About

‘ਅੱਜ ਦੀ ਆਵਾਜ਼’ ਦਾ ਸਫ਼ਰ ਅਤੇ ਉਦੇਸ਼

‘ਅੱਜ ਦੀ ਆਵਾਜ਼’ ਅਖ਼ਬਾਰ ਸ਼ੁਰੂ ਕਰਨ ਦਾ ਉਦੇਸ਼ ਕਾਰੋਬਾਰੀ ਲਾਭ ਵਾਸਤੇ ਨਹੀਂ ਸੀ, ਸਗੋਂ ਇਹ ਅਖ਼ਬਾਰ ਸ਼ੁਰੂ ਕਰਨ ਦਾ ਸੁਪਨਾ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸੀ। ਇਸ ਸੁਪਨੇ ਨੂੰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਨੇ ਪੂਰਾ ਕੀਤਾ। ਪ੍ਰੈੱਸ ਬਹੁਤ ਸ਼ਕਤੀਸ਼ਾਲੀ ਹੈ, ਪ੍ਰੰਤੂ ਇੱਕ ਪ੍ਰਸਿੱਧ ਫਿਲਾਸਫਰ ਦੇ ਕਥਨ ਅਨੁਸਾਰ ਪ੍ਰੈੱਸ ਸ਼ਕਤੀਸ਼ਾਲੀ ਹੋਣ ਦੇ ਨਾਲ-ਨਾਲ ਗੈਰ-ਜ਼ਿੰਮੇਵਾਰ ਵੀ ਹੈ। ਸੰਸਾਰ ਭਰ ਵਿੱਚ ਤਬਦੀਲੀ ਲਈ ਸ਼ੁਰੂ ਹੋਈਆਂ ਲਹਿਰਾਂ ਨੂੰ ਸਥਾਪਤ ਮੀਡੀਏ ਵੱਲੋਂ ਹਮੇਸ਼ਾ ਹੀ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਵੀ ਵੱਧ, ਤਬਦੀਲੀ ਲਈ ਜੂਝ ਰਹੀਆਂ ਲਹਿਰਾਂ ਅਤੇ ਆਗੂਆਂ ਨੂੰ ਬੇਮਤਲਬ ਦੂਸ਼ਣਬਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸਮੇਂ ਦੀਆਂ ਹਕੂਮਤਾਂ ਵੱਲੋਂ ਕਿਸੇ ਲਹਿਰ ਨੂੰ ਬਦਨਾਮ ਕਰਨ ਲਈ ਉਸ ਲਹਿਰ ਦੇ ਉਦੇਸ਼ ਅਤੇ ਆਗੂਆਂ ਦਾ ਅਕਸ ਖਰਾਬ ਕਰਨਾ ਸਥਾਪਤ ਧਿਰਾਂ ਦਾ ਪਹਿਲਾ ਹੱਥਕੰਡਾ ਹੁੰਦਾ ਹੈ। ਕੁੱਝ ਦਲਾਲ, ਬੇਅਣਖੇ, ਵਿਕਾਊ, ਕਿਸਮ ਦੇ ਲੋਕ ਹਾਕਮ ਧਿਰਾਂ ਦੇ ਕੁਹਾੜੇ ਦਾ ਦਸਤਾ ਬਣ ਜਾਂਦੇ ਹਨ। ਵੀਹਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਜਦੋਂ ਸਿੱਖ ਪ੍ਰੰਪਰਾਵਾਂ, ਸਿੱਖ ਇਤਿਹਾਸ, ਸਿੱਖ ਸਿਧਾਂਤ ਅਤੇ ਸਿੱਖ ਗੈਰਤ ਨੂੰ ਵੰਗਾਰਨ ਵਾਲੀਆਂ ਸ਼ਕਤੀਆਂ ਸਿੱਧੇ ਰੂਪ ਵਿੱਚ ਆ ਗਈਆਂ ਤਾਂ ਉਸ ਸਮੇਂ ਹੀ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੀ ਆਵਾਜ਼ ਅਤੇ ਅਣਖ ਦਾ ਪ੍ਰਤੀਕ ਬਣਨਾ ਸ਼ੁਰੂ ਹੋ ਗਏ। 