ਇੰਡੋਨੇਸ਼ੀਆ ’ਚ ਭੂਚਾਲ, 6 ਹਲਾਕ

0
205

ਜਕਾਰਤਾ ਆਵਾਜ਼ ਬਿੳੂਰੋ
ਇੰਡੋਨੇਸ਼ੀਆ ਦੇ ਮਾਲੂਕੂ ਸੂਬੇ ‘ਚ ਵੀਰਵਾਰ ਆਏ 6.5 ਤੀਬਰਤਾ ਦੇ ਜ਼ਬਰਦਸਤ ਭੂਚਾਲ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ ਇਕ ਦਰਜਨ ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਹਨ। ਸੀਨੀਅਰ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਥੇ ਹੀ ਇੰਡੋਨੇਸ਼ੀਆ ਦੀ ਸਥਾਨਕ ਆਪਦਾ ਏਜੰਸੀ ਦਾ ਕਹਿਣਾ ਹੈ ਕਿ ਇਸ ਦੌਰਾਨ ਘੱਟ ਤੋਂ ਘੱਟ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸੂਬੇ ਦੀ ਰਾਜਧਾਨੀ ਅੰਬੋਨ ਵਿਖੇ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਸੈਕਟਰੀ ਈਵਾ ਤੁਹੂਮੂਰੀ ਨੇ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਭੂਚਾਲ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਥਾਨਕ ਲੋਕ ਆਪਣੇ ਘਰਾਂ ਨੂੰ ਛੱਡ ਕੇ ਖੁੱਲੇ ਮੈਦਾਨਾਂ ਵੱਲ ਭੱਜਣ ਲੱਗੇ। ਅਧਿਕਾਰੀ ਨੇ ਦੱਸਿਆ ਕਿ ਇਸ ਭੂਚਾਲ ਕਾਰਨ ਯੂਨੀਵਰਸਿਟੀ ਦੀ ਇਮਾਰਤ ਤੇ ਇਕ ਪੁਲ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਤੇ ਸ਼ਹਿਰ ‘ਚ ਜ਼ਮੀਨ ਖਿਸਕਣ ਦੀ ਵੀ ਘਟਨਾ ਵਾਪਰੀ ਹੈ।“ਜ਼ਮੀਨ ਖਿਸਕਣ ਕਾਰਨ 6 ਲੋਕ ਨੁਕਸਾਨੀ ਗਈ ਇਮਾਰਤ ਦੇ ਬਲਾਕਾਂ ਦੀ ਲਪੇਟ ‘ਚ ਆ ਗਏ। ਮੌਸਮ ਵਿਗਿਆਨ ਤੇ ਭੂ-ਭੌਤਿਕ ਵਿਗਿਆਨ ਏਜੰਸੀ ਦੇ ਅਧਿਕਾਰੀ ਅਲੀ ਇਮਰਨ ਨੇ ਸਿਨਹੂਆ ਨੂੰ ਫੋਨ ਰਾਹੀਂ ਦੱਸਿਆ ਕਿ ਭੂਚਾਲ ਸਵੇਰੇ 6.46 ਵਜੇ ਆਇਆ, ਭੂਚਾਲ ਦਾ ਕੇਂਦਰ ਅੰਬੋਨ ਦੇ 40 ਕਿਲੋਮੀਟਰ ਉੱਤਰ-ਪੂਰਬ ਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਵੇਰੇ 7.39 ਵਜੇ 5.6 ਤੀਬਰਤਾ ਦਾ ਇਕ ਹੋਰ ਝਟਕਾ ਲੱਗਿਆ।