ਕੇਂਦਰ ਪਾਬੰਦੀਆਂ ਅੱਗੇ ਵਧਾਉਣ ਲਈ ਤਿਆਰ

0
511

ਨਵੀਂ ਦਿੱਲੀ – ਆਵਾਜ਼ ਬਿਊਰੋ
ਕੋਰੋਨਾ ਸੰਕਟ ਨਾਲ ਨਿਪਟਣ ਲਈ ਵੱਖੋ–ਵੱਖਰੇ ਸੁਬਿਆਂ ਵਾਸਤੇ ਇੰਚਾਰਜ ਤੈਅ ਕੀਤੇ ਗਏ ਕੇਂਦਰੀ ਮੰਤਰੀਆਂ ਨੇ ਆਪੋ–ਆਪਣੀ ਕਮਾਂਡ ਸੰਭਾਲ ਲਈ ਹੈ। ਸਾਰੇ ਮੰਤਰੀ–ਇੰਚਾਰਜ ਆਪੋ–ਆਪਣੇ ਸੂਬਿਆਂ ਦੇ ਡਿਪਟੀ ਕਮਿਸ਼ਨਰਾਂ  ਦੇ ਸਿੱਧੇ ਸੰਪਰਕ ‘ਚ ਹਨ। ਕਿਹਾ ਗਿਆ ਹੈ ਕਿ ਉਹ ਹਰ ਪਿੰਡ, ਕਸਬੇ ਤੇ ਸ਼ਹਿਰ ਤੱਕ ਜਾ ਕੇ ਲੋਕਾਂ ਦੀ ਹਾਲਤ ਬਾਰੇ ਜਾਣਕਾਰੀ ਲੈਣ। ਉਨ੍ਹਾਂ ਨੂੰ ਜਾਗਰੂਕ ਕਰਨ ਤੇ ਲੌਕਡਾਊਨ ਦੀ ਹਾਲਤ ਯਕੀਨੀ ਬਣਾਉਣ। ਸਰਕਾਰੀ ਸੂਤਰਾਂ ਮੁਤਾਬਕ ਲੌਕਡਾਊਨ ਦੀ ਮਿਆਦ ਹੋਰ ਅੱਗੇ ਵਧਾਈ ਜਾ ਸਕਦੀ ਹੈ। ਇੱਕ ਹਫ਼ਤੇ ‘ਚ ਕੋਰੋਨਾ ਦੀ ਲਾਗ ਤੋਂ ਗ੍ਰਸਤ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਸੂਬਾ ਸਰਕਾਰ ਨਾਲ ਕੇਂਦਰੀ ਮੰਤਰੀਆਂ ਦੇ ਵੀ ਸਰਗਰਮ ਹੋਣ ਨਾਲ ਸਰਕਾਰੀ ਅਮਲਾ ਹਰਕਤ ‘ਚ ਆ ਗਿਆ ਹੈ ਤੇ ਪਿੰਡਾਂ ਤੋਂ ਲੈ ਕੇ ਜ਼ਿਲ੍ਹੇ ਤੱਕ ਤੇਜ਼ੀ ਨਾਲ ਕੰਮ ਸ਼ੁਰੂ ਹੋ ਗਿਆ ਹੈ। ਸ਼ੁਰੂਆਤੀ ਦੋ ਦਿਨਾਂ ‘ਚ ਹੀ ਇਸ ਦੇ ਵਧੀਆ ਸੰਕੇਤ ਮਿਲੇ ਹਨ। ਸਭ ਤੋਂ ਵੱਧ ਨਜ਼ਰ ਉਨ੍ਹਾਂ ਲੋਕਾਂ ਉੱਤੇ ਰੱਖੀ ਜਾ ਰਹੀ ਹੈ, ਜੋ ਕਿਸੇ ਹੋਰ ਸਥਾਨਾਂ/ਸ਼ਹਿਰਾਂ ਤੋਂ ਹਿਜਰਤ ਕਰ ਕੇ ਪਿੰਡਾਂ ‘ਚ ਪੁੱਜੇ ਹਨ। ਅਜਿਹੇ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ; ਤਾਂ ਜੋ ਜੇ ਉਨ੍ਹਾਂ ਤੱਕ ਕੋਰੋਨਾ ਦੀ ਲਾਗ ਪੁੱਜ ਚੁੱਕੀ ਹੈ, ਤਾਂ ਉਹ ਪਿੰਡਾਂ ‘ਚ ਨਾ ਫੈਲੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਮੰਤਰੀਆਂ ਨੂੰ ਕੋਰੋਨਾ ਫੈਲਣ ਤੋਂ ਰੋਕਣ ਲਈ ਚੁੱਕੇ ਕਦਮਾਂ ਉੱਤੇ ਰੋਜ਼ਾਨਾ ਰਿਪੋਰਟ ਪੇਸ਼ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਰੋਗੀਆਂ ਨੂੰ ਅਲੱਗ ਕਰਨ ਦੀ ਸਹੂਲਤ, ਜ਼ਰੂਰੀ ਵਸਤਾਂ ਦੀ ਉਪਲਬਧਤਾ ਦੇ ਪ੍ਰਭਾਵ ਨਾਲ ਨਿਪਟਣ ਨੂੰ ਲੈ ਕੇ ਰਿਪੋਰਟ ਕਰਨਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਇਸ ਮਾਰੂ ਵਾਇਰਸ ਦੇ 75 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 830 ਹੋ ਗਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ ਹੈ। ਕੋਰੋਨਾ ਦਾ ਪ੍ਰਕੋਪ ਦੇਸ਼ ਦੇ 27 ਰਾਜਾਂ ਤੇ ਕੇਂਦਰ
ਸ਼ਾਸਤ ਪ੍ਰਦੇਸ਼ਾਂ ਤੱਕ ਫੈਲ ਚੁੱਕਾ ਹੈ। ਕੇਰਲ, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ‘ਚ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਪੰਜਾਬ ‘ਚ ਵੀ ਇਹ ਗਿਣਤੀ ਹੁਣ ਵਧ ਕੇ 38 ਹੋ ਚੁੱਕੀ ਹੈ।