ਕਸ਼ਮੀਰੀ ਔਰਤਾਂ ਦਾ ਅਪਮਾਨ ਵੱਡਾ ਗੁਨਾਹ : ਸਿੰਘ ਸਾਹਿਬ

0
337

ਅੰਮਿ੍ਰਤਸਰ – ਮੋਤਾ ਸਿੰਘ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਪ੍ਰਮਾਤਮਾ ਨੇ ਸਭ ਇਨਸਾਨਾਂ ਨੂੰ ਜੀਵਨ ਜਿਊਣ ਲਈ ਬਰਾਬਰ ਦੇ ਹੱਕ ਦਿੱਤੇ ਹਨ ਕਿਸੇ ਇਨਸਾਨ ਨਾਲ ਔਰਤ, ਜਾਤ-ਪਾਤ ਜਾਂ ਨਸਲੀ ਅਧਾਰ ‘ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ’ਚ ਧੱਕਣ ਦਾ ਗੁਨਾਹ ਨਾ ਮੁਆਫ਼ੀ ਯੋਗ ਹੁੰਦਾ ਹੈ। ਕਸ਼ਮੀਰ ’ਚ ਧਾਰਾ 370 ਖਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜੁਕ ਹਲਾਤਾਂ ’ਚ ਸੋਸ਼ਲ ਮੀਡੀਆ ਖੇਤਰ ਦੀ ਇੱਕ ਖਾਸ ਕਿਸਮ ਦੀ ਭੀੜ ਸਮੇਤ ਚੁਣੇ ਹੋਏ ਕੁਝ ਸਿਆਸੀ ਆਗੂਆਂ ਅਤੇ ਧਾਰਮਿਕ ਪਹਿਰਾਵੇ ਵਾਲੇ ਲੋਕਾਂ ਵੱਲੋਂ ਵੀ ਕਸ਼ਮੀਰ ਦੀਆਂ ਸਮੂਹ ਬਹੁ-ਬੇਟੀਆਂ ਦੀ ਇੱਜਤ ਆਬਰੂ ਅਤੇ ਸਵੈਮਾਣ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਐਲਾਨ, ਜਿੱਥੇ ਸਮੁੱਚੇ ਔਰਤ ਜਗਤ ਦਾ ਅਪਮਾਨ ਕਰ ਰਹੇ ਹਨ ਉੱਥੇ ਹੀ ਇਹ ਵੱਡੇ ਗੁਨਾਹ ਹਨ ਜੋ ਬਖਸ਼ਣਯੋਗ ਨਹੀਂ। ਅਸਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਏ ‘ਤੇ ਫੋਟੋਆਂ ਪਾ ਕੇ ਉਨ੍ਹਾਂ ’ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿਚ ਸਿਰ ਨੀਵਾਂ ਕੀਤਾ ਹੈ। ਇਨ੍ਹਾਂ ਅਨਸਰਾਂ ਦੇ ਐਲਾਨਾਂ ਨਾਲ ਪ੍ਰਗਟ ਹੋਈ ਮਾਨਸਿਕਤਾ ਨੇ ਜਿੱਥੇ ਰੱਬ ਦਾ ਦੂਜਾ ਰੂਪ ਮੰਨੀ ਜਾਂਦੀ ਔਰਤ ਨੂੰ ਕੇਵਲ ਦੇਹ ਦੇ ਰੂਪ ਤੱਕ ਸੀਮਤ ਕਰ ਦਿੱਤਾ ਹੈ ਉੱਥੇ ਹੀ ਔਰਤ ਦੇ ਬਾਕੀ ਮਾਂ, ਭੈਣ, ਪਤਨੀ, ਦਾਦੀ ਵਾਲੇ ਮਹਾਨ ਪਵਿੱਤਰ ਰੂਪਾਂ ਨੂੰ ਦਫ਼ਨਾ ਦਿੱਤਾ ਹੋਇਆ ਹੈ, ਜਿਨ੍ਹਾਂ ਰੂਪਾਂ ਸਦਕਾ ਸਮੁੱਚੀ ਸਿ੍ਰਸ਼ਟੀ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ ਅਤੇ ਸੰਤੁਲਨ ਬਣਾ ਕੇ ਰੱਖਦੀ ਹੈ।ਕਸ਼ਮੀਰੀ ਬੇਟੀਆਂ ਦੀ ਆੜ ’ਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ 1984 ’ਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤੱਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲੇਆਮ ਐਲਾਨ ਹੋ ਰਹੇ ਹਨ।ਕਸ਼ਮੀਰ ਦੀਆਂ ਬਹੁ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ।ਕਸ਼ਮੀਰੀ ਔਰਤਾਂ ਦੇ ਗੌਰਵ ਅਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ।ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ। ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੱੁਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।

ਖੱਟੜ ਦੀ ਸਫਾਈ, ਕਸ਼ਮੀਰੀ ਕੁੜੀਆਂ ਮੇਰੀਆਂ ਵੀ ਧੀਆਂManohar

ਚੰਡੀਗੜ੍ਹ – ਆਵਾਜ਼ ਬਿੳੂਰੋ
ਕਸ਼ਮੀਰੀ ਕੁੜੀਆਂ ’ਤੇ ਬਿਆਨ ਦੇਣ ’ਤੇ ਵਿਵਾਦਾਂ ’ਚ ਘਿਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, ‘‘ਮੈ ਕਸ਼ਮੀਰੀ ਕੁੜੀਆਂ ਨੂੰ ਆਪਣੀਆਂ ਧੀਆਂ ਬਰਾਬਰ ਸਮਝਦਾ ਹਾਂ। ਮੇਰਾ ਇਰਾਦਾ ਗਲਤ ਟਿੱਪਣੀ ਕਰਨ ਦਾ ਨਹੀਂ ਸੀ। ਦੇਸ਼ ਦੀ ਹਰ ਧੀ ਸਾਡੀ ਧੀ ਹੈ।’’ ਦੱਸ ਦੇਈਏ ਕਿ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਭਾਜਪਾ ਨੇਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਫਤਿਹਾਬਾਦ ’ਚ ਇੱਕ ਪ੍ਰੋਗਰਾਮ ਦੌਰਾਨ ਕਸ਼ਮੀਰੀ ਕੁੜੀਆਂ ’ਤੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਹੈ, ‘ਸਾਡੇ ਮੰਤਰੀ ਓ. ਪੀ. ਧਨਖੜ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ ਪਰ ਹੁਣ ਲੋਕ ਕਹਿੰਦੇ ਹਨ ਕਿ ਕਸ਼ਮੀਰ ਦਾ ਰਸਤਾ ਸਾਫ ਹੋ ਗਿਆ ਹੈ ਅਤੇ ਕਸ਼ਮੀਰ ਤੋਂ ਕੁੜੀਆਂ ਲਿਆਵਾਂਗੇ।’’ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ਨੇ ਖੱਟੜ ਦੀ ਨਿੰਦਿਆ ਕੀਤੀ। ਸਵਾਤੀ ਮਾਲੀਵਾਲ ਨੇ ਸੀ. ਐੱਮ. ਖੱਟੜ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਨ ਤੱਕ ਦੀ ਮੰਗ ਕੀਤੀ ਹੈ। ਸਵਾਤੀ ਮਾਲੀਵਾਲ ਨੇ ਇਹ ਵੀ ਕਿਹਾ ਹੈ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਭਰੋਸਾ ਦਿਵਾਉਣ ’ਚ ਲੱਗੇ ਹਨ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ ਪਰ ਮੁੱਖ ਮੰਤਰੀ ਦੇ ਇਤਰਾਜ਼ਯੋਗ ਸ਼ਬਕ ਹਿੰਸਾ ਭੜਕਾ ਰਹੇ ਹਨ।’’

ਕਸ਼ਮੀਰ ਦੀ ਬਹੂ-ਬੇਟੀਆਂ ਬਾਰੇ ਖੱਟਰ ਦਾ ਬਿਆਨ ਮੰਦਭਾਗਾ : ਸ਼ਾਹੀ ਇਮਾਮ ਪੰਜਾਬshahi imam pic today

