ਫਰਾਂਸ ਦੀ ਆਜ਼ਾਦੀ ‘ਚ ਸਿੱਖਾਂ ਦਾ ਵੱਡਾ ਹਿੱਸਾ: ਜੀ. ਕੇ.

0


ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਫਰਾਂਸ ‘ਚ ਸਿੱਖਾਂ ਦੇ ਦਰਪੇਸ਼ ਮਸਲਿਆਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੂੰ ਫਰਾਂਸ ਅਤੇ ਸਿੱਖਾਂ ਦੇ 100 ਸਾਲ ਪੁਰਾਣੇ ਰਿਸ਼ਤੀਆਂ ਦਾ ਚੇਤਾ ਕਰਾਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਅਕਾਲੀ ਦਲ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਰਾਂਸ ਦੇ ਸਕੂਲਾਂ ‘ਚ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ ‘ਤੇ ਲਗੀ ਰੋਕ ਅਤੇ ਕੌਮੀ ਪਛਾਣ ਪੱਤਰਾਂ ‘ਤੇ ਸਿੱਖਾਂ ਨੂੰ ਬਿਨਾਂ ਦਸਤਾਰ ਦੇ ਫੋਟੋ ਖਿਚਾਉਣ ਲਈ ਫਰਾਂਸ ਸਰਕਾਰ ਵੱਲੋਂ ਮਜਬੂਰ ਕਰਨ ਨੂੰ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਜੀ.ਕੇ. ਨੇ ਕਿਹਾ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਜਦੋਂ ਜਰਮਨੀ ਨੇ ਫਰਾਂਸ ‘ਤੇ ਹਮਲਾ ਕੀਤਾ ਸੀ ਤਾਂ ਭਾਰਤੀ ਫੋਜੀ ਜਿਸ ‘ਚ ਸਿੱਖ ਵੱਡੀ ਗਿਣਤੀ ‘ਚ ਸ਼ਾਮਿਲ ਸਨ ਨੇ ਫਰਾਂਸ ਨੂੰ ਜਰਮਨੀ ਦੇ ਕਬਜ਼ੇ ‘ਚ ਨਹੀਂ ਜਾਣ ਦਿੱਤਾ ਸੀ। ਜਿਸ ਕਰਕੇ 18 ਮਾਰਚ 2018 ਨੂੰ ਭਾਰਤੀ ਫੌਜੀਆਂ ਦੀ ਦਲੇਰੀ ਦੀ ਸ਼ਤਾਬਦੀ ਵੀ ਫਰਾਂਸ ਦੀ ਸਿੱਖ ਜਥੇਬੰਦੀਆਂ ਵੱਲੋਂ ਫਰਾਂਸ ‘ਚ ਵੱਡੇ ਪੱਧਰ ‘ਤੇ ਮਨਾਈ ਜਾ ਰਹੀ ਹੈ। ਇਸ ਲਈ ਭਾਰਤ ਦੌਰੇ ‘ਤੇ ਆਏ ਫਰਾਂਸੀਸੀ ਰਾਸ਼ਟਰਪਤੀ ਨੂੰ ਸਿੱਖ ਪਛਾਣ ਨਾਲ ਸੰਬੰਧਿਤ ਵਸਤੂਆਂ ਨੂੰ ਧਾਰਣ ਕਰਨ ਦੀ ਫਰਾਂਸ ‘ਚ ਆਜ਼ਾਦੀ ਦਾ ਤੋਹਫਾ ਸਿੱਖ ਕੌਮ ਨੂੰ ਦੇਣਾ ਚਾਹੀਦਾ ਹੈ।  