ਆਰ.ਓ. ਪਲਾਂਟਾ ’ਤੇ ਲਗਾਏ ਲੱਖਾਂ ਰੁਪਏ ਪੈਣ ਲੱਗੇ ਖੂਹ ਖਾਤੇ

0
44

ਬਰੇਟਾ ਰੀਤਵਾਲ
ਬਰੇਟਾ ਇਲਾਕੇ ‘ਚ ਆਰ.ਓ. ਪਲਾਂਟਾ ’ਤੇ ਲਗਾਏ ਲੱਖਾਂ ਰੁਪਏ ਖੂਹ ਖਾਤੇ ਪੈਣ ਲੱਗੇ ਹਨ । ਦੱਸਣਯੋਗ ਹੈ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਸੂਬੇ ਭਰ ’ਚ ਪੀਣ ਵਾਲਾ ਪਾਣੀ ਜ਼ਿਆਦਾਤਰ ਸਾਫ਼ ਨਾ ਹੋਣ ਕਾਰਨ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇੱਕ ਵੱਡੀ ਯੋਜਨਾ ਅਧੀਨ ਸੂਬੇ ਦੇ ਹਰ ਜ਼ਿਲ੍ਹੇ ਅਤੇ ਪਿੰਡਾਂ ਅੰਦਰ ਅਨੇਕਾਂ ਆਰ.ਓ. ਪਲਾਂਟ ਸਥਾਪਤ ਕੀਤੇ ਗਏ ਸਨ । ਜਿਸ ਨਾਲ ਲੋਕਾਂ ਨੂੰ ਸ਼ੁੱਧ ਪਾਣੀ ਲਈ ਬਹੁਤ ਵੱਡੀ ਰਾਹਤ ਪ੍ਰਦਾਨ ਹੋਈ । ਇਨ੍ਹਾਂ ਆਰ.ਓ. ਪਲਾਂਟਾਂ ਦੇ ਸ਼ੁਰੂਆਤੀ ਸਮੇਂ ਵਿੱਚ ਤਾਂ ਇਹ ਪਿੰਡਾਂ/ਸ਼ਹਿਰਾਂ ਲਈ ਵਰਦਾਨ ਸਿੱਧ ਹੋਏ, ਕਿਉਂਕਿ ਪਿੰਡ ਵਾਸੀਆਂ ਨੇ ਸਾਫ਼ ਸੁਥਰਾ ਪਾਣੀ ਇਨ੍ਹਾਂ ਆਰ.ਓ. ਪਲਾਂਟ ਤੋਂ ਲੈ ਕੇ ਪੀਣ ਲਈ ਯੋਗ ਸਮਝਿਆ, ਪ੍ਰੰਤੂ ਹੌਲੀ-ਹੌਲੀ ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਹ ਆਰ.ਓ. ਪਲਾਂਟ ਬੰਦ ਪਏ ਖਸਤਾ ਹਾਲਤ ਵਿੱਚ ਹੁੰਦੇ ਦਿਖਾਈ ਦੇਣ ਲੱਗੇ । ਇਸੇ ਤਰ੍ਹਾਂ ਜੇਕਰ ਸਥਾਨਕ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂ ਵਿੱਚ ਵੱਖ ਵੱਖ ਥਾਵਾਂ ਤੇ 8 ਦੇ ਕਰੀਬ ਆਰ.ਓ.ਪਲਾਂਟ ਲਗਾਏ ਗਏ ਸਨ । ਜਿਨ੍ਹਾਂ ਵਿੱਚੋਂ ਪਿੰਡ ਵਾਲੀ ਸਾਇਡ 2 ਨੂੰ ਤਾਂ ਸ਼ੁਰੂ ‘ਚ ਹੀ ਤਾਲੇ ਵਜ੍ਹ ਗਏ ਸਨ ਅਤੇ ਰਹਿੰਦੇ ਧਰਮਪੁਰੇ ਰੋਡ ਵਾਲੇ ਆਰ.ਓ.ਪਲਾਂਟ ਨੂੰ ਕਿਸੇ ਖਰਾਬੀ ਦੇ ਕਾਰਨ ਪਿਛਲੇ ਕੁਝ ਦਿਨਾਂ ਤੋਂ ਬੰਦ ਕੀਤਾ ਗਿਆ ਹੈ ਅਤੇ ਇਸੇ ਤਰਾਂ੍ਹ ਕੁੜੀਆਂ ਵਾਲੇ ਸਕੂਲ ਦੇ ਨਜ਼ਦੀਕ ਲੱਗਾ ਆਰ.ਓ.ਪਲਾਂਟ ਵੀ ਪਿਛਲੇ ਕੁਝ ਦਿਨਾਂ ਤੋਂ ਬੰਦ ਪਿਆ ਹੈ । ਜਿਸਦੇ ਕਾਰਨ ਹੁਣ ਖਪਤਕਾਰ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹਨ ।ਦੂਜੇ ਪਾਸੇ ਬੰਦ ਪਏ ਆਰ.ਓ.ਪਲਾਂਟਾ ਨੂੰ ਲੈ ਕੇ ਸਮਾਜਸੇਵੀ ਜਗਮੇਲ ਸਿੰਘ ਕਾਲਾ ਅਤੇ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕੰਪਨੀ ਦੀਆਂ ਅਣਗਹਿਲੀਆਂ ਕਾਰਨ ਬਰੇਟਾ ‘ਚ ਲੱਗੇ ਆਰ.ਓ ਪਲਾਂਟ ਇੱਕ ਇੱਕ ਕਰਕੇ ਬੰਦ ਹੋ ਰਹੇ ਹਨ । ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਬੰਦ ਪਏ ਆਰ.ਓ. ਪਲਾਂਟਾ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ। ਜਦ ਇਸ ਸਬੰਧੀ ਵਿਭਾਗ ਦੇ ਫੀਲਡ ਅਫਸਰ ਜਸਵੀਰ ਸਿੰਘ ਨਾਲ ਰਾਬਿਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਛੋਟੀ ਮੋਟੀ ਖਰਾਬੀ ਦੇ ਕਾਰਨ ਇਹ ਦੋਂਵੇ ਆਰ.ਓ. ਪਲਾਂਟ ਦੋ ਚਾਰ ਦਿਨਾਂ ਤੋਂ ਬੰਦ ਹਨ । ਜਿਨ੍ਹਾਂ ਨੂੰ ਜਲਦ ਹੀ ਚਾਲੂ ਕੀਤਾ ਜਾ ਰਿਹਾ ਹੈ ।