ਬਠਿੰਡਾ ‘ਚ ਲੱਗਿਆ ਕਰਜ਼ਾ ਮੁਆਫ਼ੀ ਦਰਬਾਰ, ਸਤੰਬਰ ਤੱਕ 14 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ

0


ਬਠਿੰਡਾ (ਗੌਰਵ ਕਾਲੜਾ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇਣ ਲਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਦੂਜੇ ਪੜਾਅ ਹੇਠ ਅੱਜ 7213 ਕਿਸਾਨਾਂ ਨੂੰ ਰੁਪਏ 29.17 ਕਰੋੜ ਦੀ ਕਰਜ਼ਾ ਮੁਆਫ਼ੀ ਦਿੱਤੀ ਗਈ। ਜਿੱਥੇ ਪਿਛਲੀ ਸਰਕਾਰ ਕਿਸਾਨਾਂ ਨੂੰ ਕਰਜ਼ੇ ਤੋਂ ਕੋਈ ਵੀ ਰਾਹਤ ਨਾ ਦੇ ਸਕੀ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਆਪਣੇ ਸਿਰ ਲੈ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਤੰਬਰ 2018 ਤੱਕ ਸੂਬੇ ਦੇ ਸਾਰੇ 14 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜ਼ਿਲ੍ਹਾ ਪੱਧਰੀ ਕਰਜ਼ਾ ਮੁਆਫ਼ੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਸੀਮਾਂਤ ਕਿਸਾਨ ਜਿਨ੍ਹਾਂ ਨੇ ਸਹਿਕਾਰੀ ਬੈਂਕਾਂ ਤੋਂ 2 ਲੱਖ ਰੁਪਏ ਤੱਕ ਦੇ ਕਰਜ਼ੇ ਲਏ ਸਨ, ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਹੇਠ ਜ਼ਿਲ੍ਹਾ ਬਠਿੰਡਾ ਦੀਆਂ 194 ਸਹਿਕਾਰੀ ਸੁਸਾਇਟੀਆਂ ਅਧੀਨ ਆਉਂਦੇ 12560 ਕਿਸਾਨਾਂ ਦਾ ਰੁਪਏ 38 ਕਰੋੜ 34 ਲੱਖ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ। ਉਨ੍ਹਾਂ ਸਹਿਕਾਰੀ ਬੈਂਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਦੂਜੇ ਪੜਾਅ ਤਹਿਤ ਆਉਂਦੇ 7213 ਕਿਸਾਨਾਂ ਦੀ ਕਰਜ਼ਾ ਮੁਆਫ਼ੀ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਤਬਦੀਲ ਕਰ ਦਿੱਤੀ ਗਈ ਹੈ। ਸ਼੍ਰੀ ਬਾਦਲ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਬੈਂਕਾਂ ਤੋਂ 10 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ ਤਾਂ ਜੋ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੇ 14 ਲੱਖ ਕਿਸਾਨਾਂ ‘ਤੇ 10 ਹਜ਼ਾਰ ਕਰੋੜ ਦਾ ਕਰਜ਼ਾ ਹੈ ਇਸ ‘ਚੋ ਰੁਪਏ 4 ਹਜ਼ਾਰ ਕਰੋੜ ਦਾ ਕਰਜ਼ਾ ਸਹਿਕਾਰੀ ਬੈਂਕਾਂ ਦਾ ਹੈ ਅਤੇ 6 ਹਜ਼ਾਰ ਕਰੋੜ ਦਾ ਕਰਜ਼ਾ ਹੋਰ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਦਾ ਹੈ। ਸ਼੍ਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਕਰਜ਼ੇ ਹੀ ਮੁਆਫ਼ ਨਹੀਂ ਕਰ ਰਹੇ ਬਲਕਿ ਕਿਸਾਨਾਂ ਦੇ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਚੰਗੇਰੀ ਸਿੱਖਿਆ ਅਤੇ ਹੁਨਰ ਦੇ ਕੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਵੱਲ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ-ਲਿਖਾਉਣ ਅਤੇ ਇਸ ਕਾਬਲ ਬਣਾਉਣ ਕਿ ਜੇਕਰ ਉਹ ਖੇਤੀ ਕਰਨ ਤਾਂ ਉਸ ‘ਚੋਂ ਵੱਧ ਤੋਂ ਵੱਧ ਮੁਨਾਫਾ ਕਰਨ ਜੇਕਰ ਉਹ ਨੌਕਰੀ ਕਰਨ ਤਾਂ ਉਸ ‘ਚ ਵੀ ਉਚਾਈਆਂ ‘ਤੇ ਜਾਣ।
