ਅੰਦੋਲਨ ਤੋਂ ਪਰਤ ਰਹੇ ਕਿਸਾਨ ਦੀ ਆਪਣੇ ਹੀ ਟਰੈਕਟਰ ਹੇਠ ਆਉਣ ਨਾਲ ਗਈ ਜਾਨ

0
60

ਦਿੱਲੀ ‘ਚ ਚੱਲ ਰਹੇ ਅੰਦੋਲਨ ‘ਚ ਲਗਾਤਾਰ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੀ ਦਰਦਨਾਕ ਖਬਰ ਅੱਜ ਫਿਰ ਸਾਹਮਣੇ ਆਈ ਹੈ ਸਿੰਘੂ ਬਾਰਡਰ ਤੋਂ ਜਿਥੇ ਵਾਪਸ ਪਰਤ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕ ਜੱਥਾ ਜੋ ਟਰੈਕਟਰ ਟਰਾਲੀ ਤੇ ਦਿੱਲੀ ਤੋਂ ਐਤਵਾਰ ਸ਼ਾਮ 6 ਵਜੇ ਦੋਆਬਾ ਦੇ ਪਿੰਡ ਤਲਵੰਡੀ ਸੰਗੇੜਾ ਨੇੜੇ ਸ਼ਾਹਕੋਟ ਲਈ ਚੱਲਿਆ ਹੋਇਆ ਸੀ।

ਸੋਮਵਾਰ ਨੂੰ ਗੁਰਾਇਆ ‘ਚੋਂ ਹੁੰਦਾ ਹੋਇਆ ਜਦੋਂ ਰੁੜਕਾ ਕਲਾਂ ਕੋਲ ਉਨ੍ਹਾਂ ਦੀ ਟਰੈਕਟਰ ਟਰਾਲੀ ਆਈ ਤਾਂ ਟਰੈਕਟਰ ਦੇ ਅੱਗੇ ਬੈਠਾ 28 ਸਾਲਾ ਸੰਦੀਪ ਕੁਮਾਰ ਪੁੱਤਰ ਕੁਲਦੀਪ ਕੁਮਾਰ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਅਤੇ ਉਸਦਾ ਹੀ ਟਰੈਕਟਰ ਟਰਾਲੀ ਉਸਦੇ ਉਪਰੋਂ ਨਿਕਲ ਗਿਆ। ਜਿਸ ਨਾਲ ਸੰਦੀਪ ਦੀ ਮੌਤ ਹੋ ਗਈ।

ਸੰਦੀਪ ਦੇ ਚਾਚੇ ਬਚਿੱਤਰ ਸਿੰਘ, ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲਗਾਤਾਰ ਇਸ ਅੰਦੋਲਨ ‘ਚ ਆਪਣੀ ਹਾਜ਼ਰੀ ਲਗਵਾ ਰਿਹਾ ਸੀ ਅਤੇ 19 ਫਰਵਰੀ ਨੂੰ ਪੰਜਾਬ ਤੋਂ ਟਰੈਕਟਰ ਟਰਾਲੀ ਲੈਣ ਲਈ ਸਿੰਘੂ ਬਾਰਡਰ ‘ਤੇ ਗਿਆ ਸੀ। ਜਮਹੂਰੀ ਕਿਸਾਨ ਸਭਾ ਦੇ ਆਗੂ ਸ਼ਿਵ ਕੁਮਾਰ ਤਿਵਾੜੀ ਨੇ ਕਿਹਾ ਕਿ ਮੋਦੀ ਸਰਕਾਰ ਕਾਰਨ 250 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ। ਇਹ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ 6 ਕਨਾਲ ਜ਼ਮੀਨ ਹੈ। ਪੰਜਾਬ ਸਰਕਾਰ ਤੋਂ ਉਨ੍ਹਾਂ ਪਰਿਵਾਰ ਲਈ ਸਰਕਾਰੀ ਨੌਕਰੀ ਦੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ।