ਕਿਸਾਨ ਪਰਾਲੀ ਜਲਾ ਕੇ ਧਰਤੀ ਦਾ ਨੁਕਸਾਨ ਨਾ ਕਰਨ : ਮੋਦੀ

0


*2022 ਤੱਕ ਹਰ ਖਰਚਾ ਜੋੜ ਕੇ ਕਿਸਾਨਾਂ ਦੀ ਆਮਦਨ ਕਰ ਦਿੱਤੀ ਜਾਵੇਗੀ ਦੁੱਗਣੀ
ਨਵੀਂ ਦਿੱਲੀ (ਆਵਾਜ਼ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਝੋਨੇ, ਕਣਕ ਆਦਿ ਦਾ ਨਾੜ ਸਾੜ ਕੇ ਧਰਤੀ ਮਾਂ ਦਾ ਨੁਕਸਾਨ ਨਾ ਕਰਨ। ਮੋਦੀ ਨੇ ਕਿਹਾ ਕਿ ਝੋਨੇ ਅਤੇ ਕਣਕ ਦੇ ਇਸ ਨਾੜ ਨੂੰ ਖੇਤਾਂ ਵਿੱਚ ਦਬਾ ਕੇ ਖਾਦ ਦਾ ਕੰਮ ਲਿਆ ਜਾਵੇ। ਇਸ ਨਾਲ ਖੇਤੀ ਪੈਦਾਵਾਰ ਵਿੱਚ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਭਾਰਤੀ ਖੇਤੀ ਖੋਜ ਸੰਸਥਾ ਵੱਲੋਂ ਕਰਵਾਏ ਖੇਤੀ ਮੇਲੇ ਵਿੱਚ ਵੱਖ-ਵੱਖ ਸੂਬਿਆਂ ਦੇ ਸਫਲ ਕਿਸਾਨਾਂ ਨੂੰ ਸਨਮਾਨਿਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਕਿਸਾਨ ਮੇਲੇ ਦਾ ਮੁੱਖ ਵਿਸ਼ਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹੈ। ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਇਥੇ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ 800 ਤੋਂ ਵੱਧ ਸਟਾਲ ਲੱਗੇ ਹਨ। ਮੋਦੀ ਨੇ ਇਸ ਮੌਕੇ ਕਿਹਾ ਕਿ ਫਸਲ ਬੀਮਾ ਨਾਲ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਿਆਸੀ ਦੁਸ਼ਮਣ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦਾ ਸਿਸਟਮ ਲਾਗੂ ਕਰ ਰਹੇ ਹਾਂ ਕਿ 2022 ਤੱਕ ਘੱਟ-ਘੱਟ ਕੀਮਤ ਵਿੱਚ ਫਸਲ ਉਤਪਾਦਨ ਦੇ ਸਾਰੇ ਖਰਚੇ ਸ਼ਾਮਿਲ ਕਰਕੇ ਕਿਸਾਨਾਂ ਨੂੰ ਦੁੱਗਣੀ ਆਮਦਨ ਦੇ ਮੌਕੇ ਮਿਲਣੇ ਸ਼ੁਰੂ ਹੋ ਜਾਣਗੇ। ਮੋਦੀ ਨੇ ਕਿਹਾ ਕਿ ਘੱਟੋ-ਘੱਟ ਲਾਗਤ ਕੀਮਤ ਤਹਿ ਕਰਨ ਦੌਰਾਨ ਕਿਸਾਨ ਦੀ ਮਿਹਨਤ, ਖੇਤੀ ਮਜ਼ਦੂਰ ਦੀ ਮਜ਼ਦੂਰੀ, ਖੇਤੀ ਕਰਨ ਦੌਰਾਨ ਪਸ਼ੂਆਂ ਜਾਂ ਮਸ਼ੀਨ ਦਾ ਖਰਚਾ ਜਾਂ ਕਿਰਾਏ ‘ਤੇ ਲੈਣ ਦਾ ਖਰਚਾ, ਬੀਜ ਦਾ ਮੁੱਲ, ਖਾਦ ਦਾ ਮੁੱਲ, ਸਿੰਚਾਈ ਉੱਪਰ ਕੀਤਾ ਗਿਆ ਖਰਚਾ, ਸੂਬਾ ਸਰਕਾਰ ਨੂੰ ਦਿੱਤਾ ਗਿਆ ਮਾਲੀਆ, ਲਏ ਗਏ ਕਰਜ਼ੇ ਦਾ ਵਿਆਜ, ਠੇਕੇ ‘ਤੇ ਲਈ ਗਈ ਜ਼ਮੀਨ ਦਾ ਕਿਰਾਇਆ ਅਤੇ ਹੋਰ ਸਾਰੇ ਖਰਚੇ ਸ਼ਾਮਿਲ ਕਰਨ ਦੇ ਨਾਲ-ਨਾਲ ਕਿਸਾਨ ਵੱਲੋਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੇਤਾਂ ਵਿੱਚ ਕੀਤੀ ਗਈ ਮਿਹਤਨ ਦਾ ਮੁੱਲ ਵੀ ਉਤਪਾਦਨ ਲਾਗਤ ਵਿੱਚ ਜੋੜਿਆ ਜਾਵੇਗਾ। ਮੋਦੀ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅੱਜ ਮੈਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਵਾਲੇ ਭੈਣ-ਭਰਾਵਾਂ ਨੂੰ ਸਨਮਾਨਿਤ ਕਰਨ ਦਾ ਵੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਭਾਰਤ ਨੂੰ ਦੁਨੀਆਂ ਨੂੰ ਨਵੀਂ ਰਾਹ ਦਿਖਾਈ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਵਿੱਚ ਵੀ ਅਸੀਂ ਵਿਸ਼ਵ ਤਕਨੀਕਾਂ ਦੇ ਮੁਤਾਬਕ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਵਧੀਆ ਬੀਜ ਅਤੇ ਖਾਦਾਂ ਮਿਲਣ , ਸਿੰਚਾਈ ਲਈ ਬਿਜਲੀ ਮਿਲੇ ਅਤੇ ਪੈਦਾਵਾਰ ਵੇਚਣ ਲਈ ਵਧੀਆ ਬਾਜ਼ਾਰ ਮਿਲੇ, ਇਸ ਲਈ ਸਰਕਾਰ ਦਿਨ-ਰਾਤ ਇੱਕ ਕਰ ਰਹੀ ਹੈ।

Share.

About Author

Leave A Reply