ਪੰਜਾਬ ਦੇ ਨਹਿਰੀ ਵਿਭਾਗ ਨੇ ਝੋਨਾ ਲਗਾਉਣ ਦੀ ਪਲਾਨਿੰਗ ‘ਤੇ ਫੇਰਿਆ ਪੋਚਾ

0


*ਕਿਸਾਨਾਂ ਚ ਭਾਰੀ ਰੋਸ, ਉਚ ਪੱਧਰੀ ਜਾਂਚ ਦੀ ਕੀਤੀ ਮੰਗ
ਸੰਗਤ ਮੰਡੀ (ਭੀਮ ਰਾਜ ਭੋਲਾ)-ਨਹਿਰੀ ਵਿਭਾਗ ਨੇ ਸੰਗਤ ਬਲਾਕ ਨਾਲ ਸਬੰਧਿਤ ਲਗਭਗ ਇਕ ਦਰਜ਼ਨ ਪਿੰਡਾਂ ਦੇ ਸੈਂਕੜੇ ਏਕੜ ਰਕਬੇ ਨੂੰ ਪਾਣੀ ਪਹੁੰਚਾਉਣ ਵਾਲੇ ਪੱਕੇ ਰਜਵਾਹੇ ਦੇ ਪਾਣੀ ‘ਚ ਝੋਨਾ ਲਗਾਉਣ ਤੋਂ ਪਹਿਲਾਂ ਕਟੌਤੀ ਕਰ ਦਿੱਤੀ ਹੈ । ਜਿਸ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਝੋਨਾਂ ਲਗਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੋਟਲਾ ਬਰਾਂਚ ਨਹਿਰ ਚੋਂ ਕੱਢਿਆ ਗਿਆ ਪੱਕਾ ਰਜਵਾਹਾ ਜਿਹੜਾ ਦੁਨੇਵਾਲਾ, ਮੱਲਵਾਲਾ, ਮਸ਼ਾਣਾ, ਚੱਕ ਹੀਰਾ ਸਿੰਘ ਵਾਲਾ, ਪੱਕਾ ਕਲਾਂ, ਅਮਰਪੁਰਾ ਗੁਰਥੜੀ, ਜੱਸੀ ਬਾਗ ਵਾਲੀ, ਕੁੱਟੀ ਕਿਸ਼ਨਪੁਰਾ ਆਦਿ ਪਿੰਡਾਂ ਦੇ ਸੈਂਕੜੇ ਰਕਬੇ ਦੀ ਸਿੰਜਾਈ ਕਰਦਾ ਹੈ, ਦਾ ਪਾਣੀ ਨਹਿਰੀ ਵਿਭਾਗ ਨੇ ਬੀਤੀ 19 ਅਤੇ 20 ਜੂਨ ਦੀ ਰਾਤ ਨੂੰ 70 ਤੋਂ 80 ਫੀਸਦੀ ਘੱਟ ਕਰ ਦਿੱਤਾ ਹੈ । ਰਜਵਾਹੇ ਵਿੱਚ ਪਾਣੀ ਘੱਟ ਜਾਣ ਕਾਰਨ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਗਾਉਣ ਲਈ ਵੱਡੀ ਦਿੱਕਤ ਆ ਰਹੀ ਹੈ । ਉਹ ਮਹਿੰਗੇ ਭਾਅ ਦਾ ਡੀਜਲ ਫੂਕ ਕੇ ਟਿਉਬਵੈਲ ਚਲਾ ਕੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਮਿਕਦਾਰ ਪੂਰੀ ਕਰਨ ਲਈ ਮਜ਼ਬੂਰ ਹਨ । ਪਿੰਡ ਮਸ਼ਾਣਾ ਦੇ ਕਿਸਾਨ ਪਰਮਿੰਦਰ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਰਮਨਦੀਪ ਸਿੰਘ ਅਤੇ ਭਾਕਰ ਸਿੰਘ ਨੇ ਦੱਸਿਆ ਕਿ ਨਹਿਰੀ ਵਿਭਾਗ ਨੇ ਪੱਕਾ ਰਜਵਾਹੇ ਦੇ ਪਾਣੀ ਚ ਕਟੌਤੀ ਕਰਕੇ ਕਿਸਾਨਾਂ ਦੀ ਮਾਨਸਿਕਤਾ ਨਾਲ ਖਿਲਵਾੜ ਕੀਤਾ ਹੈ । ਉਨ੍ਹਾਂ ਕਿਹਾ ਕਿ ਕਿਸਾਨ 20 ਤਰੀਕ ਨੂੰ ਝੋਨਾ ਲਗਾਉਣ ਲਈ ਪੂਰੀ ਤਿਆਰੀ ਵਿੱਚ ਸਨ ਅਤੇ ਉਨ੍ਹਾਂ ਨੇ ਇਕ ਦੂਸਰੇ ਕਿਸਾਨਾਂ ਦੀਆਂ ਪਾਣੀ ਦੀਆਂ ਵਾਰੀਆਂ ਉਧਾਰ-ਸੁਧਾਰ ਪੁੱਛੀਆਂ ਹੋਈਆਂ ਸਨ । ਪਰ ਨਹਿਰੀ ਮਹਿਕਮੇ ਨੇ ਰਜਵਾਹੇ ਦਾ ਪਾਣੀ ਘਟਾ ਕੇ ਪਹਿਲੇ ਦਿਨ ਝੋਨਾ ਲਗਾਉਣ ਦੀ ਪਲਾਨਿੰਗ ਤੇ ਪੋਚਾ ਫੇਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਨਹਿਰੀ ਪਾਣੀ ਦੀ ਵਾਰੀ ਦੇ ਹਿਸਾਬ ਨਾਲ ਝੋਨਾ ਲਗਾ ਰਹੇ ਸਨ ਉਹ ਪਾਣੀ ਦੀ ਵਾਰੀ ਸੁੱਕੀ ਲੰਘ ਜਾਣ ਕਾਰਨ ਮਹਿੰਗੇ ਭਾਅ ਦਾ ਡੀਜਲ ਫੂਕ ਪਾਣੀ ਦੀ ਪੂਰਤੀ ਕਰ ਰਹੇ ਹਨ । ਜਿਸ ਕਾਰਨ ਕਿਸਾਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ । ਕਿਸਾਨਾਂ ਨੇ ਕਿਹਾ ਕਿ 19 ਤਰੀਕ ਤੋਂ ਪਹਿਲਾਂ ਰਜਵਾਹੇ ਵਿੱਚ ਪਾਣੀ ਦੀ ਮਿਕਦਾਰ ਪੂਰੀ ਸੀ । ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ 19 ਤਰੀਕ ਤੋਂ ਬਾਅਦ ਰਜਵਾਹੇ ਦਾ ਪਾਣੀ ਕਿਉਂ ਘੱਟ ਕੀਤਾ ਗਿਆ । ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਨਹਿਰੀ ਵਿਭਾਗ ਨੂੰ ਪੱਕਾ ਰਜਵਾਹੇ ਦੇ ਪਾਣੀ ਦੀ ਮਿਕਦਾਰ ਤੁਰੰਤ ਪੂਰੀ ਕਰਨ ਦੀਆਂ ਹਦਾਇਤਾਂ ਕੀਤੀਆਂ ਜਾਣ । ਜਦੋਂ ਨਹਿਰੀ ਵਿਭਾਗ ਦਾ ਪੱਖ ਜਾਨਣ ਲਈ ਵਿਭਾਗ ਦੇ ਐਸ.ਡੀ.ਓ. ਪੁ ਸਿੰਘ ਨਾਲ ਗੱਲ੍ਹ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਪਾਣੀ ਦੀ ਕੋਈ ਕਟੌਤੀ ਨਹੀਂ ਕੀਤੀ ਗਈ । ਉਨ੍ਹਾਂ ਪਾਣੀ ਪੂਰਾ ਹੋਣ ਸਬੰਧੀ ਕਿਹਾ ਕਿ ਇਕ ਦੋ ਦਿਨਾਂ ਤੱਕ ਡਿਮਾਂਡ ਪੂਰੀ ਹੋ ਜਾਵੇਗੀ।

Share.

About Author

Leave A Reply