ਉਨ੍ਹਾਂ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ 200 ਰੁਪਏ ਪ੍ਰਤੀ ਮਹੀਨਾ ਪ੍ਰੋਫੈਸ਼ਨਲ ਟੈਕਸ ਉਨ੍ਹਾਂ ਲੋਕਾਂ ‘ਤੇ ਲਗਾਇਆ ਗਿਆ ਹੈ ਜਿਨ੍ਹਾਂ ਦੀ ਆਮਦਨ 33 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਵੱਧ ਹੈ। ਆਂਗਣਵਾੜੀ ਵਰਕਰਾਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਕੀਮ ਭਾਰਤ ਸਰਕਾਰ ਦੀ ਹੈ ਅਤੇ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ‘ਚ ਪੰਜਾਬ ਸਰਕਾਰ ਦਾ ਵੀ ਹਿੱਸਾ ਹੁੰਦਾ ਹੈ। ਪੰਜਾਬ ਸਰਕਾਰ ਦੁਆਰਾ ਆਪਣਾ ਹਿੱਸਾ ਵਧਾ ਕੇ ਆਂਗਣਵਾੜੀ ਵਰਕਰਾਂ ਨੂੰ ਕੁੱਲ ਰੁਪਏ 5000 ਮਾਣਭੱਤਾ ਦਿੱਤਾ ਜਾ ਰਿਹਾ ਹੈ। ਜੇਕਰ ਹੋਰ ਵਾਧਾ ਕੀਤਾ ਜਾਣਾ ਹੈ ਤਾਂ ਉਹ ਕੇਂਦਰ ਸਰਕਾਰ ਦੁਆਰਾ ਕੀਤਾ ਜਾਵੇਗਾ। ਸ਼੍ਰੀ ਬਾਦਲ ਨੇ ਕਿਹਾ ਕਿ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਨੇ ਐਸ.ਵਾਈ.ਐੱਲ. ਮੁੱਦੇ ‘ਤੇ ਅੜਦੇ ਹੋਏ ਪੰਜਾਬ ਦੇ ਪਾਣੀ ਦੂਜੇ ਸੂਬਿਆਂ ਨਾਲ ਨਹੀਂ ਵੰਡੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਤੋਂ ਵੱਡਾ ਕਿਸਾਨਾਂ ਦਾ ਹਿਤੈਸੀ ਕੋਈ ਨਹੀਂ। ਇਸ ਮੌਕੇ ਸ਼੍ਰੀ ਬਾਦਲ ਨੇ 8 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਚੈੱਕ ਵੰਡੇ ਜਿਨ੍ਹਾਂ ‘ਚ ਬੁਲਾਢੇਵਾਲੇ ਤੋਂ ਹਰਮੰਦਰ ਸਿੰਘ ਅਤੇ ਉਤਾਰ ਸਿੰਘ, ਸੀਵੀਆਂ ਤੋਂ ਗੁਰਲਾਲ ਸਿੰਘ, ਕੋਠਾ ਗੁਰੂ ਤੋਂ ਜਸਵੀਰ ਸਿੰਘ, ਬਾਲਿਆਂਵਾਲੀ ਦੇ ਨਿੱਕੂ ਸਿੰਘ, ਸਵੈਚ ਕਮਾਲੂ ਤੋਂ ਸਾਧੂ ਸਿੰਘ, ਤਿਊਣਾ ਪੁਜਾਰੀਆਂ ਦਾ ਰਜਿੰਦਰ ਸਿੰਘ ਅਤੇ ਮਲੂਕਾ ਪਿੰਡ ਦਾ ਜਗਸੀਰ ਸਿੰਘ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਕਾਂਗਰਸ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ, ਰਾਜਨ ਗਰਗ, ਹਰਵਿੰਦਰ ਸਿੰਘ ਲਾਡੀ, ਟਹਿਲ ਸਿੰਘ ਸੰਧੂ, ਕੇ.ਕੇ. ਅਗਰਵਾਲ, ਪਵਨ ਮਾਨੀ, ਵਿੱਤ ਮੰਤਰੀ ਦੇ ਮੀਡੀਆ ਸਲਾਹਕਾਰ ਹਰਜੋਤ ਸਿੰਘ ਸਿੱਧੂ ਅਤੇ ਚਮਕੌਰ ਸਿੰਘ ਮਾਨ, ਰਾਜ ਨੰਬਰਦਾਰ ਤੋਂ ਇਲਾਵਾ ਸਹਿਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜਗਦੀਪ ਸਿੰਘ ਸਿੱਧੂ, ਡਿਪਟੀ ਰਜਿਸਟਰਾਰ ਬਲਵਿੰਦਰ ਸਿੰਘ, ਸਹਾਇਕ ਰਜਿਸਟਰਾਰ ਕੈਪਟਨ ਗੁਰਵੀਰ ਸਿੰਘ ਢਿੱਲੋਂ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾ ਫੂਲ ਮੇਜਰ ਸਿੰਘ, ਸੀਨੀਅਰ ਮੈਨੇਜਰ ਓ.ਪੀ. ਰੋਮਾਣਾ, ਸੀਨੀਅਰ ਮੈਨੇਜਰ ਬਲਜਿੰਦਰ ਸਿੰਘ ਬਰਾੜ, ਸੀਨੀਅਰ ਮੈਨੇਜਰ ਸ਼੍ਰੀ ਲਾਭ ਸਿੰਘ ਬਰਾੜ ਅਤੇ ਆਦਿ ਹਾਜ਼ਰ ਸਨ।

Share.

About Author

Leave A Reply