13 ਅਪ੍ਰੈਲ 1978 ਦਾ ਇਤਿਹਾਸਕ ਦਿਹਾੜਾ ਸਿੱਖਾਂ ਲਈ ਇੱਕ ਵੱਡੇ ਮੋੜ ਅਤੇ ਵੰਗਾਰ ਦੇ ਤੌਰ ‘ਤੇ ਸਾਹਮਣੇ ਆਇਆ। ਇਸ ਵੰਗਾਰ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਬੂਲਿਆ। ਘਟਨਾਵਾਂ ਦੀ ਲੜੀ ਨੇ ਆਪਣੀ ਗਤੀ ਤੇਜ਼ ਕਰ ਲਈ। 1978 ਤੋਂ ਲੈ ਕੇ 1984 ਤੱਕ ਅਤੇ 1984 ਤੋਂ 2000 ਤੱਕ ਦੀਆਂ ਘਟਨਾਵਾਂ ਨੇ ਬਹੁਤ ਵੱਡਾ ਇਤਿਹਾਸ ਸਿਰਜਿਆ।

ਤਬਦੀਲੀ ਲਈ ਸੰਘਰਸ਼ਸ਼ੀਲ ਧਿਰਾਂ ਵਾਂਗ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਮੀਡੀਏ ਵਿੱਚ ਸਿੱਖਾਂ ਪ੍ਰਤੀ ਯੋਜਨਾਬੱਧ ਢੰਗ ਨਾਲ ਫੈਲਾਈ ਜਾ ਰਹੀ ਨਫਰਤ ਦਾ ਬਹੁਤ ਡੂੰਘੀ ਤਰ੍ਹਾਂ ਨਾਲ ਅਹਿਸਾਸ ਸੀ। ਮਜ਼ਲੂਮ ਨੂੰ ਗੁਨਾਹਗਾਰ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਸੀ। ਸ਼ੈਤਾਨੀ, ਕਾਤਲ ਅਤੇ ਬੇ-ਗੈਰਤ ਟੋਲਿਆਂ ਦੀ  ਮੀਡੀਆ ਵੱਲੋਂ ਪੁਸ਼ਤਪਨਾਹੀ ਕੀਤੀ ਜਾ ਰਹੀ ਸੀ। ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਸੀ। ਮਜ਼ਲੂਮਾਂ ਨੂੰ ਇਨਸਾਫ ਦੇਣ ਦੀ ਬਜਾਏ ਅਤੇ ਮਜ਼ਲੂਮਾਂ ਦੇ ਜਜ਼ਬਾਤਾਂ ਅਤੇ ਸੋਚ ਦੀ ਸਹੀ ਤਰਜ਼ਮਾਨੀ ਕਰਨ ਦੀ ਬਜਾਏ ਮੀਡੀਏ ਦਾ ਵੱਡਾ ਹਿੱਸਾ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾ ਰਿਹਾ ਸੀ। ਇਸੇ ਲੋੜ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਰੋਜ਼ਾਨਾ ਅਖਬਾਰ ਕੱਢਣ ਦੀ ਵਿਚਾਰ ਕੀਤੀ। 1983 ਦੇ ਅਕਤੂਬਰ ਜਾਂ ਨਵੰਬਰ ਮਹੀਨੇ ਦੀ ਗੱਲ ਹੈ, ਸੰਤਾਂ ਨੇ ਅਖਬਾਰ ਕੱਢਣ ਲਈ ਚੋਣਵੇਂ ਪੱਤਰਕਾਰਾਂ ਅਤੇ ਆਪਣੇ ਚੋਣਵੇਂ ਸਲਾਹਕਾਰਾਂ ਦੀ ਮੀਟਿੰਗ ਸੱਦੀ, ਜਿਨ੍ਹਾਂ ਵਿੱਚ  ਸ. ਭਰਪੂਰ ਸਿੰਘ ‘ਬਲਬੀਰ’, ਭਾਈ ਅਮਰੀਕ ਸਿੰਘ, ਭਾਈ ਹਰਮਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ। ਉਸ ਮੀਟਿੰਗ ਵਿੱਚ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਰੋਜ਼ਾਨਾ ਅਖਬਾਰ ਕੱਢਣ ਦਾ ਫੈਸਲਾ ਕੀਤਾ।