ਕਿਸਾਨ ਅੰਦੋਲਨ ਨੂੰ ਭਖਦਾ ਰੱਖਣ ਲਈ ਆਰਐਮਪੀ ਡਾਕਟਰਾਂ ਦਾ ਵੱਡਾ ਸਹਿਯੋਗ

0
57

ਗੋਨਿਆਨਾ ਸੱਤਪਾਲ ਬਾਂਸਲ
ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਪਰ ਧੱਕੇ ਨਾਲ ਥੋਪੇ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਵਿਚ ਕਾਰਪੋਰੇਟ ਘਰਾਣਿਆਂ ਦੇ ਟੋਲ ਪਲਾਜ਼ੇ, ਮਾਲ, ਪੈਟਰੋਲ ਪੰਪ ਅੱਗੇ ਰੋਸ ਧਰਨੇ ਲਗਾਤਾਰ ਜਾਰੀ ਹਨ। ਇਨਾਂ ਰੋਸ ਧਰਨਿਆਂ ਵਿਚ ਜਿਥੇ ਕਿਸਾਨ, ਮਜ਼ਦੂਰ, ਦੁਕਾਨਦਾਰ, ਆੜਤੀ ਅਤੇ ਛੋਟੇ ਕਾਰੋਬਾਰੀ ਸ਼ਮੂਲੀਅਤ ਕਰਦੇ ਹਨ। ਉੱਥੇ ਸਭ ਤੋਂ ਵੱਡਾ ਸਹਿਯੋਗ ਪਿੰਡਾਂ ਦੇ ਆਰਐਮਪੀ ਡਾਕਟਰਾਂ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਲੜੀ ਤਹਿਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਮੰਡੀ ਵਲੋਂ ਜੀਦਾ ਟੋਲ ਪਲਾਜ਼ਾ ਉੱਪਰ ਲਗਾਏ ਗਏ ਧਰਨੇ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਧਰਨੇ ਵਿੱਚ ਪਹੁੰਚ ਕੇ ਹਰ ਵਰਗ ਦੀ ਸੇਵਾ ਕੀਤੀ ਜਾ ਰਹੀ ਹੈ ।ਇਸ ਸੰਬੰਧੀ ਪ੍ਰੈੱਸ ਸਕੱਤਰ ਡਾ. ਚੇਤ ਸਿੰਘ ਦਿਉਣ ਨੇ ਦੱਸਿਆ ਕਿ ਜੀਦਾ ਟੋਲ ਪਲਾਜ਼ਾ ਅੱਗੇ ਜੋ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ, ਬਲਾਕ ਬਠਿੰਡਾ ਅਤੇ ਬਲਾਕ ਭਗਤਾ ਵੱਲੋਂ ਲਗਾਏ ਗਏ ਇਸ ਧਰਨੇ ਨੂੰ ਲਗਭਗ ਛੇ ਮਹੀਨਿਆਂ ਦਾ ਵਕਫ਼ਾ ਹੋ ਚੁੱਕਾ ਹੈ । ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆਂ ਦੀ ਅਗਵਾਈ ਹੇਠ ਪਿਛਲੇ 6 ਮਹੀਨਿਆਂ ਤੋਂ ਟੋਲ ਪਲਾਜ਼ਾ ਦੇ ਧਰਨੇ ਵਿਚ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਦਵਾਈਆਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿੰਨਾ ਸਮਾਂ ਪੰਜਾਬ ਹੀ ਨਹੀਂ ਬਲਕਿ ਦਿੱਲੀ ਦੇ ਬਾਰਡਰਾਂ ਉੱਪਰ ਕਿਸਾਨ ਅੰਦੋਲਨ ਚਲਾਉਣਗੀਆਂ, ਉਨਾਂ ਸਮਾਂ ਬਲਾਕ ਗੋਨਿਆਣਾ ਮੰਡੀ ਹੀ ਨਹੀਂ ਬਲਕਿ ਪੰਜਾਬ ਦੀ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਗ਼ੁਲਾਮ ਬਣ ਚੁੱਕੀ ਹੈ ।ਇਨਾਂ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਹੜੱਪਣੀਆਂ ਚਾਹੁੰਦੀ ਹੈ, ਪਰ ਅੱਜ ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਹਰ ਵਰਗ ਇੱਕਮੁੱਠ ਹੋ ਚੁੱਕਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਡਾਕਟਰਾਂ ਵੱਲੋਂ ਕਿਸਾਨ ਧਰਨਿਆਂ ਦੌਰਾਨ ਚੱਲ ਰਹੇ ਮੈਡੀਕਲ ਕੈਂਪਾਂ ਵਿੱਚ ਦਵਾਈਆਂ ਅਤੇ ਹੋਰ ਸਹੂਲਤਾਂ ਦੇਣ ਲਈ ਅਗਲੀ ਰਣਨੀਤੀ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ । ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆ ਨੇ ਜੀਦਾ ਟੋਲ ਪਲਾਜ਼ਾ ਉੱਪਰ ਲਗਭਗ 6 ਮਹੀਨਿਆਂ ਤੋਂ ਚੱਲ ਰਹੇ ਮੈਡੀਕਲ ਕੈਂਪ ਵਿੱਚ ਲਗਾਤਾਰ ਸੇਵਾ ਨਿਭਾਉਣ ਵਾਲੇ ਡਾ. ਸੁਖਦੇਵ ਸਿੰਘ ਜੀਦਾ, ਡਾ. ਗੁਰਤੇਜ ਸਿੰਘ ਜੀਦਾ, ਡਾ. ਜਗਸੀਰ ਸਿੰਘ ਜੀਦਾ, ਡਾ. ਨਛੱਤਰ ਸਿੰਘ ਖੇਮੂਆਣਾ, ਡਾ. ਜਗਤਾਰ ਸਿੰਘ ਖੇਮੂਆਣਾ ਦਾ ਐਸੋਸੀਏਸ਼ਨ ਵੱਲੋਂ ਧੰਨਵਾਦ ਕੀਤਾ । ਜਿਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਬਿਨਾਂ ਨਾਗਾ ਪਾਇਆ ਜੀਦਾ ਟੋਲ ਪਲਾਜ਼ਾ ਦੇ ਧਰਨੇ ਤੇ ਲੱਗੇ ਮੈਡੀਕਲ ਕੈਂਪ ਵਿਚ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ।