ਕਮਿਸ਼ਨ ਅਤੇ ਰਿਸ਼ਵਤ ਨਾ ਮਿਲਣ ਕਰਕੇ ਕੇਂਦਰੀ ਯੋਜਨਾਵਾਂ ਲਾਗੂ ਨਹੀਂ ਕਰ ਰਹੇ ਕਈ ਸੂਬੇ : ਮੋਦੀ

0
323

ਕੋਲਕਤਾ – ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਦੋ ਦਿਨਾਂ ਦੌਰੇ ਦੌਰਾਨ ਅੱਜ ਕੋਲਕਤਾ ਬੰਦਰਗਾਹ ਦਾ ਨਾਂਅ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਬੰਦਰਗਾਹਕਰਨ ਦਾ ਐਲਾਨ ਕਰਦਿਆਂ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਦੇਸ਼ ਨੂੰ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸ਼ਖਸੀਅਤਾਂ ਨੇ ਪੱਛਮੀ ਬੰਗਾਲ ਅਤੇ ਦੇਸ਼ ਦੇ ਉਦਯੋਗੀਕਰਨ ਦਾ ਵੱਡਾ ਸੁਪਨਾ ਦੇਖਿਆ ਸੀ। ਮੋਦੀ ਨੇ ਕਿਹਾ ਕਿ ਪਿਛਲੇ ਸਮਿਆਂ ਵਿੱਚ ਸੱਤਾ ਵਿੱਚ ਰਹੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਦੋਵਾਂ ਸ਼ਖਸੀਅਤਾਂ ਦੇ ਸੁਪਨੇ ਪੂਰੇ ਕਰਨ ਦੇ ਮਾਮਲੇ ਵਿੱਚ ਮੂੰਹ ਮੋੜੀ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ਵਧੀਆ ਸ਼ਾਸਨ ਅਤੇ ਸਹੂਲਤਾਂ ਦੇਣ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਸਮੇਤ ਕਈ ਸੂਬੇ ਇਨ੍ਹਾਂ ਯੋਜਨਾਵਾਂ ਨੂੰ ਇਸ ਲਈ ਲਾਗੂ ਨਹੀਂ ਕਰ ਰਹੇ ਕਿ ਸਰਕਾਰਾਂ ਚਲਾ ਰਹੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਵਿੱਚੋਂ ਕੋਈ ਕਮਿਸ਼ਨ ਜਾਂ ਰਿਸ਼ਵਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੂਸ਼ਮਾਨ ਭਾਰਤ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਸਮੇਤ ਅਨੇਕਾਂ ਯੋਜਨਾਵਾਂ ਹਨ, ਜਿਨ੍ਹਾਂ ਤੋਂ ਪੱਛਮੀ ਬੰਗਾਲ ਦੇ ਲੋਕਾਂ ਨੂੰ ਵੀ ਮਮਤਾ ਬੈਨਰਜੀ ਦੀ ਸਰਕਾਰ ਨੇ ਵਾਂਝੇ ਰੱਖਿਆ ਹੋਇਆ ਹੈ। ਮੋਦੀ ਨੇ ਕਿਹਾ ਕਿ ਅਯੂਸ਼ਮਾਨ ਭਾਰਤ ਯੋਜਨਾ ਨਾਲ ਹੁਣ ਤੱਕ 75 ਲੱਖ ਤੋਂ ਵੱਧ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਨੂੰ ਮੁਫਤ ਇਲਾਜ ਨਾਲ ਨਵੀਂ ਜ਼ਿੰਦਗੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਦੇ ਲਾਭ ਲੈਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ। ਮੋਦੀ ਨੇ ਇਹ ਵੀ ਕਿਹਾ ਕਿ ਸਾਡੀਆਂ ਵਿਰੋਧੀ ਪਾਰਟੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਚਾਹੁੰਦੀਆਂ ਹਨ ਜਿਨ੍ਹਾਂ ਵਿੱਚ ਉਹ ਸਿੰਡੀਕੇਟ ਬਣਾ ਕੇ ਸਰਕਾਰੀ ਖਜਾਨੇ ਦਾ ਪੈਸਾ ਆਪਣੇ ਘਰਾਂ ਵਿੱਚ ਜਮ੍ਹਾਂ ਕਰ ਸਕਣ। ਮੋਦੀ ਨੇ ਕਿਹਾ ਕਿ ਹੁਣ ਇਸ ਤਰ੍ਹਾਂ ਦੀਆਂ ਯੋਜਨਾਵਾਂ ਦੇ ਸਮੇਂ ਲੰਘ ਗਏ ਹਨ।
ਖੱਬੇਪੱਖੀਆਂ ਦੇ ਡਰ ਕਾਰਨ ਅੱਜ ਮੋਦੀ ਤੋਂ ਦੂਰ ਰਹੀ ਮਮਤਾ ਦੀਦੀ
ਕੋਲਕਤਾ – ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾ ਪੱਛਮੀ ਬੰਗਾਲ ਦੌਰੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਭਵਨ ਵਿਖੇ ਵਿਸ਼ੇਸ਼ ਤੌਰ ’ਤੇ ਮਿਲਣ ਗਈ। ਕਾਮਰੇਡਾਂ ਨੇ ਮਮਤਾ ਬੈਨਰਜੀ ਵੱਲੋਂ ਮੋਦੀ ਨਾਲ ਮੁਲਾਕਾਤ ਨੂੰ ਦੋਹਰਾ ਕਿਰਦਾਰ ਕਰਾਰ ਦਿੱਤਾ ਤਾਂ ਅੱਜ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੁਰਸੀ ਸਾਂਝੀ ਕਰਨ ਤੋਂ ਟਾਲਾ ਵਟ ਲਿਆ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ, ਖੱਬੇ ਪੱਖੀਆਂ ਅਤੇ ਮਮਤਾ ਬੈਨਰਜੀ ਵਿਚਾਲੇ ਇੱਕ ਦੂਜੇ ਦੇ ਪਰ ਕੁਤਰਣ ਲਈ ਚੂਹਾ ਦੌੜ ਚੱਲ ਰਹੀ ਹੈ। ਭਾਰਤ ਬੰਦ ਦੌਰਾਨ ਕਾਂਗਰਸ ਅਤੇ ਖੱਬੇ ਪੱਖੀਆਂ ਦੇ ਇਕੱਠੇ ਹੋਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਾਂਗਰਸ ਨਾਲੋਂ ਤੋੜ ਵਿਛੋੜੇ ਦਾ ਐਲਾਨ ਕਰ ਦਿੱਤਾ ਸੀ ਅਤੇ ਕਾਂਗਰਸ ਉੱਪਰ ਦੋਹਰੀ ਖੇਡ ਖੇਡਣ ਦਾ ਦੋਸ਼ ਲਗਾਇਆ ਸੀ। ਬੀਤੇ ਕੱਲ੍ਹ ਮਮਤਾ ਬੈਨਰਜੀ ਵੱਲੋਂ ਇੱਕ ਪਾਸੇ ਨਾਗਰਿਕਤਾ ਕਾਨੂੰਨ ਵਿਰੁੱਧ ਰੋਸ ਧਰਨੇ ਦੇਣ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਜਾਣ ਦੇ ਮਾਮਲੇ ਵਿੱਚ ਉਸ ਉੱਪਰ ਦੋਹਰੇ ਕਿਰਦਾਰ ਦਾ ਦੋਸ਼ ਲਗਾਇਆ ਸੀ।