ਹੋਸਟਲ ਵਿਚ ਘੁਸ ਕੇ ਲੜਕੀ ਨੂੰ ਕੀਤਾ ਜ਼ਖਮੀ

0


*ਕਾਲਜ ਦੇ ਗੇਟ ਕੀਪਰ ‘ਤੇ ਖੁਦ ਨੂੰ ਮਾਰੀ ਗੋਲੀ – ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ
ਸਮਾਣਾ (ਸਾਹਿਬ ਸਿੰਘ)-ਆਦਰਸ਼ ਨਰਸਿੰਗ ਕਾਲਜ ਦੇ ਗੇਟ ਕੀਪਰ ਨੇ ਲੜਕੀਆਂ ਦੇ ਹੋਸਟਲ ਵਿਚ ਘੁਸ ਕੇ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮ ਰਹਿਣ ਉਪਰੰਤ ਉਸ ਨੇ ਗੋਲੀ ਮਾਰ ਕੇ ਲੜਕੀ ਨੂੰ ਜਖ਼ਮੀ ਕਰ ਦਿੱਤਾ ਅਤੇ ਖੁਦ ਨੂੰ ਵੀ ਗੋਲੀ ਮਾਰੀ। ਲੜਕੀ ਅਤੇ ਕਥਿਤ ਦੋਸ਼ੀ ਵੱਖ -2 ਹਸਪਤਾਲਾਂ ਵਿਚ ਇਲਾਜ਼ ਅਧੀਨ ਹਨ। Êਪੁਲਿਸ ਉਪ ਕਪਤਾਨ ਸਮਾਣਾ ਸ. ਰਾਜਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਸਦਰ ਦੇ ਮੁਖੀ ਸ. ਹਰਸਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬਲਵੀਰ ਸਿੰਘ ਉਰਫ ਗੱਗੀ ਆਦਰਸ਼ ਨਰਸਿੰਗ ਕਾਲਜ ਸਮਾਣਾ ਦਾ ਗੇਟ ਕੀਪਰ ਸੀ। ਉਹ ਅੰਮ੍ਰਿਤਧਾਰੀ ਲੜਕੀ ਨੂੰ ਤਿੰਨ ਮਹੀਨਿਆਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਸ਼ੁੱਕਰਵਾਰ ਦੇਰ ਰਾਤ ਉਸ ਨੇ ਕਾਲਜ ਦੇ ਸਿਕਉਰਟੀ ਗਾਰਡ ਦੀ ਬੰਦੂਕ ਲਈ ਅਤੇ ਲੜਕੀਆਂ ਦੇ ਹੋਸਟਲ ਦੀ ਕੰਧ ਟੱਪ ਕੇ ਬਲਾਕ-ਸੀ ਦੀ ਉਪਰਲੀ ਮੰਜ਼ਿਲ ਦੇ ਕਮਰਾ ਨੰਬਰ 12 ਵਿਚ ਦਾਖ਼ਲ ਹੋ ਗਿਆ। ਵਿਦਿਆਥਣ ਪਾਠ ਕਰ ਰਹੀ ਸੀ। ਦੋਸ਼ੀ ਨੇ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਦੇ ਵਿਰੋਧ ਕਰਨ ‘ਤੇ ਉਸ ਨੇ ਗੋਲੀ ਚਲਾ ਦਿੱਤੀ ਜੋ ਲੜਕੀ ਦੇ ਮੂੰਹ ‘ਤੇ ਲੱਗੀ। ਉਸ ਉਪਰੰਤ ਉਸ ਨੇ ਖੁਦ ਨੂੰ ਪੱਟ ਵਿਚ ਗੋਲੀ ਮਾਰ ਕੇ ਜਖ਼ਮੀ ਕਰ ਲਿਆ। ਵਿਦਿਆਰਥਣ ਨੂੰ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਅਤੇ ਕਥਿਤ ਦੋਸ਼ੀ ਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਲੜਕੀ ਨੇ ਐਨਕ ਲਾਈ ਹੋਈ ਸੀ ਜਿਸ ਕਰਕੇ ਉਸ ਦਾ ਕੁੱਝ ਬਚਾ ਹੋ ਗਿਆ ਹੈ। ਕਥਿਤ ਦੋਸ਼ੀ ਬਲਵੀਰ ਸਿੰਘ ਉਰਫ ਗੱਗੀ ਖਿਲਾਫ਼ ਭਾਰਤੀ ਦੰਡਵਲੀ ਦੀ ਧਾਰਾ 307, 354, 458, 120 ਬੀ ਅਤੇ ਅਸਲਾ ਕਾਨੂੰਨ ਦੀ ਧਾਰਾ 25 / 27 ਅਧੀਨ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸਵਾਲ ਦੇ ਜਵਾਬ ਵਿਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਹੋਰ ਦੋਸ਼ੀ ਵੀ ਨਾਮਜਦ ਹੋ ਸਕਦੇ ਹਨ।  ਘਟਨਾ ਨਾਲ ਕਾਲਜ ਵਿਚ ਦਹਿਸ਼ਤ ਵਾਲਾ ਮਾਹੌਲ ਹੈ। ਲੜਕੀ ਦੇ ਪਿਤਾ ਨੇ ਲੜਕੀਆਂ ਦੇ ਹੋਸਟਲ ਦੀ ਸੁਰੱਖਿਆ ਵਿਚ ਭਾਰੀ ਕਮੀਆਂ ਦਾ ਦੋਸ਼ ਲਗਾਇਆ ਹੈ।

Share.

About Author

Leave A Reply