ਕੁਰਸੀ ਖਾਤਰ ਸ਼ਿਵ ਸੈਨਾ ਨੇ ਬਦਲ ਲਈ ਵਿਚਾਰਧਾਰਾ

0
344

ਮੁੰਬਈ -ਆਵਾਜ ਬਿੳੂਰੋ
ਮਹਾਂਰਾਸ਼ਟਰ ਵਿਧਾਨ ਸਭਾ ਦੇ ਟੁੱਟਵੇਂ ਲੋਕ ਫਤਵੇ ਨੇ ਬਹੁਤੇ ਲੋਕਾਂ ਦੀਆਂ ਜ਼ਮੀਰਾਂ ਬਦਲ ਦਿੱਤੀਆਂ ਹਨ। ਸਭ ਤੋਂ ਵੱਧ ਜਿਸ ਨੇ ਆਪਣਾ ਆਪ ਬਦਲਿਆ ਹੈ, ਉਹ ਦੇਸ਼ ਦੀ ਆਪਣੇ ਆਪ ਨੂੰ ਸਭ ਤੋਂ ਵੱਧ ਕੱਟੜ ਕਹਾਉਂਦੀ ਸ਼ਿਵ ਸੈਨਾ ਹੈ। ਉਸ ਨੇ ਆਪਣਾ ਮੁੱਖ ਮੰਤਰੀ ਬਣਾਉਣ ਦੀ ਖਾਤਰ ਚੋਣਾਂ ਤੋਂ ਬਾਅਦ ਸਿਰਫ ਆਪਣਾ ਏਜੰਡਾ ਹੀ ਨਹੀਂ ਬਦਲਿਆ, ਸਗੋਂ ਕੰਮ ਕਰਨ ਦਾ ਤੌਰ ਤਰੀਕਾ ਵੀ ਬਦਲ ਲਿਆ। ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀਆਂ ਨਜ਼ਰਾਂ ਵਿੱਚ ਚੰਗੀ ਬਣਨ ਲਈ ਸ਼ਿਵ ਸੈਨਾ ਹੁਣ ਆਪਣੇ ਆਪ ਨੂੰ ਬਹੁਤ ਉਦਾਰਵਾਦੀ ਅਤੇ ਖੁੱਲ੍ਹੇ ਦਿਲ ਵਾਲੀ ਸਾਬਤ ਕਰ ਰਹੀ ਹੈ। ਸ਼ਿਵ ਸੈਨਾ ਦੇ ਇੱਕ ਸਮਾਂ ਸੀ ਅਜਿਹੇ ਆਗੂ ਸਨ, ਜੋ ਆਪਣੇ ਸਿਧਾਤਾਂ ਤੋਂ ਹੇਠਾਂ ਕੁੱਝ ਵੀ ਪ੍ਰਵਾਨ ਨਹੀਂ ਕਰਦੇ ਸਨ। ਅੱਜ ਸਥਿਤੀ ਇਹ ਹੈ ਕਿ ਸ਼ਿਵ ਸੈਨਾ ਦੇ ਮੁੱਖੀ ਨੂੰ ਖੁਦ ਕਾਂਗਰਸ
ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਹੇਠਲੇ ਆਗੂਆਂ ਕੋਲ ਜਾ ਕੇ ਹਮਾਇਤ ਦੀ ਭੀਖ ਮੰਗਣੀ ਪੈ ਰਹੀ ਹੈ। ਜਿਸ ਸੋਨੀਆ ਗਾਂਧੀ ਉੱਪਰ ਸ਼ਿਵ ਸੈਨਾ ਦੇ ਬਾਨੀ ਬਾਲਾ ਸਾਹਿਬ ਠਾਕਰੇ ਉਸ ਨੂੰ ਵਿਦੇਸ਼ੀ ਮੂਲ ਦੀ ਔਰਤ ਕਹਿ ਕੇ ਲਗਾਤਾਰ ਹਮਲੇ ਕਰਦੇ ਸਨ ਅਤੇ ਦੇਸ਼ ਵਿਰੋਧੀ ਕਰਾਰ ਦਿੰਦੇ ਸਨ, ਉਸੇ ਸੋਨੀਆ ਗਾਂਧੀ ਨਾਲ ਬਾਲਾ ਸਾਹਿਬ ਠਾਕਰੇ ਦੇ ਪੁੱਤਰ ੳੂਧਵ ਠਾਕਰੇ ਘੰਟਿਆਂ ਬੱਧੀ ਲੰਬੀ ਗੱਲਬਾਤ ਦੌਰਾਨ ਕੁਰਸੀ ਦੇ ਸਮਝੌਤੇ ਕਰਨ ਲਈ ਮਜਬੂਰ ਹੋ ਰਹੇ ਹਨ। ਸ਼ਿਵ ਸੈਨਾ ਦੇ ਕੱਟੜਤਾ ਦੀ ਪੱਧਰ ’ਤੇ ਬਹੁਤ ਉੱਚੇ ਉੱਡਣ ਵਾਲੇ ਜਹਾਜ ਨੇ ਹੁਣ ਏਨੀ ਨਿਵਾਨ ਛੂਹ ਲਈ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਜੇ ਉਨ੍ਹਾਂ ਨੂੰ ਕਾਂਗਰਸੀਆਂ ਦੇ ਦਰਵਾਜ਼ੇ ਅੱਗੇ ਖੜ੍ਹੇ ਵੀ ਹੋਣਾ ਪਵੇ ਤਾਂ ਉਹ ਇੱਕ ਪੈਰ ’ਤੇ ਖੜ੍ਹੇ ਹੋਣ ਲਈ ਵੀ ਤਿਆਰ ਹਨ। ਇਨ੍ਹਾਂ ਹਾਲਾਤਾਂ ਦੌਰਾਨ ਵੀ ਸ਼ਿਵ ਸੈਨਾ ਦੇ ਕਈ ਵੱਡੇ ਆਗੂਆਂ ਵੱਲੋਂ ਭਾਜਪਾ ਨਾਲ ਸਾਂਝ ਟੁੱਟਣ ਦਾ ਦਰਦ ਛੁਪਾਉਣ ਦੀ ਕੋਸ਼ਿਸ਼ ਕੀਤੇ ਜਾਣ ਦੇ ਬਾਵਜੂਦ ਇਹ ਦਰਦ ਨਹੀਂ ਛੁੱਪ ਰਿਹਾ। ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਓਤ ਨੇ ਅੱਜ ਫਿਰ ਕਿਹਾ ਕਿ ਜਿਸ ਕਮਰੇ ਵਿੱਚ ਬਾਲਾ ਸਾਹਿਬ ਠਾਕਰੇ ਨਰਿੰਦਰ ਮੋਦੀ ਨੂੰ ਅਸ਼ੀਰਵਾਦ ਦਿਆ ਕਰਦੇ ਸਨ, ਸਾਨੂੰ ਬਾਲਾ ਸਾਹਿਬ ਠਾਕਰੇ ਦੀ ਸਹੁੰ, ਉਸੇ ਕਮਰੇ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸ਼ਿਵ ਸੈਨਾ ਮੁੱਖੀ ੳੂਧਵ ਠਾਕਰੇ ਵਿਚਾਲੇ ਚੋਣ ਜਿੱਤਣ ਦੀ ਹਾਲਤ ਵਿੱਚ ਢਾਈ-ਢਾਈ ਸਾਲ ਦੋਵਾਂ ਪਾਰਟੀਆਂ ਦੇ ਮੁੱਖ ਮੰਤਰੀ ਬਣਾਉਣ ਦੀ ਗੱਲਬਾਤ ਹੋਈ ਸੀ। ਸੰਜੇ ਰਾਓਤ ਨੇ ਕਿਹਾ ਕਿ ਬਾਲਾ ਸਾਹਿਬ ਠਾਕਰੇ ਦਾ ਕਮਰਾ ਸਾਡੇ ਲਈ ਸਧਾਰਣ ਕਮਰਾ ਨਹੀਂ, ਉਹ ਸਾਡੇ ਲਈ ਪੂਜਣ ਵਾਲੀ ਥਾਂ ਹੈ ਅਤੇ ਅਸੀਂ ਇਸ ਨੂੰ ਮੰਦਰ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬਾਲਾ ਸਾਹਿਬ ਦੀ ਸਹੁੰ ਖਾ ਕੇ ਕਹਿੰਦੇ ਹਾਂ ਕਿ ਭਾਜਪਾ ਨਾਲ ਵਾਰੋ-ਵਾਰੀ ਮੁੱਖ ਮੰਤਰੀ ਬਣਾਉਣ ਦੀ ਗੱਲ ਹੋਈ ਸੀ। ਸੰਜੇ ਰਾਓਤ ਨੇ ਕਿਹਾ ਕਿ ਅਸੀਂ ਝੂਠ ਨਹੀਂ ਬੋਲ ਰਹੇ, ਸ਼ਿਵ ਸੈਨਾ, ਪ੍ਰਾਣ ਜਾਏ ਪਰ ਵਚਨ ਨਾ ਜਾਏ ਦੇ ਸਿਧਾਂਤ ਉੱਪਰ ਦਿ੍ਰੜਤਾ ਨਾਲ ਪਹਿਰਾ ਦੇਣ ਵਾਲੀ ਪਾਰਟੀ ਹੈ। ਸੰਜੇ ਰਾਓਤ ਨੇ ਇਹ ਵੀ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਉੱਪਰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਮੰਗੀਆਂ ਅਤੇ ਲੋਕਾਂ ਨੇ ਸਾਨੂੰ ਭਰਵਾਂ ਪਿਆਰ ਦਿੱਤਾ। ਸੰਜੇ ਰਾਓਤ ਨੇ ਕਿਹਾ ਕਿ ਮੋਦੀ ਦੇਸ਼ ਦੇ ਸਭ ਤੋਂ ਵੱਡੇ ਨੇਤਾ ਹਨ। ਅਸੀਂ ਹਮੇਸ਼ਾਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ। ਸੰਜੇ ਰਾਓਤ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇੱਕ ਟੁੱਕ ਕਹਿ ਦਿੱਤਾ ਹੈ ਕਿ ਸ਼ਿਵ ਸੈਨਾ ਨੇ ਸਾਡੇ ਨਾਲ ਮਿਲ ਕੇ ਸਰਕਾਰ ਬਣਾਉਣੀ ਹੈ ਤਾਂ ਮੁੱਖ ਮੰਤਰੀ ਭਾਜਪਾ ਦਾ ਹੀ ਬਣੇਗਾ। ਉਨ੍ਹਾਂ ਕਿਹਾ ਕਿ ਇਹ ਗੱਲ ਅਸੀਂ ਇੱਕ ਵਾਰ ਨਹੀਂ ਸੌ ਵਾਰ ਕਹੀ ਹੈ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਸਟੇਜਾਂ ਤੋਂ ਫੜ ਨਵੀਸ ਨੂੰ ਅਗਲੇ ਪੰਜ ਸਾਲ ਲਈ ਮੁੱਖ ਮੰਤਰੀ ਬਣਾਉਣ ਦਾ ਲੋਕਾਂ ਨਾਲ ਵਾਅਦਾ ਕਰ ਰਹੇ ਸਾਂ ਤਾਂ ਉਦੋਂ ਸ਼ਿਵ ਸੈਨਾ ਚੁੱਪ ਕਿਉਂ ਰਹੀ? ਉਦੋਂ ਇਸ ਨੇ ਵਿਰੋਧ ਕਿਉਂ ਨਹੀਂ ਕੀਤਾ? ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਹੁਣ ਅਸੀਂ ਸ਼ਿਵ ਸੈਨਾ ਨਾਲੋਂ ਸਿਆਸੀ ਗੱਠਜੋੜ ਤੋੜ ਲਿਆ ਹੈ। ਉਸ ਕੋਲ ਛੇ ਮਹੀਨੇ ਲਈ ਖੁੱਲ੍ਹਾ ਮੌਕਾ ਹੈ ਕਿ ਉਹ ਜਿਸ ਨਾਲ ਵੀ ਮਿਲ ਕੇ ਚਾਹੇ ਸਰਕਾਰ ਬਣਾ ਸਕਦੀ ਹੈ।