ਧੀ ਵੱਲੋਂ ਦਿੱਤੀ ਪਾਰਟੀ ਨੇ ਮਾਪਿਆਂ ਨੂੰ ਲਗਵਾਇਆ ਚੂਨਾ, ਲੋਕਾਂ ਨੂੰ ਸੱਦਣੀ ਪਈ ਪੁਲਿਸ

0

ਵੈਨਕੂਵਰ – ਆਵਾਜ਼ ਬਿੳੂਰੋ
ਕਈ ਵਾਰ ਬੱਚੇ ਆਪਣੀ ਬੇਸਮਝੀ ਕਾਰਨ ਗਲਤ ਕਦਮ ਚੁੱਕ ਲੈਂਦੇ ਹਨ, ਜਿਨ੍ਹਾਂ ਦਾ ਹਰਜਾਨਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਭਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲੇ ਕੈਨੇਡਾ ’ਚ ਦੇਖਣ ਨੂੰ ਮਿਲਿਆ। ਇੱਥੇ ਦੇ ਪੱਛਮੀ ਵੈਨਕੂਵਰ ’ਚ ਇਕ 14 ਸਾਲਾ ਕੁੜੀ ਨੇ ਆਪਣੇ ਦੋਸਤਾਂ ਲਈ ਪਾਰਟੀ ਰੱਖੀ, ਜਿਸ ਕਾਰਨ ਉਸ ਦੇ ਮਾਪਿਆਂ ਨੂੰ ਚੂਨਾ ਲੱਗ ਗਿਆ। ਇਸ ਕੁੜੀ ਨੇ ਇਕ ਕਿਰਾਏ ਦੇ ਘਰ ’ਚ ਆਪਣੇ ਦੋਸਤਾਂ ਨੂੰ ਖੁੱਲ੍ਹੀ ਪਾਰਟੀ ਦਿੱਤੀ। ਉਸ ਨੇ ਆਪਣੇ ਮਾਂ-ਬਾਪ ਨੂੰ ਦੱਸੇ ਬਿਨਾਂ ਉਨ੍ਹਾਂ ਦੇ ਕਰੈਡਿਟ ਕਾਰਡ ਰਾਹੀਂ ਘਰ ਕਿਰਾਏ ’ਤੇ ਲਿਆ। 2400 ਬਲਾਕ ’ਚ ਓਟਾਵਾ ਅਵੈਨਿਊ ’ਚ 9 ਮਾਰਚ ਨੂੰ ਇਹ ਪਾਰਟੀ ਰੱਖੀ ਗਈ ਸੀ। ਕੁੜੀ ਅਤੇ ਉਸ ਦੇ ਦੋਸਤਾਂ ਨੇ ਪਾਰਟੀ ’ਚ ਇੰਨੀ ਕੁ ਅੱਤ ਚੁੱਕੀ ਕਿ ਲੋਕਾਂ ਨੂੰ ਪੁਲਿਸ ਸੱਦਣੀ ਪਈ। ਪੱਛਮੀ ਵੈਨਕੂਵਰ ਪੁਲਿਸ ’ਚ ਕਾਂਸਟੇਬਲ ਜੈੱਫ ਪਾਲਮਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਦੇ ਕਈ ਫੋਨ ਆਏ ਅਤੇ ਜਦ ਉਹ ਇਸ ਥਾਂ ’ਤੇ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਥੇ ਲਗਭਗ 200 ਟੀਨ ਏਜਰਜ਼ ਸਨ। ਉਹ ਸ਼ਰਾਬ ਪੀ ਰਹੇ ਸਨ ਅਤੇ ਹੱਲਾ ਮਚਾ ਰਹੇ ਸਨ। ਇਨ੍ਹਾਂ ਸਭ ਨੇ ਮਿਲ ਕੇ ਘਰ ਦਾ ਬਹੁਤ ਨੁਕਸਾਨ ਕਰ ਦਿੱਤਾ। ਘਰ ਦੀਆਂ ਕੰਧਾਂ, ਫਰਨੀਚਰ ਅਤੇ ਸਮਾਨ ਆਦਿ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਸਾਰਾ ਖਰਚ ਮਿਲਾ ਕੇ ਲਗਭਗ 20,000 ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਇਸ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਇਸ ਨੁਕਸਾਨ ਦਾ ਖਰਚਾ ਚੁੱਕਣਗੇ।

Share.

About Author

Leave A Reply