ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਮੰਡੀ ਬੋਰਡ ਦੀ ਯੋਜਨਾ : ਮੱਛਲੀ ਕਲਾਂ

0
65

ਖਰੜ ਸੁਖਵਿੰਦਰ ਸਿੰਘ
ਖੇਤੀਬਾੜੀ ਹਾਦਸਾ ਪੀੜਤਾਂ ਦੀ ਮਾਲੀ ਮਦਦ ਕਰਨ ਦਾ ਅਮਲ ਜਾਰੀ ਰੱਖਦਿਆਂ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਸ਼ਾਮਪੁਰ ਦੇ ਕਿਸਾਨ ਨੂੰ 10 ਹਜ਼ਾਰ ਰੁਪਏ ਦੀ ਸਹਾਇਤਾ ਦਾ ਚੈੱਕ ਸੌਂਪਿਆ। ਸ੍ਰੀ ਮੱਛਲੀ ਕਲਾਂ ਨੇ ਦਸਿਆ ਕਿ ਕਿਸਾਨ ਜਸਪਾਲ ਗਿਰ ਪੁੱਤਰ ਪੂਰਨ ਚੰਦ ਦੇ ਸੱਜੇ ਹੱਥ ਦੀ ਪਹਿਲੀ ਉਂਗਲ ਟੋਕੇ ਵਾਲੀ ਮਸ਼ੀਨ ਦੀ ਲਪੇਟ ਵਿਚ ਆਉਣ ਕਾਰਨ ਕੱਟੀ ਗਈ ਸੀ। ਉਸ ਨੇ ਵਿੱਤੀ ਸਹਾਇਤਾ ਲਈ ਅਰਜ਼ੀ ਮਾਰਕੀਟ ਕਮੇਟੀ ਖਰੜ ਦੇ ਦਫ਼ਤਰ ਵਿਚ 4 ਜੁਲਾਈ 2020 ਨੂੰ ਦਿਤੀ ਸੀ। ਮੱਛਲੀ ਕਲਾਂ ਨੇ ਦਸਿਆ ਕਿ ਜਸਪਾਲ ਗਿਰ ਦੀ ਅਰਜ਼ੀ ਨੂੰ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਪ੍ਰਵਾਨਗੀ ਦਿਤੀ ਗਈ ਅਤੇ ਉਸ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਖਰੜ ਵਲੋਂ ਅਜਿਹੇ ਹਾਦਸਾ ਪੀੜਤਾਂ ਨੂੰ ਹੁਣ ਤਕ ਲੱਖਾਂ ਰੁਪਏ ਦੀ ਵਿੱਤੀ ਮਦਦ ਦਿਤੀ ਜਾ ਚੁੱਕੀ ਹੈ। ਮੱਛਲੀ ਕਲਾਂ ਨੇ ਕਿਹਾ ਕਿ ਉਨ੍ਹਾਂ ਕਮੇਟੀ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਹੈ ਕਿ ਵਿੱਤੀ ਮਦਦ ਲਈ ਆਈ ਅਰਜ਼ੀ ’ਤੇ ਤੁਰੰਤ ਵਿਚਾਰ ਕੀਤਾ ਜਾਵੇ ਅਤੇ ਬਿਨਾਂ ਕਿਸੇ ਦੇਰੀ ਪੀੜਤ ਕਿਸਾਨ ਨੂੰ ਵਿੱਤੀ ਮਦਦ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਖ਼ਾਸਕਰ ਕਿਸਾਨਾਂ ਦੀ ਭਲਾਈ ਅਤੇ ਬਿਹਤਰੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਕਿਉਂਕਿ ਹਾਦਸਾ ਦਾ ਸ਼ਿਕਾਰ ਹੋਇਆ ਕਿਸਾਨ ਕਈ ਵਾਰ ਅਪਣਾ ਇਲਾਜ ਕਰਨ ਦੇ ਵੀ ਸਮਰੱਥ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਉਸ ਨੂੰ ਦਿਤੀ ਜਾਂਦੀ ਵਿੱਤੀ ਮਦਦ ਕਾਫ਼ੀ ਫ਼ਾਇਦੇਮੰਦ ਹੁੁੰਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਦੀ ਇਸ ਯੋਜਨਾ ਤਹਿਤ ਖੇਤਾਂ ਅਤੇ ਮੰਡੀਆਂ ਵਿਚ ਕੰਮ ਕਰਦੇ ਸਮੇਂ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਾਰਨ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਜਾਂ ਉਨ੍ਹਾਂ ਦੇ ਪਰਵਾਰਾਂ ਨੂੰ ਵਿੱਤੀ ਸਹਾਇਤਾ ਦਿਤੀ ਜਾਂਦੀ ਹੈ। ਇਹ ਸਹਾਇਤਾ ਕਿਸਾਨਾਂ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਵੀ ਲੈ ਸਕਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਚਰਨਜੀਤ ਸਿੰਘ ਲੇਖਾਕਾਰ ਤੋਂ
ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।