ਪਹਿਲੀ ਵਿਸ਼ਵ ਜੰਗ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਬਰਤਾਨੀਆਂ ਦੀ ਫੌਜ ‘ਚ 15 ਲੱਖ ਭਾਰਤੀ ਫੌਜੀ ਭਰਤੀ ਹੋਏ ਸਨ। ਇਸ ਜੰਗ ਦੌਰਾਨ 75 ਹਜ਼ਾਰ ਭਾਰਤੀ ਫੌਜੀ ਸ਼ਹੀਦ, 60 ਹਜ਼ਾਰ ਫੱਟੜ ਤੇ ਅਪੰਗ ਅਤੇ 30 ਹਜ਼ਾਰ ਲਾਪਤਾ ਹੋਏ ਸਨ। ਇਸਦੇ ਬਾਵਜੂਦ ਭਾਰਤੀ ਫੌਜੀਆਂ ਨੇ ਸੂਤੀ ਕਪੜੇ ਦੀ ਵਰਦੀ ਅਤੇ 303 ਰਾਇਫਲ ਦੇ ਸਹਾਰੇ ਵਿਰੋਧੀਆਂ ਨੂੰ ਧੂੜ ਚਟਾ ਦਿੱਤੀ ਸੀ। ਜੀ.ਕੇ. ਨੇ ਦੱਸਿਆ ਕਿ ਅੰਗਰੇਜਾਂ ਦੇ ਵੱਲੋਂ ਇਸ ਜੰਗ ਦੌਰਾਨ ਲੜਨ ਵਾਲਾ ਹਰ ਛੇਵਾਂ ਫੌਜੀ ਭਾਰਤੀ ਸੀ। ਜਦੋਂ ਜਰਮਨੀ ਨੇ ਫਰਾਂਸ ‘ਤੇ ਹਮਲੇ ਦੌਰਾਨ ਜਹਿਰੀਲੀ ਗੈਸ ਛੱਡੀ ਸੀ ਤਾਂ ਦਿਲੇਰ ਭਾਰਤੀ ਫੌਜੀਆਂ ਨੇ ਦੇਸ਼ੀ ਤਰੀਕੇ ਦੀ ਵਰਤੋ ਕਰਦੇ ਹੋਏ ਗਿੱਲੇ ਕਪੜੇ ਨਾਲ ਆਪਣੇ ਮੂੰਹ ਢੱਕ ਕੇ ਜਰਮਨੀ ਨੂੰ ਹਾਰ ਦਿੱਤੀ ਸੀ। ਇਹੀ ਕਾਰਨ ਸਨ ਕਿ ਭਾਰਤੀ ਫੌਜੀਆਂ ਦੀ ਦਿਲੇਰੀ ਨੂੰ ਨਤਮਸਤਕ ਹੁੰਦੇ ਹੋਏ ਅੰਗਰੇਜ ਹਕੂਮਤ ਨੇ 1931 ‘ਚ ਦਿੱਲੀ ਵਿਖੇ ਸ਼ਹੀਦ ਫੌਜੀਆਂ ਨੂੰ ਸਮਰਪਿਤ ”ਇੰਡੀਆ ਗੇਟ” ਜੰਗੀ ਯਾਦਗਾਰ ਬਣਾਈ ਸੀ। ਜਿਸ ‘ਤੇ ਸਿੱਖ ਫੌਜੀਆਂ ਦੇ ਨਾਂ ਵੱਡੀ ਗਿਣਤੀ ‘ਚ ਉਕੇਰੇ ਹੋਏ ਹਨ।  ਜੀ.ਕੇ. ਨੇ ਦੱਸਿਆ ਕਿ ਭਾਰਤੀ ਪ੍ਰਧਾਨ ਮੰਤਰੀ ਵੀ ਬੀਤੇ ਦਿਨੀ ਆਪਣੇ ਫਰਾਂਸ ਦੌਰੇ ਦੌਰਾਨ ਫਰਾਂਸ ਦੇ ਨਵਛੱਪਲ ਸ਼ਹਿਰ ਵਿਖੇ ਭਾਰਤੀ ਫੌਜੀਆਂ ਦੀ ਯਾਦ ‘ਚ ਬਣੀ ਯਾਦਗਾਰ ‘ਤੇ ਗਏ ਸਨ। ਜੀ.ਕੇ. ਨੇ ਰਾਸ਼ਟਰਪਤੀ ਮੈਕ੍ਰੋਂ ਨਾਲ ਮੁਲਾਕਾਤ ਕਰਨ ਲਈ ਫਰਾਂਸ ਦੇ ਸਫ਼ਾਰਤਖਾਨੇ ਨੂੰ ਬੇਨਤੀ ਪੱਤਰ ਭੇਜਣ ਦੀ ਜਾਣਕਾਰੀ ਵੀ ਦਿੱਤੀ।  ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।

Share.

About Author

Leave A Reply