ਕਾਂਗਰਸ ਦੀ ਵੀ ਬਸਪਾ ਦੀ ਤਰ੍ਹਾਂ ਆਕੜ ਟੁੱਟਣ ਲੱਗੀ – 2019 ਵਿੱਚ ਮਜ਼ਬੂਤ ਹੋਣ ਲਈ ਗਠਜੋੜ ਦੀ ਤਿਆਰੀ

0


*ਭਾਜਪਾ ਦੀ ਨਫ਼ਰਤ ਦਾ ਮੁਕਾਬਲਾ ਪਿਆਰ, ਸਹਿਯੋਗ ਵਧਾ ਕੇ ਕਰੇਗੀ ਕਾਂਗਰਸ : ਰਾਹੁਲ, ਸੋਨੀਆ
ਨਵੀਂ ਦਿੱਲੀ (ਆਵਾਜ਼ ਬਿਊਰੋ)-ਦੇਸ਼ ਦੀਆਂ ਬਦਲ ਰਹੀਆਂ ਸਥਿਤੀਆਂ, ਮਜ਼ਬੂਤ ਹੋਈ ਭਾਰਤੀ ਜਨਤਾ ਪਾਰਟੀ ਨੇ ਬਸਪਾ ਤੋਂ ਬਾਅਦ ਹੁਣ ਕਾਂਗਰਸ ਨੂੰ ਵੀ ਜ਼ਮੀਨੀ ਹਕੀਕਤਾਂ ਦਾ ਅਹਿਸਾਸ ਕਰਵਾਉਂਦਿਆਂ 2019 ਦੀਆਂ ਚੋਣਾਂ ਵਿੱਚ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਕੇ ਆਪਣੇ ਪੈਰਾਂ ਹੇਠੋਂ ਨਿਕਲਦੀ ਜਾ ਰਹੀ ਜ਼ਮੀਨ ਬਚਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਦਾ ਸੰਕੇਤ ਅੱਜ ਕਾਂਗਰਸ ਦੇ ਕੌਮੀ ਜਨਰਲ ਇਜਲਾਸ ਦੇ ਪਹਿਲੇ ਦਿਨ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਦਿੰਦਿਆਂ ਦੱਸਿਆ ਕਿ 2019 ਵਿੱਚ ਭਾਜਪਾ ਅਤੇ ਸੰਘ ਨੂੰ ਹਰਾਉਣ ਲਈ ਅਸੀਂ ਹਮ-ਖਿਆਲੀ ਧਿਰਾਂ ਨਾਲ ਗਠਜੋੜ ਕਰਕੇ ਚੋਣਾਂ ਲੜਾਂਗੇ। ਪਾਰਟੀ ਦੇ 84ਵੇਂ ਜਨਰਲ ਇਜਲਾਸ ਵਿੱਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਪਾਰਟੀ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਦੱਸਿਆ ਕਿ ਇੱਕ ਸਾਂਝਾ ਪ੍ਰੋਗਰਾਮ ਬਣਾਇਆ ਜਾਵੇਗਾ, ਜਿਸ ਵਿੱਚ ਹਮ-ਖਿਆਲੀ ਧਿਰਾਂ ਦੇ ਨਾਲ-ਨਾਲ ਪਾਰਟੀ ਦੀ ਨੌਜਵਾਨ ਅਤੇ ਬਜ਼ੁਰਗ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਦੇਸ਼ ਵਿੱਚ ਗੁੱਸਾ ਅਤੇ ਨਫ਼ਰਤ ਫੈਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹੱਥ ਦੇਸ਼ ਵਿੱਚ ਪਿਆਰ ਅਤੇ ਸਹਿਯੋਗ ਨੂੰ ਵਧਾਏਗਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਇਹ ਜਨਰਲ ਇਜਲਾਸ ਤਬਦੀਲੀ ਲਈ ਹੋ ਰਿਹਾ ਹੈ। ਇਹ ਤਬਦੀਲੀ ਕਾਂਗਰਸ ਦੇ ਢਾਂਚੇ ਅਤੇ ਵਿਚਾਰਧਾਰਾ ਵਿੱਚ ਵੀ ਹੋਵੇਗੀ ਅਤੇ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਵੀ ਰਣਨੀਤੀ ਬਣਾਈ ਜਾਵੇਗੀ।
ਪੁਰਾਣੀ ਲੀਡਰਸ਼ਿਪ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਇੱਕ-ਮੁੱਠ ਰੱਖਣ ਲਈ ਬਹੁਤ ਕੰਮ ਕੀਤਾ ਹੈ। ਇਹ ਇਜਲਾਸ ਸ਼ੁਰੂ ਹੋਣ ਦੌਰਾਨ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਬੀਤੇ ਚਾਰ ਸਾਲ ਦੌਰਾਨ ਭਾਜਪਾ ਨੇ ਹਰ ਤਰੀਕੇ ਨਾਲ ਦੇਸ਼ ਦੀ ਤਬਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਿਛਲੀ ਸਰਕਾਰ ਨੇ ਹਰ ਵਰਗ ਦੀ ਮਜ਼ਬੂਤੀ ਲਈ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕੀਤੀਆਂ ਪਰ ਮੋਦੀ ਸਰਕਾਰ ਨੇ ਸਭ ਯੋਜਨਾਵਾਂ ਕਮਜ਼ੋਰ ਕਰਦਿਆਂ ਦੇਸ਼ ਨੂੰ ਕਮਜ਼ੋਰ ਕਰ ਦਿੱਤਾ ਹੈ। ਕਾਂਗਰਸ ਦੇ ਇਸ ਸ਼ੈਸ਼ਨ ਵਿੱਚ ਅਗਲੇ 6 ਸਾਲਾਂ ਲਈ ਰਣਨੀਤੀਆਂ ਤੈਅ ਕੀਤੀਆਂ ਜਾਣੀਆਂ ਹਨ। ਰਾਹੁਲ ਗਾਂਧੀ ਨੇ ਅੱਜ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਦੋ ਭਾਸ਼ਣ ਦੇਣੇ ਹਨ। ਅੱਜ ਦਾ ਭਾਸ਼ਣ ਛੋਟਾ ਹੋਵੇਗਾ ਪਰ ਇਜਲਾਸ ਸਮਾਪਤੀ ਦਾ ਭਾਸ਼ਣ ਵੱਡਾ ਹੋਵੇਗਾ। ਕਾਂਗਰਸ ਇਸ ਇਜਲਾਸ ਰਾਹੀਂ ਹੋਣ ਜਾ ਰਹੀਆਂ ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਚੋਣਾਂ ਲਈ ਆਪਣੇ-ਆਪ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਇਸ ਇਜਲਾਸ ਵਿੱਚ ਕਾਂਗਰਸੀ ਰਾਜਾਂ ਦੇ ਸਾਰੇ ਮੁੱਖ ਮੰਤਰੀ, ਸੂਬਾ ਪ੍ਰਧਾਨ ਅਤੇ ਹੋਰ ਨੇਤਾ ਸ਼ਾਮਿਲ ਹੋਏ ਹਨ।

Share.

About Author

Leave A Reply