ਕੈਪਟਨ ਦਾ ਹਲਫੀਆ ਬਿਆਨ ਪੰਥ ਨੂੰ ਕਮਜੋਰ ਕਰਨ ਦੀ ਸਾਜ਼ਿਸ਼

0
211

ਅਕਾਲੀ ਵਫ਼ਦ ਰਾਜਪਾਲ ਨੂੰ ਮਿਲ ਕੇ ਹਲਫੀਆ ਬਿਆਨ ਵਾਪਸ ਲੈਣ ਦੀ ਅਪੀਲ ਕਰੇਗਾ
ਚੰਡੀਗੜ੍ਹ * ਆਵਾਜ਼ ਬਿੳੂਰੋ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਹਰਿਆਣਾ ਵਿਚ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਦਾ ਸਮਰਥਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸੋਧੇ ਹੋਏ ਹਲਫੀਆ ਬਿਆਨ ਨੂੰ ਅੱਜ ‘ਖਾਲਸਾ ਪੰਥ ਦੇ ਦੁਸ਼ਮਣਾਂ ਦੀਆਂ ਸਿੱਖਾਂ ਦੀ ਸਭ ਤੋਂ ਉੱਚੀ ਧਾਰਮਿਕ ਸੰਸਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਕੇ ਜਾਂ ਇਸ ਉੱਤੇ ਕਬਜ਼ਾ ਕਰਕੇ ਸਿੱਖ ਕੌਮ ਦੇ ਰੂਹਾਨੀ ਸੋਮਿਆਂ ਉੱਤੇ ਹਮਲਾ ਕਰਨ ਦੀਆਂ ਪੁਰਾਣੀਆਂ ਅਤੇ ਡੂੰਘੀਆਂ ਸਾਜ਼ਿਸ਼ਾਂ‘ ਕਰਾਰ ਦਿੱਤਾ ਹੈ। ਇਸ ਸੰਬੰਧੀ ਅੱਜ ਮੁੱਖ ਪਾਰਟੀ ਦਫ਼ਤਰ ਵਿਖੇ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਇੱਕ ਮਤਾ ਪਾਸ ਕੀਤਾ ਗਿਆ। ਇਸ ਮੀਟਿੰਗ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇੱਕ ਵੱਖਰੇ ਮਤੇ ਰਾਹੀਂ ਪਾਰਟੀ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਜਾਵੇਗੀ ਕਿ ਸੂਬਾ ਸਰਕਾਰ ਵੱਲੋਂ ਦਾਖ਼ਲ ਕੀਤਾ ਗਿਆ ਤਾਜ਼ਾ ਹਲਫੀਆ ਬਿਆਨ ਨਾ ਸਿਰਫ ਇਸ ਮੁੱਦੇ ਉੱਤੇ ਪਿਛਲੀ ਸੂਬਾ ਸਰਕਾਰ ਵੱਲੋਂ ਦਾਖ਼ਲ ਕੀਤੇ ਹਲਫੀਆ ਬਿਆਨ ਤੋਂ ਬਿਲਕੁੱਲ ਉਲਟ ਹੈ, ਸਗੋਂ ਇਸ ਦੇ ਬਹੁਤ ਹੀ ਗੰਭੀਰ ਨਤੀਜੇ ਨਿਕਲ ਸਕਦੇ ਹਨ, ਕਿਉਂਕਿ ਇਹ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਹੈ। ਮਤੇ ਵਿਚ ਇਹ ਵੀ ਕਿਹਾ ਗਿਆ ਕਿ ਸਿੱਖ ਆਪਣੀ ਸਭ ਤੋਂ ਵੱਡੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ‘ਵੰਡੀਆਂ ਪਾਉਣ ਦੀਆਂ ਅਜਿਹੀਆਂ ਕੋਝੀਆਂ ਕੋਸ਼ਿਸ਼ਾਂ‘ ਦਾ ਸਖ਼ਤ ਵਿਰੋਧ ਕਰਦੇ ਹਨ। ਬਾਅਦ ਵਿਚ ਮੀਡੀਆ ਕੋਲ ਮੀਟਿੰਗ ਦੇ ਵੇਰਵੇ ਨਸ਼ਰ ਕਰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਹਰਚਰਨ ਸਿੰਘ ਬੈਸ ਨੇ ਦੱਸਿਆ ਕਿ ਕੋਰ ਕਮੇਟੀ ਨੇ ਬਹਿਬਲ ਕਲਾਂ ਦੇ ਮੁੱਖ ਗਵਾਹ ਦੀ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਦੇ ਬੇਹੱਦ ਸੰਵੇਦਨਸ਼ੀਲ ਮਾਮਲੇ ਵਿਚ ਵੀ ਸੂਬੇ ਦੇ ਰਾਜਪਾਲ ਨੂੰ ਦਖ਼ਲ ਦੇਣ ਲਈ ਕਹਿਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਰਾਜਪਾਲ ਦੇ ਧਿਆਨ ਵਿਚ ਬਹਿਬਲ ਕਲਾਂ ਕੇਸ ਦੇ ਮਰਹੂਮ ਗਵਾਹ ਦੀ ਪਤਨੀ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਨੂੰ ਲਿਆਂਦਾ ਜਾਵੇਗਾ।