ਅਖਬਾਰ ਕੱਢਣ ਦੇ ਫੈਸਲੇ ਤੋਂ ਬਾਅਦ ਅਖਬਾਰ ਲਈ ਕੁੱਲ ਖਰਚ ਦਾ ਅੰਦਾਜ਼ਾ ਲਗਾਇਆ ਗਿਆ। ਸੰਤਾਂ ਨੇ ਸ. ਭਰਪੂਰ ਸਿੰਘ ‘ਬਲਬੀਰ’ ਨੂੰ ਕਿਹਾ ਕਿ ਅਖਬਾਰ ਦੇ ਪ੍ਰਾਜੈਕਟ ਸਬੰਧੀ ਵੱਧ ਤੋਂ ਵੱਧ ਖਰਚਾ ਦੱਸਿਆ ਜਾਵੇ, ਪ੍ਰੰਤੂ ਇਹ ਅਖਬਾਰ ਬਹੁਤ ਵਧੀਆ ਅਤੇ ਪੰਥਕ ਉਦੇਸ਼ਾਂ ਪ੍ਰਤੀ ਸਮਰਪਿਤ ਅਤੇ ਨਿਰਪੱਖ ਹੋਣਾ ਚਾਹੀਦਾ ਹੈ। ਸ. ਭਰਪੂਰ ਸਿੰਘ ‘ਬਲਬੀਰ’ ਨੇ ਕੁੱਲ ਖਰਚਾ 25-30 ਲੱਖ ਰੁਪਏ ਦੱਸਿਆ। ਸੰਤਾਂ ਨੇ ਇਹ ਵੀ ਕਿਹਾ ਕਿ ਅਖਬਾਰ ਦਾ ਇੱਕ ਟਰੱਸਟ ਬਣਾਇਆ ਜਾਵੇਗਾ। ਸੰਤਾਂ ਨੇ ਸ. ਭਰਪੂਰ ਸਿੰਘ ‘ਬਲਬੀਰ’ ਦੀ ਗੱਲ ਸੁਣ ਕੇ ਹਾਸੇ ਵਿੱਚ ਜਵਾਬ ਦਿੱਤਾ ਕਿ ਜੇਕਰ ਮਿਸਤਰੀ ਨੂੰ ਘਰ ਦਾ ਬਨੇਰਾ ਬਣਾਉਣ ਲਈ ਸੱਦ ਲਿਆ ਜਾਵੇ ਤਾਂ ਉਸ ਨੂੰ ਘਰੋਂ ਕੱਢਣਾ ਔਖਾ ਹੋ ਜਾਂਦਾ ਹੈ ਅਤੇ ਉਹ ਬੱਜਟ ਵਿੱਚ ਵੀ ਕਈ ਗੁਣਾਂ ਵਾਧਾ ਕਰ ਦਿੰਦਾ ਹੈ। ਸੰਤਾਂ ਨੇ ਇਹ ਵੀ ਕਿਹਾ ਕਿ ਅਖਬਾਰਾਂ ਵਾਲਿਓ! ਤੁਹਾਡਾ ਹਾਲ ਵੀ ਮਿਸਤਰੀ ਵਾਲਾ ਹੀ ਹੈ। ਇਸ ਲਈ ਤੁਸੀਂ ਖਰਚਾ ਵਧਾ ਲੈਣਾ ਹੈ। ਇਸ ਲਈ ਮੈਂ ਤੁਹਾਨੂੰ ਪੰਜਾਹ ਲੱਖ ਰੁਪਏ ਦਾ ਪ੍ਰਬੰਧ ਕਰਕੇ ਦੇਵਾਂਗਾ, ਪਰ ਅਖਬਾਰ ਵਿੱਚ ਕੋਈ ਕਮੀ ਪੇਸ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉੱਥੇ ਬੈਠਿਆਂ-ਬੈਠਿਆਂ ਹੀ ਤੀਹ ਲੱਖ ਤੋਂ ਉੱਪਰ ਦਾ ਪ੍ਰਬੰਧ ਹੋ ਗਿਆ। ਸੰਤਾਂ ਨੇ ਸ. ਭਰਪੂਰ ਸਿੰਘ ‘ਬਲਬੀਰ’ ਅਤੇ ਅਖਬਾਰ ਨਾਲ ਸਬੰਧਿਤ ਹੋਰ ਬੈਠੇ ਸੱਜਣਾਂ ਨੂੰ ਕਿਹਾ ਕਿ ਤੁਸੀਂ ਅਖਬਾਰ ਚਲਾਉਣ ਦਾ ਪ੍ਰਬੰਧ ਕਰੋ। ਉਸ ਸਮੇਂ ਸ. ਭਰਪੂਰ ਸਿੰਘ ‘ਬਲਬੀਰ’ ‘ਰੋਜ਼ਾਨਾ ਅਕਾਲੀ ਪੱਤ੍ਰਿਕਾ’ ਦੇ ਮੁੱਖ ਸੰਪਾਦਕ ਸਨ ਅਤੇ ਬਾਅਦ ਵਿੱਚ ਉਹ ਰੋਜ਼ਾਨਾ ‘ਅੱਜ ਦੀ ਆਵਾਜ਼’ ਦੇ ਬਾਨੀ ਸੰਪਾਦਕ ਵੀ ਬਣੇ।
