ਐਨਜੀਟੀ ਦੀ ਮੀਟਿੰਗ ਵਿੱਚ ਗੂੰਜਿਆ ਵੇਈਂ ਵਿੱਚ ਮਰੀਆਂ ਮੱਛੀਆਂ ਦਾ ਮੁੱਦਾ

0
105

 

ਸੁਲਤਾਨਪੁਰ ਲੋਧੀ ਮਲਕੀਤ ਕੌਰ, ਅਰਵਿੰਦ
ਪਵਿੱਤਰ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਪਾਣੀਆਂ ਕਾਰਨ ਆਕਸੀਜਨ ਦੀ ਆਈ ਕਮੀ ਕਰਕੇ ਪਿਛਲੇ 11 ਦਿਨਾਂ ਤੋਂ ਮੱਛੀਆਂ ਲਗਾਤਾਰ ਮਰ ਰਹੀਆਂ ਹਨ।ਵੇਈਂ ਵਿੱਚ ਮੱਛੀਆਂ ਏਨੀਆਂ ਜ਼ਿਆਦਾ ਮਰ ਗਈਆਂ ਹਨ ਕਿ ਉਨ੍ਹਾਂ ਨੂੰ ਬਾਹਰ ਕੱਢਣ ਲਈ ਹੁਣ ਸੰਤ ਸੀਚੇਵਾਲ ਦੇ ਸੇਵਾਦਾਰ ਨੇ ਪਿਛਲੇ ਦੋ ਦਿਨਾਂ ਤੋਂ ਐਕਸਾਵੇਟਰ ਤੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਇਸ ਗੰਭੀਰ ਹੁੰਦੇ ਜਾ ਰਹੇ ਮਸਲੇ ਨੂੰ ਆਨ-ਲਾਈਨ ਹੋਈ ਐਨ ਜੀ ਟੀ ਦੀ ਨਿਗਰਾਨ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ ਹੈ ਉਥੇ ਐਨਜੀਟੀ ਦੇ ਚੇਅਰਮੈਨ, ਕੇਂਦਰੀ ਜਲ ਸ਼ਕਤੀ ਮੰਤਰੀ, ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਚਿੱਠੀਆਂ ਲਿਖਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਇਸੇ ਦੌਰਾਨ ਪੰਜਾਬ ਦੀ ਨਿਗਰਾਨ ਕਮੇਟੀ ਦੀ ਮੀਟਿੰਗ ਸੇਵਾ ਮੁਕਤ ਜਸਟਿਸ ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਵਿੱਚ ਸੰਤ ਸੀਚੇਵਾਲ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਸੀ। ਸੰਤ ਸੀਚੇਵਾਲ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਦੇ ਧਿਆਨ ਵਿੱਚ ਲਿਆਦਾ ਕਿ ਕਿਵੇਂ ਪਵਿੱਤਰ ਵੇਈਂ ਵਿੱਚ ਲਗਾਤਾਰ ਪੈ ਰਹੇ ਗੰਦੇ ਪਾਣੀ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਸਾਫ ਪਾਣੀ ਨਹਿਰਾਂ ਦੀ ਮੁਰੰਮਤ ਲਈ ਹਰ ਸਾਲ ਵਿਸਾਖੀ ਮੌਕੇ ਬੰਦ ਕਰ ਲਿਆ ਜਾਂਦਾ ਹੈ ਪਰ ਸੈਦੋ ਭੁਲਾਣਾ ਦੀਆਂ ਕਲੌਨੀਆਂ ਅਤੇ ਕਪੂਰਥਲਾ ਸ਼ਹਿਰ ਦੇ ਗੰਦੇ ਪਾਣੀ ਜੋ ਲਗਾਤਾਰ ਵੇਈਂ ਵਿੱਚ ਪੈ ਰਹੇ ਹਨ। ਉਸ ਨੂੰ ਵੇਈਂ ਦੀ ਕਾਰ ਸੇਵਾ ਦੇ 21 ਸਾਲ ਬਾਅਦ ਵੀ ਸਰਕਾਰ ਬੰਦ ਨਹੀਂ ਕਰਵਾ ਸਕੀ।ਇਤਿਹਾਸਕ ਪਵਿੱਤਰ ਵੇਈਂ ( ਨਦੀ) ਵਿੱਚ ਗੰਦੇ ਪਾਣੀ ਕਾਰਨ ਵੱਡੀ ਗਿਣਤੀ ਵਿੱਚ ਮੱਛੀਆਂ ਮਰ ਗਈਆਂ ਹਨ।ਇਹ ਦੁਖਦਾਇਕ ਘਟਨਾ ਨਾਲ ਵਾਤਾਵਰਣ ਪ੍ਰੇਮੀਆਂ ਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ।ਸਭ ਤੋਂ ਮਾੜੀ ਇਹ ਗੱਲ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਸੰਵੇਦਨਸ਼ੀਲਤਾ ਮਰ ਚੁੱਕੀ ਹੈ ਤੇ ਜਲਚਰ ਜੀਵਾਂ ਦੀ ਦਰਦਨਾਕ ਮੌਤ ਨਾਲ ਵੀ ਉਨ੍ਹਾਂ ਦਾ ਮਨ ਪਸੀਜ਼ਿਆ ਨਹੀਂ ਜਾਂਦਾ। ਇਸ ਵਰਤਾਰੇ ਨਾਲ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।ਇਹ ਹੋਰ ਵੀ ਦੁਖ ਦੀ ਗੱਲ ਹੈ ਕਿ ਸਾਲ 2012, 2013, 2015 ਤੇ 2017 ਤੋਂ ਬਾਅਦ ਸਾਲ 2021 ਵਿੱਚ ਵੀ ਗੰਦੇ ਪਾਣੀ ਪੈਣ ਨਾਲ ਮੱਛੀਆਂ ਲਗਾਤਾਰ ਮਰੀਆਂ ਹਨ।