ਕਿਸਾਨਾਂ ਨੇ ਵਿਧਾਇਕਾ ਬਲਜਿੰਦਰ ਕੌਰ ਨੂੰ ਸੌਂਪਿਆ ਕਿਸਾਨੀ ਮਸਲਿਆਂ ਸਬੰਧੀ ਚਿਤਾਵਨੀ ਪੱਤਰ

0
215

ਤਲਵੰਡੀ ਸਾਬੋ ਸਿੱਧੂ
ਕਿਸਾਨੀ ਮੰਗਾਂ ਲਈ ਕਿਸਾਨ ਜਥੇਬੰਦੀਆਂ ਵੱਲੋਂ ਗਠਿਤ ‘ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਨੁਮਾਇੰਦਿਆਂ ਨੇ ਅੱਜ ਹਲਕੇ ਦੀ ‘ਆਪ’ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਦੇ ਗ੍ਰਹਿ ਵਿਖੇ ਪੁੱਜ ਕੇ ਉਨਾਂ ਨੂੰ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਸਹਿਯੋਗ ਮੰਗਦਿਆਂ ਇੱਕ ਚਿਤਾਵਨੀ ਪੱਤਰ ਸੌਂਪਿਆ। ਕਿਸਾਨਾਂ ਨੇ ਇਸ ਮੌਕੇ ਵਿਧਾਇਕਾ ਨੂੰ ਕਿਹਾ ਕਿ ਜਿੱਥੇ ਉਹ ਆਪਣੀ ਸੰਵਿਧਾਨਿਕ ਤਾਕਤ ਦਾ ਇਸਤੇਮਾਲ ਕਰਦਿਆਂ ਉਨਾਂ ਦਾ ਇਹ ਪੱਤਰ ਸੂਬੇ ਅਤੇ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣ ਤਾਂਕਿ ਸਮੁੱਚੇ ਦੇਸ਼ ਦੇ ਕਿਸਾਨਾਂ ਲਈ ਖਤਰਾ ਬਣ ਰਹੇ ਕੇਂਦਰ ਦੇ ਕੁਝ ਆਰਡੀਨੈਸਾਂ ਤੇ ਰੋਕ ਲਗਾਉਣ ਦਾ ਰਾਹ ਪੱਧਰਾ ਹੋ ਸਕੇ ਉੱਥੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਲਈ ਖੁਦ ਵੀ ਵਿਧਾਨ ਸਭਾ ਵਿੱਚ ਅਤੇ ਸਰਕਾਰ ਤੱਕ ਆਵਾਜ ਉਠਾਉਣ।ਉਨਾਂ ਇਹ ਵੀ ਕਿਹਾ ਕਿ ਜੇ ਤੁਸੀਂ ਆਵਾਜ ਨਹੀ ਉਠਾਉਗੇ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਪਿੰਡਾਂ/ਸ਼ਹਿਰਾਂ ਵਿੱਚ ਤੁਹਾਡੇ ਪ੍ਰਤੀ ਰੋਸ ਦਾ ਇਜਹਾਰ ਵੀ ਕਰ ਸਕਦੇ ਹਨ।ਚਿਤਾਵਨੀ ਪੱਤਰ ਦੇਣ ਸਮੇਂ ਮੱਖਣ ਸਿੰਘ ਗੁਰੂਸਰ,ਰਾਜਮਹਿੰਦਰ ਸਿੰਘ ਕੋਟਭਾਰਾ,ਪਰਮਜੀਤ ਸਿੰਘ,ਧਨੰਤਰ ਸਿੰਘ,ਤਾਰਾ ਸਿੰਘ ਜਮਹੂਰੀ ਕਿਸਾਨ ਸਭਾ ਆਦਿ ਆਗੂ ਹਾਜਿਰ ਸਨ। ਉੱਧਰ ਪਤਾ ਲੱਗਾ ਹੈ ਕਿ ਵਿਧਾਇਕਾ ਬਲਜਿੰਦਰ ਕੌਰ ਨੇ ਕਿਸਾਨਾਂ ਦੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਹਿਲਾਂ ਵੀ ਹਮੇਸ਼ਾਂ ਕਿਸਾਨਾਂ ਦੇ ਪੱਖ ਵਿੱਚ ਖੜਦੇ ਰਹੇ ਹਨ ਅਤੇ ਹੁਣ ਵੀ ਜਿੱਥੇ ਕਿਤੇ ਲੋੜ ਪਈ ਉਹ ਕਿਸਾਨ ਹਿੱਤਾਂ ਦੀ ਰਾਖੀ ਤੋਂ ਪਿੱਛੇ ਨਹੀ ਹਟਣਗੇ।