ਅਖਬਾਰ ਕੱਢਣ ਦਾ ਸੁਪਨਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸੀ। ਇਹ ਪੰਥ ਦੀ ਇੱਕ ਬਹੁਤ ਵੱਡੀ ਜ਼ਰੂਰਤ ਵੀ ਹੈ, ਕਿਉਂਕਿ ਪੰਥ ਨੂੰ ਬਾਹਰੋਂ, ਅੰਦਰੋਂ, ਪੰਥ ਦੀਆਂ ਜ਼ਿੰਮੇਵਾਰ ਜੱਥੇਬੰਦੀਆਂ ਤੇ ਆਗੂਆਂ ਅਤੇ ਕੁੱਝ ਪੰਥਕ ਅਖਵਾਉਣ ਵਾਲੀਆਂ ਕਲਮਾਂ ਵੀ ਸਿੱਖ ਸਿਧਾਂਤਾਂ ਨੂੰ ਬਹੁਤ ਬੁਰੀ ਤਰ੍ਹਾਂ ਤੋੜ-ਮਰੋੜ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਸ ਵਕਤ ਦੇ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਜਦੋਂ 1988 ਵਿੱਚ ਰਿਹਾਅ ਹੋ ਕੇ ਆਏ ਤਾਂ ਉਨ੍ਹਾਂ ਨੇ ਸੰਤਾਂ ਦੇ ਇਸ ਸੁਪਨੇ ਬਾਰੇ ਗੰਭੀਰਤਾ ਨਾਲ ਵਿਚਾਰਨਾ ਸ਼ੁਰੂ ਕਰ ਦਿੱਤਾ। ਬਲੈਕ ਥੰਡਰ ਤੋਂ ਬਾਅਦ ਜਦੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਅੰਮ੍ਰਿਤਸਰ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਤਾਂ ਉਨ੍ਹਾਂ ਨੇ ਇਸ ਪ੍ਰਾਜੈਕਟ ਉੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਿੰਡ ਰੋਡੇ ਵਿਖੇ ਬਾਬਾ ਜੋਗਿੰਦਰ ਸਿੰਘ ਦੀ ਹਾਜ਼ਰੀ ਵਿੱਚ ਇਸ ਮਕਸਦ ਲਈ ਇੱਕ ਮੀਟਿੰਗ ਹੋਈ। ਮੀਟਿੰਗ ਵਿੱਚ ਦੂਜੇ ਤਖਤਾਂ ਦੇ ਸਿੰਘ ਸਾਹਿਬਾਨ ਵੀ ਹਾਜ਼ਰ ਸਨ। ਉਸ ਮੀਟਿੰਗ ਵਿੱਚ ਅਖਬਾਰ ਕੱਢਣ ਦਾ ਫੈਸਲਾ ਹੋਇਆ। ਸ. ਭਰਪੂਰ ਸਿੰਘ ‘ਬਲਬੀਰ’ ਨੂੰ ਪਹਿਲਾ ਮੁੱਖ ਸੰਪਾਦਕ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ। ਸ. ਭਰਪੁਰ ਸਿੰਘ ‘ਬਲਬੀਰ’ ਨੇ ਆਪਣੇ ਤੌਰ ‘ਤੇ ‘ਅੱਜ ਦੀ ਆਵਾਜ਼’ ਸ੍ਰੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਟਾਈਟਲ ਉਨ੍ਹਾਂ ਪਾਸ ਸੀ। ਇਹ ਫੈਸਲਾ ਕੀਤਾ ਗਿਆ ਕਿ ਅਖਬਾਰ ਚਲਾਉਣ ਲਈ ਇੱਕ ਟਰੱਸਟ ਬਣਾਇਆ ਜਾਵੇ।
