ਅੱਜ ਦੁਸਹਿਰੇ ਦੇ ਭੋਗ ‘ਤੇ ਵਿਸ਼ੇਸ਼ : ਧਾਰਮਿਕ ਬਿਰਤੀ ਤੇ ਸਹਿਜ ਸੁਭਾਅ ਵਾਲੇ ਸਨ ਭਾਈ ਵੀਰ ਸਿੰਘ ਜੀ

0
280

20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਭਾਈ ਵੀਰ ਸਿੰਘ ਜੀ ਜੋ 29 ਨਵੰਬਰ ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦਾ ਸਮੁੱਚਾ ਜੀਵਨ ਧਰਮ-ਕਰਮ ਦੀ ਕਮਾਈ ਕਰਦਿਆਂ ਹੀ ਬਤੀਤ ਹੋਇਆ। ਮਾਤਾ ਨਿਹਾਲ ਕੌਰ ਦੀ ਕੁੱਖੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਦਮਦਮੀ ਟਕਸਾਲ ਨਾਲ ਪੱਕੇ ਤੌਰ ‘ਤੇ ਜੁੜੇ ਰਹੇ ਵੱਡੀਆਂ ਕੁਰਬਾਨੀਆਂ ਵਾਲੇ ਬਾਬਾ ਜੋਗਿੰਦਰ ਸਿੰਘ ਖ਼ਾਲਸਾ ਦੇ ਘਰ 23 ਜੂਨ 1938 ਨੂੰ ਜਨਮੇਂ ਭਾਈ ਵੀਰ ਸਿੰਘ ਸੱਤ ਭਰਾਵਾਂ ਵਿੱਚੋਂ ਤਿੰਨਾਂ ਤੋਂ ਛੋਟੇ ਅਤੇ ਤਿੰਨਾਂ ਤੋਂ ਵੱਡੇ ਸਨ। ਇਹ ਭਾਈ ਜਗੀਰ ਸਿੰਘ ਜੀ (ਸਾਕਾ ਨੀਲਾ ਤਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤੀ ਫੌਜਾਂ ਨਾਲ ਲੜਾਈ ਦੌਰਾਨ ਸ਼ਹੀਦ ਹੋਏ), ਭਾਈ ਜਗਜੀਤ ਸਿੰਘ ਜੀ (ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ), ਕੈਪਟਨ ਹਰਚਰਨ ਸਿੰਘ ਰੋਡੇ ਤੋਂ ਛੋਟੇ ਅਤੇ ਮਾਸਟਰ ਜੁਗਰਾਜ ਸਿੰਘ, ਸਰਪੰਚ ਹਰਜੀਤ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੋਂ ਵੱਡੇ ਸਨ। ਇਨ੍ਹਾਂ ਦਾ ਸ਼ੁੱਭ ਆਨੰਦ ਕਾਰਜ ਬੀਬੀ ਹਰਬੰਸ ਕੌਰ ਨਾਲ ਹੋਇਆ ਸੀ। ਇਨ੍ਹਾਂ ਦੇ ਘਰ ਦੋ ਪੁੱਤਰ ਭਾਈ ਹਰਦੀਪ ਸਿੰਘ ਅਤੇ ਭਾਈ ਕੁਲਦੀਪ ਸਿੰਘ, ਤਿੰਨ ਧੀਆਂ ਸਵਰਨ ਕੌਰ, ਪਰਮਜੀਤ ਕੌਰ ਅਤੇ ਰਛਪਾਲ ਕੌਰ ਹੋਈਆਂ। ਭਾਈ ਵੀਰ ਸਿੰਘ ਦੇ ਵੱਡੇ ਸਪੁੱਤਰ ਭਾਈ ਹਰਦੀਪ ਸਿੰਘ ਸਾਕਾ-ਨੀਲਾ-ਤਾਰਾ ਸਮੇਂ ਭਾਰਤੀ ਫੌਜਾਂ ਨਾਲ ਮੁਕਾਬਲੇ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਏ ਸਨ। ਭਾਈ ਵੀਰ ਸਿੰਘ ਜੀ ਸਫਲ ਕਿਸਾਨ ਹੋਣ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜ ਸੇਵਾ ਦੀਆਂ ਸਰਗਰਮੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਹਮੇਸ਼ਾ ਸਰੀਰਕ ਤੌਰ ‘ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕਰਦੇ ਹੋਏ ਭਾਈ ਵੀਰ ਸਿੰਘ ਗੁਰਬਾਣੀ ਪਾਠ ਦੇ ਨਿੱਤ-ਨੇਮ ਅਤੇ ਸਿੱਖ ਸਿਧਾਂਤਾਂ ਅਤੇ ਮਰਿਯਾਦਾ ਦੀ ਪਾਲਣਾ ਪ੍ਰਤੀ ਆਪ ਹਮੇਸ਼ਾ ਪਾਬੰਦ ਰਹੇ। ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਅਤੇ ਕੌਮ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਵੀ ਪੂਰੀ ਨੇਕ-ਦਿਲੀ ਨਾਲ ਨਿਭਾਇਆ। ਦੇਸ਼ ਵਿੱਚ ਐਮਰਜੈਂਸੀ ਲੱਗਣ ਵੇਲੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਭੇਜੇ ਜੱਥੇ ਵਿੱਚ ਭਾਈ ਵੀਰ ਸਿੰਘ ਜੇਲ੍ਹ ਵਿੱਚ ਵੀ ਗਏ। ਜੇਲ੍ਹ ਗਏ ਇਸ ਜੱਥੇ ਦੀ ਅਗਵਾਈ ਭਾਈ ਬਾਬਾ ਠਾਰਾ ਸਿੰਘ ਜੀ ਨੇ ਕੀਤੀ ਸੀ ਅਤੇ ਪਿੰਡ ਰੋਡੇ ਤੋਂ ਭਾਈ ਵੀਰ ਸਿੰਘ ਤੋਂ ਇਲਾਵਾ ਛੋਟੇ ਭਰਾ ਹਰਜੀਤ ਸਿੰਘ ਸਮੇਤ ਪਿੰਡ ਦੇ ਕਈ ਵਿਅਕਤੀ ਜੇਲ੍ਹ ਗਏ ਸਨ। ਇਹ ਸਾਰੇ ਐਮਰਜੈਂਸੀ ਖਤਮ ਹੋਣ ਤੱਕ ਜੇਲ੍ਹ ਵਿੱਚ ਹੀ ਰਹੇ। ਸਾਕਾ-ਨੀਲਾ-ਤਾਰਾ ਤੋਂ ਬਾਅਦ ਵੀ ਭਾਈ ਵੀਰ ਸਿੰਘ ਜੀ ਲੰਬੇ ਸਮਾਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰਹੇ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਉੱਪਰ ਅਣਮਨੁੱਖੀ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਤੋੜੀਆਂ, ਇਸੇ ਕਾਰਨ ਇਨ੍ਹਾਂ ਨੂੰ ਲੰਬੇ ਸਮਾਂ ਬੈੱਡ ਰੈਸਟ ‘ਤੇ ਰਹਿਣਾ ਪਿਆ। ਭਾਈ ਵੀਰ ਸਿੰਘ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਖ਼ਾਲਸਾ ਵੱਲੋਂ ਆਰੰਭੀ ਧਰਮ-ਪ੍ਰਚਾਰ ਦੀ ਮੁਹਿੰਮ ਦੌਰਾਨ ਲੰਬਾ ਸਮਾਂ ਅੰਮ੍ਰਿਤ-ਸੰਚਾਰ ਕਰਵਾਉਣ ਵਾਲੇ ਜੱਥੇ ਵਿੱਚ ਪੰਜ ਪਿਆਰਿਆਂ ਵਜੋਂ ਸੇਵਾ ਵੀ ਨਿਭਾਈ। ਗੁਰਬਾਣੀ ਪਾਠ ਦਾ ਖ਼ੁਦ ਸਿਮਰਨ ਕਰਨ ਦੀ ਹਰ ਸਮੇਂ ਜਗਿਆਸਾ ਵਿੱਚ ਰਹਿਣ ਵਾਲੇ ਭਾਈ ਵੀਰ ਸਿੰਘ ਹੁਰਾਂ ਨੇ ਪਿੰਡ ਦੇ ਛੋਟੇ ਬੱਚਿਆਂ ਨੂੰ ਵੀ ਪੰਜ ਬਾਣੀਆਂ, ਪੰਜ ਗੰ੍ਰਥੀ ਦੀ ਸੰਥਿਆ ਅਤੇ ਗੁਰਬੰਸਾਵਲੀ ਸਿਖਾਈ। ਉਹ ਹਮੇਸ਼ਾ ਹੀ ਗੁਰਬਾਣੀ ਪ੍ਰਚਾਰ ਨੂੰ ਹੀ ਸਮਰਪਿਤ ਰਹਿੰਦੇ ਸਨ।  ਭਾਈ ਵੀਰ ਸਿੰਘ ਜੀ ਨਮਿੱਤ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ 8 ਦਸੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸੰਤ ਖ਼ਾਲਸਾ ਪਿੰਡ ਰੋਡੇ ਵਿਖੇ ਪਾਏ ਜਾ ਰਹੇ ਹਨ। ਇਸ ਦੌਰਾਨ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਬਾਣੀ ਕਥਾ ਵਿਚਾਰਾਂ ਉਪਰੰਤ ਗੁਰੂ-ਚਰਨਾਂ ਵਿੱਚ ਅਰਦਾਸ ਹੋਵੇਗੀ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਧਾਰਮਿਕ-ਸਮਾਜਿਕ ਅਤੇ ਸਿਆਸੀ ਖੇਤਰ ਦੀਆਂ ਸ਼ਖ਼ਸੀਅਤਾਂ ਭਾਈ ਵੀਰ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਾਜ਼ਰ ਹੋਣਗੀਆਂ।  -ਪ੍ਰੋ. ਸਰਚਾਂਦ ਸਿੰਘ