ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਲਗਾਤਾਰ ਤੀਸਰੀ ਵਾਰ ਬਣਿਆ ਚੈਂਪੀਅਨ

0

ਫ਼ਿੰਨਲੈਂਡ – ਵਿੱਕੀ ਮੋਗਾ
ਪਿਛਲੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਹੈਮੇਲੀਨਾ ਵਿੱਚ ਇਨਡੋਰ ਹਾਕੀ ਸੀਜ਼ਨ ਦੇ ਫ਼ਾਈਨਲ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 12 ਸਾਲ ਦੇ ਵਰਗ ਵਿੱਚ ਪੰਜਾਬੀਆਂ ਦੇ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਵਾਨਤਾ ਹਾਕੀ ਕਲੱਬ ਨੂੰ 2-1 ਨਾਲ ਹਰਾਕੇ ਲਗਾਤਾਰ ਤੀਸਰੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਪਿਛਲੇ ਸਾਲ ਇੰਡੋਰ ਅਤੇ ਆਊਟਡੋਰ ਦੋਨੋਂ ਸੀਜ਼ਨਾਂ ਵਿਚ ਵੀ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਬਾਜ਼ੀ ਮਾਰੀ ਸੀ। ਇਸ ਸਾਲ 12 ਸਾਲਾਂ ਵਰਗ ਦੇ ਮੁਕਾਬਲਿਆਂ ਵਿੱਚ 5 ਟੀਮਾਂ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ, ਵਨਤਾ ਹਾਕੀ ਕਲੱਬ, ਸੇਈਨਾਜੋਕੀ ਯੂਨਾਈਟਡ ਕਲੱਬ, ਸਿਸੂਕਇੱਕੋ ਹਾਕੀ ਕਲੱਬ ਅਤੇ ਤੁਰਕੂ ਦੇ ਕਿਲਪਰੀ ਹਾਕੀ ਕਲੱਬ ਨੇ ਹਿੱਸਾ ਲਿਆ ਜਿਸ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ 12 ਮੈਚਾਂ ਵਿਚੋਂ 9 ਮੈਚ ਜਿੱਤਕੇ 27 ਅੰਕਾਂ ਨਾਲ ਲੀਗ ਵਿੱਚ ਦੂਸਰੇ ਸਥਾਨ ਤੇ ਰਿਹਾ ਜਦਕਿ ਵਾਨਤਾ ਹਾਕੀ ਕਲੱਬ ਨੇ 10 ਮੈਚ ਜਿੱਤਕੇ 31 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਸੀ। ਪਰ ਫ਼ਾਈਨਲ ਮੇਚ ਵਿੱਚ ਵਾਰੀਅਰਜ਼ ਹਾਕੀ ਕਲੱਬ ਨੇ ਬਾਜ਼ੀ ਮਾਰ ਲਈ। ਮੈਚ ਦਾ ਵਧੀਆ ਖਿਡਾਰੀ ਗੁਰਦਿੱਤ ਸਿੰਘ ਗਿੱਲ ਨੂੰ ਐਲਾਨਿਆਂ ਗਿਆ। ਗੌਰਤਲਬ ਰਹੇ ਕਿ ਫ਼ਿੰਨਲੈਂਡ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਇੱਕੋ- ਇੱਕ ਹਾਕੀ ਕਲੱਬ ਹੈ ਜਿਸ ਵਿੱਚ ਕੇਵਲ ਭਾਰਤੀ ਮੂਲ ਦੇ ਬੱਚੇ ਖੇਡਦੇ ਹਨ। ਇਸ ਸਾਲ ਇਨਡੋਰ ਸੀਜ਼ਨ ਵਿੱਚ ਵਾਰੀਅਰਜ਼ ਟੀਮ ਵਲੋਂ ਮਨਰਾਜ ਸਿੰਘ ਸਹੋਤਾ ਨੇ ਸੱਭ ਤੋਂ ਜ਼ਿਆਦਾ 35 ਗੋਲ ਕੀਤੇ ਜਦਕਿ ਟੀਮ ਦੇ ਸੱਭ ਤੋਂ ਜੂਨੀਅਰ ਖਿਡਾਰੀ ਨੌਂ ਸਾਲਾਂ ਦੇ ਅਰਜੁਨਜੀਤ ਸਿੰਘ ਅਤੇ ਜੋਬਨਵੀਰ ਸਿੰਘ ਖ਼ਹਿਰਾ ਨੇ 14-14 ਗੋਲ ਕਰਕੇ ਲੀਗ ਵਿੱਚ ਚੌਥਾ ਸਥਾਨ ਤੇ ਰਹੇ। ਟੀਮ ਦੇ ਬਾਕੀ ਖਿਡਾਰੀਆਂ ਗੋਲਕੀਪਰ ਪਰਮਪ੍ਰੀਤ ਸਿੰਘ ਗਿੱਲ, ਗੁਰਦਿੱਤ ਸਿੰਘ ਗਿੱਲ, ਆਦਿਤ ਫੁੱਲ ਅਤੇ ਜਾਰਕੋ ਹਾਕਲਾ ਨੇ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ। ਟੀਮ ਦੀ ਇਸ ਜਿੱਤ ਦੀ ਖੁਸ਼ੀ ਲਈ ਭਾਰਤੀ ਹਾਕੀ ਦੇ ਮਹਾਨ ਸਤੰਬ ਸ੍ਰ. ਬਲਬੀਰ ਸਿੰਘ ਸੀਨੀਅਰ ਜੀ, ਭਾਰਤੀ ਫ਼ਿੰਨਲੈਂਡ ਸੋਸਾਇਟੀ ਦੇ ਪ੍ਰਧਾਨ ਮਾਰਕੂ ਲੇਮੇਟੀ, ਗੁਰੂਦਵਾਰਾ ਵਾਨਤਾ ਦੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਾਸੀ, ਵਾਰੀਅਰਜ਼ ਹਾਕੀ ਕਲੱਬ ਦੇ ਮੁੱਖ ਸਪੌਂਸਰ ਮੂਸਤਾ ਹੈਰਕਾ ਰੈਸਟੋਰੈਂਟ ਦੇ ਮਾਲਿਕ ਰਣਜੀਤ ਸਿੰਘ ਗਿੱਲ ਅਤੇ ਲੱਖਾ ਗਿੱਲ ਅਤੇ ਸਮੂਹ ਪੰਜਾਬੀ ਭਾਈਚਾਰੇ ਨੇ ਪੂਰੀ ਟੀਮ ਅਤੇ ਕੋਚ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੂੰ ਵਧਾਈ ਦਿੱਤੀ।

Share.

About Author

Leave A Reply