ਟਰੱਸਟ ਦੇ ਮੈਨੇਜਿੰਗ ਟਰੱਸਟੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਬਣਾਏ ਗਏ, ਕਿਉਂਕਿ ਇਹ ਸਾਰਾ ਉਪਰਾਲਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਵੱਲੋਂ ਹੀ ਸੀ। ਕੁੱਝ ਸਮਾਂ ਅਖਬਾਰ ਸ੍ਰੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੋਂ ਨਿਕਲਦਾ ਰਿਹਾ ਅਤੇ ਬਾਅਦ ਵਿੱਚ ਇਹ ਅਖਬਾਰ ਰਣਜੀਤ ਨਗਰ ਜਲੰਧਰ ਵਿੱਚ ਇੱਕ ਕੋਠੀ ਲੈ ਕੇ ਉੱਥੇ ਤਬਦੀਲ ਕਰ ਲਿਆ ਗਿਆ। 1990 ਵਿੱਚ ਨਵੀਆਂ ਮਸ਼ੀਨਾਂ ਨਾਲ ਇਹ ਅਖਬਾਰ ਚੰਗੇ ਰੰਗ ਰੂਪ ਵਿੱਚ ਨਿਕਲਣਾ ਸ਼ੁਰੂ ਹੋਇਆ, ਜਿਸ ਦੌਰਾਨ ਮੀਡੀਆ ਦੇ ਖੇਤਰ ‘ਚ ਰੋਜ਼ਾਨਾ ‘ਅੱਜ ਦੀ ਆਵਾਜ਼’ ਨੇ ਇੱਥ ਪ੍ਰਮੁਖ ਸਥਾਨ ਬਣਾਇਆ। ‘ਅੱਜ ਦੀ ਆਵਾਜ਼’ ਇਹ ਗੱਲ ਮਾਣ ਨਾਲ ਕਹਿ ਸਕਦਾ ਹੈ ਕਿ ਰਾਜਨੀਤਿਕ, ਧਾਰਮਿਕ, ਸਮਾਜਿਕ ਪੱਧਰ ‘ਤੇ ਕੌਮੀ ਅਤੇ ਕੌਮਾਂਤਰੀ ਮਾਮਲਿਆਂ ਦੇ ਨਾਲ-ਨਾਲ ਪੰਜਾਬ ਅਤੇ ਪੰਥਕ ਮੁੱਦਿਆਂ ਸੰਬੰਧੀ ‘ਅੱਜ ਦੀ ਆਵਾਜ਼’ ਨੇ ਜੋ ਵਿਚਾਰ ਪ੍ਰਗਟ ਕੀਤੇ, ਭਵਿੱਖ ਦੇ ਲਈ ਅੰਦਾਜ਼ੇ ਪ੍ਰਗਟ ਕੀਤੇ, ਸਮਾਂ ਆਉਣ ‘ਤੇ ਉਹ ਸਾਰੇ ਹੀ ਸਹੀ ਸਿੱਧ ਹੋਏ। ਇਸ ਦਾ ਇੱਕੋ ਹੀ ਕਾਰਨ ਹੈ ਕਿ ‘ਰੋਜ਼ਾਨਾ ਅੱਜ ਦੀ ਆਵਾਜ਼’ ਨੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦਿਆਂ ਜੋ ਲਿਖਿਆ, ਜੋ ਕਿਹਾ, ਉਹ ਨਿਰੋਲ ਮਨੁੱਖਤਾ ਦੀ ਭਲਾਈ ਨੂੰ ਹੀ ਸਮਰਪਿਤ ਹੋ ਕੇ ਕੀਤਾ।
‘ਅੱਜ ਦੀ ਆਵਾਜ਼’ ਨੇ ਸਿੱਖ ਲਹਿਰ ਨੂੰ ਇੱਕ ਮੋੜਾ ਦੇਣ ਅਤੇ ਲਹਿਰ ਦਾ ਮਾਨਵੀ ਰੂਪ ਬਣਾਉਣ ਲਈ ਅਤੇ ਸਮਾਜਿਕ ਇੱਕਸੁਰਤਾ ਅਤੇ ਸਭਨਾਂ ਭਾਈਚਾਰਿਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਪਣੇ ਸੁਝਾਅ ਅਤੇ ਲਿਖਤਾਂ ਰਾਹੀਂ ਕੋਈ ਕਸਰ ਬਾਕੀ ਨਹੀਂ ਛੱਡੀ। ਜਦੋਂ ਖਾੜਕੂ ਲਹਿਰ ਆਪਣੇ ਸਿਖਰ ‘ਤੇ ਸੀ, ਜਦੋਂ ਗੈਰ-ਸਿਧਾਂਤਕ ਕਾਰਵਾਈਆਂ ਹੋਣ ਲੱਗ ਪਈਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਅਤੇ ਬੱਚੇ ਕਤਲ ਹੋਏ ਤਾਂ ਸਭ ਤੋਂ ਪਹਿਲਾਂ ‘ਅੱਜ ਦੀ ਆਵਾਜ਼’ ਨੇ ਹੀ ਇਸ ਦਾ ਵਿਰੋਧ ਕੀਤਾ ਸੀ ਅਤੇ ਖਾੜਕੂ ਲਹਿਰ ਦੀ ਆਵਾਜ਼ ਨੂੰ ਇਹ ਸੁਝਾਅ ਅਤੇ ਚੇਤਾਵਨੀ ਵੀ ਦਿੱਤੀ ਸੀ ਕਿ ਲਹਿਰ ਜੇਕਰ ਸਿਧਾਂਤਕ ਪੱਖਾਂ ਤੋਂ ਉੱਖੜ ਗਈ ਤਾਂ ਉਹ ਆਪਣੇ ਖਾਤਮੇ ਵੱਲ ਵੱਧਣ ਲੱਗ ਪਵੇਗੀ।  ‘ਅੱਜ ਦੀ ਆਵਾਜ਼’ ਦੀ ਨੀਤੀ ਬੜੀ ਸਪੱਸ਼ਟ ਸੀ। ਅਖ਼ਬਾਰ ਨੇ ਰਾਜਨੀਤਿਕ ਧੜੇਬੰਦੀਆਂ ਤੋਂ ਉਪਰ ਉੱਠ ਕੇ ਸੰਘਰਸ਼ ਦੀ ਹਮਾਇਤ ਕੀਤੀ ਪ੍ਰੰੰਤੂ ਖਾੜਕੂਆਂ ਦੀ ਆਪਸੀ ਧੜੇਬੰਦੀ ਨੂੰ ਪਾਸੇ ਰੱਖ ਕੇ ਸਾਰੇ ਹੀ ਗਰੁੱਪਾਂ ਦੇ ਬਿਆਨਾਂ ਨੂੰ ਬਰਾਬਰ ਸਥਾਨ ਦਿੱਤਾ ਜਾਂਦਾ ਰਿਹਾ, ਇਸ ਲਈ ਖਾੜਕੂਆਂ ਦੀ ਆਪਸੀ ਧੜੇਬੰਦੀ ਦੇ ਬਾਵਜੂਦ ਕਿਸੇ ਵੀ ਧੜੇ ਨੇ ਅਖ਼ਬਾਰ ਦਾ ਵਿਰੋਧ ਨਹੀਂ ਕੀਤਾ ਸਗੋਂ ਹਮਾਇਤ ਕਰਦੇ ਰਹੇ। ਅਖ਼ਬਾਰ ਨੇ ਲੰਬਾ ਸਫ਼ਰ ਤੈਅ ਕੀਤਾ, ਜਿਵੇਂ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਪਹਿਲੇ 25 ਸਾਲ ਬਚਪਨ ਅਤੇ ਪੜ੍ਹਾਈ ਲਈ ਹੁੰਦੇ ਹਨ ਅਤੇ ਮਨੁੱਖ 25 ਸਾਲ ਦੀ ਉਮਰ ਵਿੱਚ ਪੂਰਾ ਜਵਾਨ ਹੋ ਜਾਂਦਾ ਹੈ। ਉਸ ਅੱਗੇ ਆਪਣੀ ਮੰਿਜ਼ਲ ਤੈਅ ਕਰਨ ਦੇ ਰਸਤੇ ਅਤੇ ਮੰਜ਼ਿਲ ਸਪੱਸ਼ਟ ਹੋ ਜਾਂਦੀ ਹੈ। ਅਖ਼ਬਾਰ ਨੇ ਵੀ ਔਖਾ ਸਮਾਂ ਕੱਢ ਲਿਆ ਹੈ। ਹੁਣ ਇਸ ਅੱਗੇ ਮੰਜ਼ਿਲਾਂ ਤੈਅ ਕਰਨ ਦਾ ਸਮਾਂ ਹੈ। ਅਖ਼ਬਾਰ ਨੂੰ ਸਰਕਾਰੀ ਨੀਤੀ ਦੇ ਵਿਰੋਧ ਦਾ ਡੱਟ ਕੇ ਸਾਹਮਣਾ ਕਰਨਾ ਪਿਆ। ਆਰਥਿਕ ਤੌਰ ‘ਤੇ ਅਖ਼ਬਾਰ ਨੂੰ ਕਮਜ਼ੋਰ ਕਰਨ ਲਈ ਇਸ਼ਤਿਹਾਰ ਨਾ-ਮਾਤਰ ਦਿੱਤੇ ਜਾਂਦੇ ਰਹੇ ਪ੍ਰੰਤੂ ਸਿੱਖ ਸੰਗਤ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਸੰਤ ਮਹਾਂਪੁਰਖ  ਅਤੇ ਲਹਿਰ ਦੇ ਹਮਾਇਤੀਆਂ ਵਲੋਂ ਅਖ਼ਬਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਮਾਇਕ ਸਹਾਇਤਾ ਨਾਲ ਇਖਲਾਕੀ ਸਹਾਇਤਾ ਵੀ ਕੀਤੀ ਜਾਂਦੀ ਰਹੀ। ਸਰਕਾਰ ਨੇ ਕੇਵਲ ਇਸ਼ਤਿਹਾਰਾਂ ਉਪਰ ਰੋਕ ਹੀ ਨਹੀਂ ਸਗੋਂ ਅਖ਼ਬਾਰ ਉੱਪਰ ਵੀ ਝੂਠੇ ਕੇਸ ਬਣਾਏ। ਅਖ਼ਬਾਰ ਨੇ ਇਹ ਔਖਾ ਸਮਾਂ ਵੀ ਕੱਢ ਲਿਆ ਅਤੇ ਇੱਕ ਦਿਨ ਵੀ ਛੱਪਣ ਤੋਂ ਨਹੀਂ ਰਿਹਾ। ਅਖ਼ਬਾਰ ਉਸ ਸਮੇਂ ਵੀ ਵੱਡੀਆਂ ਪੁਲਾਂਘਾਂ ਪੁੱਟਦਾ ਰਿਹਾ। ਅਖ਼ਬਾਰ ਦੇ ਟਰੱਸਟ ਵਿੱਚ ਪੰਥ ਦੀ ਮਹਾਨ ਮਾਣਮੱਤੀ ਸ਼ਖਸੀਅਤ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਮੁੱਢਲੇ ਮੈਂਬਰਾਂ ਵਿਚੋਂ ਸਨ। ਉਨ੍ਹਾਂ ਦੇ ਨਾਲ ਭਾਈ ਸਤਨਾਮ ਸਿੰਘ ਜਲੰਧਰ, ਭਾਈ ਮਨੋਹਰ ਸਿੰਘ ਗਰੇਵਾਲ ਵੀ ਸ਼ਾਮਲ ਸਨ। ਤਿੰਨੇ ਸ਼ਖਸੀਅਤਾਂ ਹੀ ਰੱਬ ਨੂੰ ਪਿਆਰੀਆਂ ਹੋ ਗਈਆਂ। ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ, ਭਾਈ ਸਤਨਾਮ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਅਤੇ ਭਾਈ ਮਨੋਹਰ ਸਿੰਘ ਵੀ ਇੱਕ ਦੁਰਘਟਨਾ ਰਾਹੀਂ ਸਵਰਗ ਸੁਧਾਰ ਗਏ। ਅਖ਼ਬਾਰ ਦੇ ਮੁੱਖ ਸੰਪਾਦਕ ਦੇ ਤੌਰ ‘ਤੇ ਪੰਜਾਬ ਦੇ ਉੱਘੇ ਵਿਦਵਾਨ ਸਵਰਗਵਾਸੀ ਸ. ਹਰਭਜਨ ਸਿੰਘ ਹਲਵਾਰਵੀ, ਸ. ਅਮਰਜੀਤ ਸਿੰਘ ਗਰੇਵਾਲ ਅਤੇ ਸ. ਸੁਖਦੇਵ ਸਿੰਘ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਵਿਦਵਾਨਾਂ ਨੇ ‘ਅੱਜ ਦੀ ਆਵਾਜ਼’ ਨੂੰ ਉੱਚਾ ਚੁੱਕਣ ਲਈ ਪੂਰੀ ਮਿਹਨਤ, ਦਿਆਨਤਦਾਰੀ ਅਤੇ ਸਮਰਪਿਤ ਭਾਵਨਾ ਨਾਲ ਕੰਮ ਕੀਤਾ।

ਮਨੁੱਖੀ ਆਜ਼ਾਦੀ ਅਤੇ ਹੱਕਾਂ ਦੀ ਲਹਿਰ ਨੂੰ ਸਮਰਪਿਤ ਰੋਜ਼ਾਨਾ ‘ਅੱਜ ਦੀ ਆਵਾਜ਼’
ਰੋਜ਼ਾਨਾ ਅੱਜ ਦੀ ਆਵਾਜ਼ ਦੀ ਪ੍ਰਕਾਸ਼ਨਾ ਦਾ ਮਿਸ਼ਨ ਵੱਖ-ਵੱਖ ਕੌਮਾਂ  ਅਤੇ ਵਰਗਾਂ ਵੱਲੋਂ ਆਪਣੇ ਜਮਹੂਰੀ ਅਧਿਕਾਰਾਂ ਦੀ ਪ੍ਰਾਪਤੀ ਲਈ ਆਰੰਭੇ ਸੰਘਰਸ਼ਾਂ ਦੀ ਆਵਾਜ਼ ਨੂੰ ਮਜ਼ਬੂਤੀ ਦੇਣਾ ਹੈ। ਭਾਰਤ ਵਿੱਚ ਭਾਵੇਂ ਪੰਜਾਬ ਦੇ ਸਿੱਖ ਸੰਘਰਸ਼ ਦਾ ਮਾਮਲਾ ਹੋਵੇ, ਜੰਮੂ-ਕਸ਼ਮੀਰ ਵਿੱਚ ਮੁਸਲਿਮ ਭਾਈਚਾਰੇ ਦੀ ਆਜ਼ਾਦੀ ਦਾ ਮਾਮਲਾ ਹੋਵੇ ਜਾਂ ਨਕਸਲ ਪ੍ਰਭਾਵਤ ਖੇਤਰਾਂ ਵਿੱਚ ਸਰਕਾਰੀ ਜ਼ੁਲਮ-ਜ਼ਬਰ ਦਾ ਮਾਮਲਾ ਹੋਵੇ, ਰੋਜ਼ਾਨਾ ਅੱਜ ਦੀ ਆਵਾਜ਼ ਨੇ ਸੰਘਰਸ਼ ਕਰ ਰਹੇ ਲੋਕਾਂ ਨਾਲ ਖੜ੍ਹਦਿਆਂ ਸਰਕਾਰੀ ਜ਼ੁਲਮ ਜ਼ਬਰ ਦੀ ਹਮੇਸ਼ਾ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਸਧਾਰਨ ਮਨੁੱਖ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ਵਿੱਚ ਵਿਕਾਸ ਅਤੇ ਖੁਸ਼ਹਾਲੀ ਦੇ ਮੁੱਦਿਆਂ ਨੂੰ ਉਠਾਉਂਦਿਆਂ ਉਨ੍ਹਾਂ ਦੇ ਹੱਕ ਵਿੱਚ ਭਲਾਈ ਯੋਜਨਾਵਾਂ ਨੂੰ ਹੋਰ ਵਿਸਥਾਰ ਅਤੇ ਮਜ਼ਬੂਤੀ ਦੇਣ ਦੀ ਪੈਰਵਾਈ ਕੀਤੀ ਹੈ। ਵਿਦੇਸ਼ਾਂ ਵਿੱਚ ਜਾ ਕੇ ਰੋਟੀ-ਰੋਜ਼ੀ ਲਈ ਰੁਲ ਰਹੇ ਪ੍ਰਵਾਸੀ ਭਾਰਤੀਆਂ ਦੀ ਵਿਦੇਸ਼ਾਂ ਵਿੱਚ ਖੱਜਲ-ਖੁਆਰੀ ਘਟਾਉਣ ਲਈ ਅਤੇ ਦੇਸ਼ ਵਿੱਚ ਹੀ ਕਿਰਤ ਦਾ ਪੂਰਾ ਮੁੱਲ ਦੇ ਕੇ ਦੇਸ਼ ਦੇ ਲੋਕਾਂ ਨੂੰ ਦੇਸ਼ ਵਿੱਚ ਹੀ ਵਧੀਆ ਰੁਜ਼ਗਾਰ ਦੇਣ ‘ਤੇ ਜ਼ੋਰ ਦਿੱਤਾ ਹੈ। ਰੋਜ਼ਾਨਾ ‘ਅੱਜ ਦੀ ਆਵਾਜ਼’ ਨੇ ਦੇਸ਼ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜੱਥੇਬੰਦੀਆਂ ਨੂੰ ਵੀ ਹਮੇਸ਼ਾ ਆਪਣੇ ਸਿਧਾਂਤਾਂ ਦੇ ਧਰਮ ਉੁੱਪਰ ਪਹਿਰਾ ਦੇਣ ‘ਤੇ ਜ਼ੋਰ ਦਿੰਦਿਆਂ ਆਪਣੀਆਂ ਨੀਤੀਆਂ ਵਿੱਚ ਕਮਜ਼ੋਰ ਲੋਕਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਸਰਗਰਮ ਰਹਿਣ ਬਾਰੇ ਕਿਹਾ ਹੈ। ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਨੌਕਰੀਆਂ ਕਰਕੇ ਦੇਸ਼ ਸੇਵਾ ਕਰਨ ਦੇ ਨਾਲ ਆਪਣੇ ਪਰਿਵਾਰ ਪਾਲ ਰਹੇ ਸਮੂਹ ਮੁਲਾਜ਼ਮਾਂ ਦੇ ਹੱਕਾਂ ਲਈ ਵੀ ਹਮੇਸ਼ਾ ਆਵਾਜ਼ ਉਠਾਈ ਹੈ। ਖੱਬੇ ਪੱਖੀ ਚਿੰਤਕਾਂ ਦੇ ਇਹ ਵਿਚਾਰ ਕਿ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ, ਦੇ ਆਧਾਰ ‘ਤੇ ਹਰ ਸਰਕਾਰੀ ਅਤੇ ਗੈਰ-ਸਰਕਾਰੀ ਰੁਜ਼ਗਾਰ ਦਾਤਾ ਅਦਾਰੇ ਨੂੰ ਆਪਣੇ ਮੁਲਾਜ਼ਮਾਂ ਦੇ ਹੱਕਾਂ ਹਿੱਤਾਂ ਦਾ ਹਮੇਸ਼ਾ ਖਿਆਲ ਰੱਖਣ ਵਾਸਤੇ ਕਿਹਾ ਹੈ।

ਗੁਰਮੁਖ ਸਿੰਘ, ਮੁੱਖ ਸੰਪਾਦਕ

 

 

whatsapp marketing mahipal