ਲੁਧਿਆਣਾ – ਪਨੇਸਰ, ਪੁਰੀ, ਲਖਵਿੰਦਰ ਸਿੰਘ
ਕਿਹਾ, ਸਿੰਘ ਸਾਹਿਬ ਦਾ ਫਰਮਾਨ ਕਾਬੀਲੇ ਤਾਰੀਫ਼
ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ ਦੇਸ਼ ਭਰ ‘ਚ ਇਹ ਮਸਲਾ ਗਰਮ ਹੈ ਇਸੀ ਦੌਰਾਨ ਬੀਤੇ ਦਿਨ ਹਰਿਆਣਾ ’ਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਕਸ਼ਮੀਰੀ ਬੇਟੀਆਂ ਨੂੰ ਲਈ ਜੋ ਬਿਆਨ ਦਿੱਤਾ ਹੈ ਉਸਦੀ ਭਾਰਤੀ ਮੁਸਲਮਾਨਾਂ ਦੀ ਜਮਾਤ ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਸਖ਼ਤ ਸ਼ਬਦਾਂ ’ਚ ਨਖੇਧੀ ਕੀਤੀ ਹੈ, ਮਜਲਿਸ ਦੇ ਮੁੱਖ ਦਫਤਰ ਜਾਮਾ ਮਸਜਿਦ ਲੁਧਿਆਣਾ ਤੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਸ਼੍ਰੀ ਖੱਟਰ ਦਾ ਬਿਆਨ ਉਹਨਾਂ ਦੀ ਔਰਤਾਂ ਪ੍ਰਤੀ ਸੋਚ ਜਾਹਿਰ ਕਰਦਾ ਹੈ ਅਤੇ ਇਸਦੇ ਨਾਲ ਹੀ ਉਨਾਂ ‘ਚ ਲੁੱਕੀ ਹੋਈ ਧਾਰਮਿਕ ਕੱਟੜਤਾ ਵੀ ਬੇਨਕਾਬ ਹੋ ਗਈ ਹੈ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਜਿੱਥੇ ਖੱਟਰ ਵਰਗੇ ਸਿਆਸਤਦਾਨ ਕਸ਼ਮੀਰ ਮਸਲੇ ਨੂੰ ਲੈ ਕੇ ਨਫ਼ਰਤ ਭਰੀਆਂ ਗੱਲਾਂ ਕਰ ਰਹੇ ਹਨ ਉਥੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕਸ਼ਮੀਰ ਦੀਆਂ ਬੇਟੀਆਂ ਦੀ ਰੱਖਿਆ ਨੂੰ ਲੈ ਕੇ ਆਇਆ ਫਰਮਾਨ ਕਾਬੀਲੇ ਤਾਰੀਫ਼ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਕੁਝ ਲੋਕ ਦੇਸ਼ ਭਗਤੀ ਅਤੇ ਸੱਤਾ ਦੇ ਨਾਮ ‘ਤੇ ਗੁੰਡਾਗਰਦੀ ਕਰਨਾ ਚਾਹੁੰਦੇ ਹਨ ਇਨਾਂ ਨੂੰ ਭੁਲੇਖਾ ਹੈ ਕਿ ਉਹ ਜਿੱਦਾ ਮਰਜੀ ਚਾਹੁਣ ਜੁਲਮ ਕਰ ਸਕਦੇ ਹਨ ਤਾਂ ਉਹ ਆਪਣੇ ਦਿਮਾਗ ‘ਚੋਂ ਕੱਡ ਦੇਣ ਕਿ ਗੁੰਡਾਗਰਦੀ ਕਿਸੀ ਕੀਮਤ ਤੇ ਬਰਦਾਸਤ ਨਹੀਂ ਕੀਤੀ ਜਾਵੇਗੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਦੇਸ਼ ਦੀ ਜੰਗ-ਏ- ਅਜ਼ਾਦੀ ’ਚ ਅੰਗਰੇਜਾਂ ਦੇ ਖਿਲਾਫ਼ ਲੜਦੇ ਹੋਏ ਬੇਸ਼ੁਮਾਰ ਕੁਰਬਾਨੀਆਂ ਇਸ ਲਈ ਨਹੀਂ ਦਿੱਤੀਆਂ ਸਨ ਕਿ ਫਿਰਕੂ ਤਾਕਤਾਂ ਸਰੇ ਆਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਨ ਦੀਆਂ ਗੱਲਾਂ ਕਰਨ। ਇਕ ਸਵਾਲ ਦੇ ਜਵਾਬ ’ਚ ਸ਼ਾਹੀ ਇਮਾਮ ਸਾਹਿਬ ਨੇ ਕਿਹਾ ਕਿ ਤਾਕਤ ਮਿਲਣ ‘ਤੇ ਇਨਸਾਨ ਉੱਚਾ ਨਹੀਂ ਬਲਕਿ ਬੇਨਕਾਬ ਹੁੰਦਾ ਹੈ।