ਉਹਨਾਂ ਕਿਹਾ ਕਿ ਮਰਹੂਮ ਗਵਾਹ ਦੀ ਪਤਨੀ ਨੇ ਕਾਂਗਰਸੀ ਆਗੂਆਂ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਿਰੁੱਧ ਬਹੁਤ ਹੀ ਗੰਭੀਰ ਦੋਸ਼ ਲਾਏ ਹਨ। ਪਾਰਟੀ ਨੇ ਮੁੱਖ ਗਵਾਹ ਦੇ ਪਰਿਵਾਰ ਦਾ ਨਿਰਾਦਰ ਕਰਨ ਅਤੇ ਉਹਨਾਂ ਉੱਤੇ ਦਬਾਅ ਪਾਉਣ ਵਿਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਸ਼ੱਕੀ ਭੂਮਿਕਾ ਲਈ ਦੋਵੇਂ ਕਾਂਗਰਸੀਆਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਕੋਰ ਕਮੇਟੀ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਦੇ ਹਵਾਲੇ ਕੀਤੀ ਜਾਵੇ। ਕਾਂਗਰਸ ਸਰਕਾਰ ਦੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਵਿਰੁੱਧ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਹਰਿਆਣਾ ਵਿਚ ਵੱਖਰੀ ਸਿੱਖ ਕਮੇਟੀ ਬਣਾਉਣ ਸੰਬੰਧੀ ਪੰਜਾਬ ਸਰਕਾਰ ਦਾ ਤਾਜ਼ਾ ਹਲਫੀਆ ਬਿਆਨ ਸਿੱਖਾਂ ਦੇ ਗੁਰਧਾਮਾਂ ਅੰਦਰ ਰੂਹਾਨੀ ਸੋਮਿਆਂ ਦੀ ਜੜ੍ਹਾਂ ਉੱਤੇ ਹਮਲਾ ਕਰਨ ਵੱਲ ਸੇਧਿਤ ਹੈ। ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਸ ਦੀਆਂ ਸਿੱਖ ਪੰਥ ਵਿਰੁੱਧ ਕਾਂਗਰਸ ਦੇ ਪੁਰਾਣੇ ਸੁਫਨਿਆਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦਾ ਉਹੀ ਹਸ਼ਰ ਹੋਵੇਗਾ, ਜਿਹੜਾ 2002 ਵਿਚ ਉਸ ਦੀਆਂ ਐਸਜੀਪੀਸੀ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦਾ ਹੋਇਆ ਸੀ। ਸਿੱਖਾਂ ਦੇ ਦੁਸ਼ਮਣਾਂ ਦੀ ਇਸ ਤਾਜ਼ਾ ਸਾਜ਼ਿਸ਼ ਦਾ ਸਿੱਖ ਕੌਮ ਵੱਲੋਂ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇਗਾ। ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਜਥੇਦਾਰ ਤੋਤਾ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਜ਼ੀਰਾ, ਨਿਰਮਲ ਸਿੰਘ ਕਾਹਲੋਂ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ, ਬੀਬੀ ਜਗੀਰ ਕੌਰ, ਜਨਮੇਜਾ ਸਿੰਘ ਸੇਖੋਂ, ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਨੇ ਭਾਗ ਲਿਆ।