ਕੇਂਦਰ ਖੇਤੀ ਕਾਨੂੰਨਾਂ ਦੀ ਜੰਗ ਹਾਰ ਚੁੱਕਾ

0
50

ਨਵੀਂ ਦਿੱਲੀ – ਆਵਾਜ਼ ਬਿਊਰੋ
ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੀਆਂ ਮੀਟਿੰਗਾਂ ਦੇ ਬੇਸਿੱਟਾ ਰਹਿਣ ਦੌਰਾਨ ਅੱਜ ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਆਰੰਭੇ ਸੰਘਰਸ਼ ਦੀ ਲੜਾਈ ਕੇਂਦਰ ਸਰਕਾਰ ਹਾਰ ਚੁੱਕੀ ਹੈ। ਕਿਸਾਨ ਨੇਤਾਵਾਂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹਾਰੀ ਹੋਈ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੀ ਹਾਰ ਐਲਾਨ ਕਰਨ ਲਈ ਕੋਈ ਨਾ ਕੋਈ ਬਹਾਨੇ ਲੱਭ ਰਹੀ ਹੈ। ਕਿਸਾਨ ਨੇਤਾਵਾਂ ਨੇ ਇਸ ਦੌਰਾਨ ਦੱਸਿਆ ਕਿ 8 ਜਨਵਰੀ ਨੂੰ ਹੋਣ ਜਾ ਰਹੀ ਮੀਟਿੰਗ ਵਿੱਚੋਂ ਵੀ ਸਾਨੂੰ ਹੁਣ ਕੋਈ ਉਮੀਦ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਉੱਪਰ ਲਗਾਤਾਰ ਦਬਾਅ ਪਾਉਣ ਲਈ ਅਸੀਂ ਆਪਣੀਆਂ ਰਣਨੀਤੀਆਂ ਤਹਿਤ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਦੱਸਿਆ ਕਿ 6 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੀਤਾ ਜਾਵੇਗਾ। ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਖਰਾਬ ਮੌਸਮ ਦਾ ਸਾਡੇ ਸੰਘਰਸ਼ ਉੱਪਰ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਆਏ ਕਿਸਾਨਾਂ ਨੂੰ ਵਕਤੀ ਮੁਸੀਬਤਾਂ ਨਾਲ
ਭਾਵੇਂ ਵੱਡਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ 7 ਜਨਵਰੀ ਨੂੰ ਸਵੇਰੇ 11 ਵਜੇ ਦਿੱਲੀ ਦੇ ਚਾਰੇ ਪਾਸਿਓਂ ਐਕਸਪ੍ਰੈੱਸ ਵੇਅ ਟਰੈਕਟਰ ਮਾਰਚ ਕਰਦਿਆਂ ਘੇਰੇ ਜਾਣਗੇ। 9 ਜਨਵਰੀ ਨੂੰ ਕਿਸਾਨ ਨੇਤਾ ਛੋਟੂ ਰਾਮ ਦੀ ਬਰਸੀ ਮਨਾਉਂਦਿਆਂ ਸਾਰੇ ਮੋਰਚਿਆਂ ’ਤੇ ਉਨ੍ਹਾਂ ਦੀ ਕਿਸਾਨਾਂ ਨੂੰ ਦੇਣ ਯਾਦ ਕੀਤੀ ਜਾਵੇਗੀ। 13 ਜਨਵਰੀ ਨੂੰ ਲੋਹੜੀ ਦਾ ਦਿਹਾੜਾ ਵੀ ਕਿਸਾਨ ਸੰਕਲਪ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ ਅਤੇ ਰਾਤ ਨੂੰ ਲੋਹੜੀ ਦੀ ਧੂਣੀ ਦੌਰਾਨ ਤਿੰਨੇ ਕਿਸਾਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਅਤੇ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਉਂਦਿਆਂ ਕਿਸਾਨੀ ਜਾਗਰੂਕਤਾ ਦੇ ਪ੍ਰੋਗਰਾਮ ਕੀਤੇ ਜਾਣਗੇ। 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕਿਸਾਨ ਆਪਣੇ ਟਰੈਕਟਰਾਂ ਨਾਲ ਦਿੱਲੀ ਵਿੱਚ ਦਾਖਲ ਹੋਣਗੇ। ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ 6 ਜਨਵਰੀ ਬੁੱਧਵਾਰ ਤੋਂ ਦੋ ਹਫਤੇ ਲਈ ਦੇਸ਼ ਭਰ ਵਿੱਚ ਕਿਸਾਨ ਜਾਗਰਿਤੀ ਮੁਹਿੰਮ ਵੀ ਆਰੰਭੀ ਜਾ ਰਹੀ ਹੈ।