ਅਫ਼ਗਾਨਿਸਤਾਨ ਦੇ ਕਾਬੁਲ ਤੋਂ ਭਾਰਤ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਵਿੱਤਰ ਸਰੂਪ

ਨਵੀਂ ਦਿੱਲੀ : ਭਾਰਤ ਲਗਾਤਾਰ ਅਫ਼ਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਲੱਗਾ ਹੋਇਆ ਹੈ। ਇਸ ਮਿਸ਼ਨ ਵਿੱਚ ਏਅਰ ਫੋਰਸ ਦਾ ਜਹਾਜ਼ ਮੰਗਲਵਾਰ ਨੂੰ ਕੁੱਲ 78 ਲੋਕਾਂ ਦੇ ਨਾਲ ਦਿੱਲੀ ਏਅਰਪੋਰਟ ਪਹੁੰਚਿਆ ਹੈ। ਇਨ੍ਹਾਂ ਵਿੱਚ 25 ਭਾਰਤੀ ਨਾਗਰਿਕ ਅਤੇ ਬਾਕੀ ਅਫ਼ਗਾਨ ਨਾਗਰਿਕ ਸ਼ਾਮਲ ਸਨ। ਖ਼ਾਸ ਗੱਲ ਇਹ ਹੈ ਕਿ ਇਸ ਜਹਾਜ਼ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਵੀ ਦਿੱਲੀ ਲਿਆਂਦੇ ਗਏ ਹਨ ,ਜੋ ਅਫਗਾਨਿਸਤਾਨ ਦੇ ਗੁਰਦੁਆਰਿਆਂ ਵਿੱਚ ਮੌਜੂਦ ਸਨ। ਇਸ ਦੌਰਾਨ ਦਿੱਲੀ ਹਵਾਈ ਅੱਡੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਤਿੰਨ ਹੋਰ ਮੰਤਰੀ ਦਿੱਲੀ ਹਵਾਈ ਅੱਡੇ 'ਤੇ ਕਾਬੁਲ ਤੋਂ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਨੂੰ ਰਿਸੀਵ ਕਰਨ ਪੁੱਜੇ ਸਨ। ਹਰਦੀਪ ਪੁਰੀ ਪੂਰੀ ਮਰਿਆਦਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸਿਰ 'ਤੇ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲੇ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੂਰੇ ਸਨਮਾਨ ਨਾਲ ਦਿੱਲੀ ਦੇ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਕਾਬੁਲ ਤੋਂ ਦਿੱਲੀ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਭਾਰਤ 'ਚ ਲਿਆਂਦੇ ਗਏ। ਉਨ੍ਹਾਂ ਦੀ ਸੇਵਾ ਕਰਨ ਦਾ ਅਖੰਡ ਸੌਗਾਭ ਪ੍ਰਾਪਤ ਹੋਇਆ। ਦੱਸ ਦੇਈਏ ਕਿ ਭਾਰਤ ਲਗਾਤਾਰ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢ ਰਿਹਾ ਹੈ। ਹੁਣ ਤੱਕ ਭਾਰਤ ਕਾਬੁਲ ਤੋਂ 500 ਤੋਂ ਵੱਧ ਲੋਕਾਂ ਨੂੰ ਵਾਪਸ ਲਿਆ ਚੁੱਕਾ ਹੈ। ਨਾ ਸਿਰਫ ਭਾਰਤੀ ਨਾਗਰਿਕ ਬਲਕਿ ਅਫਗਾਨ ਲੋਕਾਂ ਨੂੰ ਵੀ ਭਾਰਤ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਨੇ ਅਫਗਾਨ ਨਾਗਰਿਕਾਂ ਲਈ ਵੀਜ਼ਾ ਨਿਯਮਾਂ ਵਿੱਚ ਕਾਫ਼ੀ ਢਿੱਲ ਦਿੱਤੀ ਹੈ।

1.