾਅ ਪਾ ਕੇ ਉਸ ਨੂੰ ਮੌਤ ਦੇ ਮੂੰਹ ਵੱਲ ਧੱਕ ਦਿੱਤਾ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਮਾੜੇ ਪ੍ਰਬੰਧ ਅਤੇ ਘੁਟਾਲਿਆਂ ਕਰਕੇ ਪੰਜਾਬ ਵਿਚ ਬਿਜਲੀ ਬਹੁਤ ਮਹਿੰਗੀ ਹੋ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪ੍ਰਬੰਧਕਾਂ ਨਾਲ ਅੰਦਰਖਾਤੇ ਸੌਦੇਬਾਜੀ ਕਰਕੇ ਸਰਕਾਰੀ ਖਜ਼ਾਨੇ ਨੂੰ 4100 ਕਰੋੜ ਰੁਪਏ ਦਾ ਚੂਨਾ ਲਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਮਾੜੇ ਪ੍ਰਬੰਧ ਦੀ ਸਿਖਰ ਇਹ ਹੈ ਕਿ 3 ਰੁਪਏ ਪ੍ਰਤੀ ਯੂਨਿਟ ਖਰੀਦੀ ਬਿਜਲੀ ਖਪਤਕਾਰਾਂ ਨੂੰ 9 ਤੋਂ 10 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਇਸ ਲਈ ਵਾਪਰਿਆ ਹੈ, ਕਿਉਂਕਿ ਸਰਕਾਰ ਪੀਐਸਪੀਸੀਐਲ ਨੂੰ ਕੋਈ ਪੈਸਾ ਨਹੀਂ ਦੇ ਰਹੀ ਹੈ ਅਤੇ ਇਸ ਨੇ ਬਿਜਲੀ ਅਦਾਰੇ ਨੂੰ ਆਪਣੇ ਬਕਾਏ ਲੋਕਾਂ ਕੋਲੋਂ ਵਸੂਲਣ ਲਈ ਕਹਿ ਦਿੱਤਾ ਹੈ।
ਮੁੱਖ ਮੰਤਰੀ ਨੂੰ ਨਿਕੰਮਾ ਕਰਾਰ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਨਾ ਕੋਈ ਕੰਮ ਕਰਦਾ ਹੈ ਅਤੇ ਨਾ ਹੀ ਲੋਕਾਂ ਨੂੰ ਮਿਲਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਸੱਤਾ ਵਿਚ ਆਉਣ ਮਗਰੋਂ ਉਹਨਾਂ ਵੱਲੋਂ ਨਾ ਸਿਰਫ ਸਰਕਾਰੀ ਨੌਕਰੀਆਂ ਵਿਚ ਭਰਤੀ ਸ਼ੁਰੂ ਕੀਤੀ ਜਾਵੇਗੀ, ਸਗੋਂ ਸਮਾਜ ਦੇ ਗਰੀਬ ਤਬਕਿਆਂ ਨੂੰ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆਾ ਨੇ ਦੱਸਿਆ ਕਿ ਕਿਸ ਤਰ੍ਹਾਂ ਗੰਨਾ ਉਤਪਾਦਕਾਂ ਦੇ 350 ਕਰੋੜ ਰੁਪਏ ਦੇ ਬਕਾਏ ਅਜੇ ਤਕ ਨਹੀਂ ਦਿੱਤੇ ਗਏ ਹਨ। ਉਹਨਾਂ ਨੇ ਆਪਣੇ ਅਧਿਕਾਰਾਂ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਖ਼ਿਲਾਫ ਢਾਹੇ ਜਾ ਰਹੇ ਅੱਤਿਆਚਾਰਾਂ ਬਾਰੇ ਵੀ ਦੱਸਿਆ। ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਅਕਾਲੀ ਸਨ ਅਤੇ ਸਦਾ ਅਕਾਲੀ ਹੀ ਰਹਿਣਗੇ। ਉਹਨਾਂ ਕਿਹਾ ਕਿ ਜਦੋਂ ਉਹਨਾਂ ਵੇਖਿਆ ਕਿ ਟਕਸਾਲੀ ਧੜਾ ਅਸਲ ਵਿਚ ਇੱਕ ਕਾਂਗਰਸੀ ਫਰੰਟ ਹੈ ਤਾਂ ਉਹਨਾਂ ਦਾ ਮੋਹਭੰਗ ਹੋ ਗਿਆ ਅਤੇ ਉਹਨਾਂ ਇਸ ਧੜੇ ਨੂੰ ਛੱਡ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ, ਜਗਮੀਤ ਸਿੰਘ ਬਰਾੜ, ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਲਖਬੀਰ ਸਿੰਘ ਲੋਧੀਨੰਗਲ, ਰਵੀਕਿਰਨ ਸਿੰਘ ਕਾਹਲੋਂ, ਮਲਕੀਤ ਸਿੰਘ ਏਆਰ, ਗੁਰਪ੍ਰਤਾਪ ਸਿੰਘ ਟਿੱਕਾ, ਤਲਵੀਰ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਇੱਸ ਰੈਲੀ ਨੂੰ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਅਤੇ ਜਿਲ੍ਹਾ ਪ੍ਰਧਾਨ ਵੀਰ ਸਿੰਘ ਲੋਪੋਕੇ, ਅਕਾਲੀ ਆਗੂ ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਰਾਣਾ ਲੋਪੋਕੇ ਯੂਥ ਅਕਾਲੀ ਆਗੂ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਜੀਤ ਸਿੰਘ ਮੰਨਾਂ, ਦਲਬੀਰ ਗਿੱਲ,ਬਲਜੀਤ ਸਿੰਘ ਜਲਾਲਉਸਮਾ, ਮਲਕੀਅਤ ਸਿੰਘ ਏ.ਆਰ, ਰਣਜੀਤ ਸਿੰਘ ਵਰਿਆਮ ਨੰਗਲ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਪ੍ਰਧਾਨ, ਭਗਵੰਤ ਸਿੰਘ ਸਿਆਲਕਾ, ਰਾਜਮਹਿੰਦਰ ਸਿੰਘ ਮਜੀਠਾ, ਹਰਦਲਬੀਰ ਸਿੰਘ ਸ਼ਾਹ, ਬਾਵਾ ਸਿੰਘ ਗੁਮਾਨਪੁਰਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਰਾਜਵਿੰਦਰ ਸਿੰਘ ਰਾਜਾ ਲਦੇਹ, ਸੁੱਚਾ ਸਿੰਘ ਔਲਖ, ਹਰਮੀਤ ਸਿੰਘ, ਹਰਜੀਤ ਸਿੰਘ ਵਰਨਾਲੀ, ਨੇ ਵੀ ਸੰਬੋਧਨ ਕੀਤਾ।ਇੱਸ ਸਮੇ ਲਖਵਿੰਦਰ ਸਿੰਘ ਛੀਨਾ, ਸੁਰਜੀਤ ਸਿੰਘ ਭਿੱਟੇਵੱਡ, ਗੁਰਪ੍ਰਤਾਪ ਸਿੰਘ ਟਿੱਕਾ, ਜੱਜਪਾਲ ਸਿੰਘ ਮੋਨੂੰ ਧੋਲ, ਬਲਬੀਰ ਸਿੰਘ ਧੋਲ, ਸਾਬਕਾ ਸਰਪੰਚ ਕੁਲਦੀਪ ਸਿੰਘ ਗੌਸਾਬਾਦ, ਮੀਡੀਆ ਇੰਚਾਰਜ ਹਲਕਾ ਅਟਾਰੀ ਹਰਦੀਪ ਸਿੰਘ ਦੀਪ ਆਦਿ ਵੀ ਮੌਜੂਦ ਸਨ।