ਤ੍ਰਿਪਤ ਬਾਜਵਾ ਨੇ ਆਰ. ਆਰ. ਬਾਵਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ

0


*ਕੈਬਨਿਟ ਮੰਤਰੀ ਬਾਜਵਾ ਨੇ ਕਾਲਜ ਨੂੰ 15 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ
ਗੁਰਦਾਸਪੁਰ/ਬਟਾਲਾ (ਬਲਦੇਵ ਸਿੰਘ ਬਾਜਵਾ)-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੜ ਲਿਖ ਕੇ ਆਪਣੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਉਨਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਤਕਦੀਰ ਬਦਲਣ ਦੀ ਕਾਬਲੀਅਤ ਰੱਖਦੇ ਹਨ ਅਤੇ ਨੌਜਵਾਨਾਂ ਨੂੰ ਆਪਣੀ ਤਾਕਤ ਨੂੰ ਸਹੀ ਦਿਸ਼ਾ ਦਿੰਦਿਆਂ ਹਮੇਸ਼ਾਂ ਦੇਸ਼ ਹਿੱਤ ਨੂੰ ਪਹਿਲ ਦੇਣੀ ਚਾਹੀਦੀ ਹੈ। ਇਹ ਪ੍ਰਗਟਾਵਾ ਸ. ਬਾਜਵਾ ਨੇ ਅੱਜ ਸਥਾਨਕ ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਦੇ 50ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਕਾਲਜ ਦੀਆਂ 801 ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਵੰਡਣ ਮੌਕੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ। ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਡਿਗਰੀ ਹਾਸਲ ਕਰਨਾ ਵਿਦਿਆਰਥੀ ਜੀਵਨ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਕਾਮਨਾ ਕਰਦੇ ਹਨ ਇਹ ਸਾਰੀਆਂ ਵਿਦਿਆਰਥਣਾਂ ਆਪਣੀ ਜ਼ਿੰਦਗੀ ਵਿੱਚ ਸਫਲਤਾ ਦੀਆਂ ਉੱਚੀਆਂ ਉਡਾਨਾ ਭਰਨ। ਉਨਾਂ ਕਿਹਾ ਕਿ ਲੜਕੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ‘ਤੇ ਪੜਾਈ ਦੇ ਨਾਲ ਹਰ ਖੇਤਰ ਵਿੱਚ ਹੀ ਲੜਕਿਆਂ ਤੋਂ ਅੱਗੇ ਲੰਘ ਗਈਆਂ ਹਨ। ਉਨਾਂ ਲੜਕੀਆਂ ਨੂੰ ਇਸ ਕਾਮਯਾਬੀ ਦੀ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਤੋਂ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਹਨ। ਉਨਾਂ ਕਿਹਾ ਕਿ ਵਿਦਿਆਰਥਣਾਂ ਆਪਣੇ ਕਿੱਤੇ ਦੀ ਚੋਣ ਬਹੁਤ ਜਾਗਰੂਕ ਹੋ ਕੇ ਕਰਨ ਅਤੇ ਪੂਰੀ ਮਿਹਨਤ ਨਾਲ ਆਪਣੇ ਚੁਣੇ ਹੋਏ ਖੇਤਰ ਵਿੱਚ ਸਫਲਤਾ ਨੂੰ ਹਾਸਲ ਕਰਨ। ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਔਰਤਾਂ ਦੇ ਸ਼ਸ਼ਕਤੀਕਰਨ ਉੱਪਰ ਵਿਸ਼ੇਸ਼ ਬੱਲ ਦੇ ਰਹੀ ਹੈ। ਇਸ ਮੌਕੇ ਸ. ਬਾਜਵਾ ਨੇ ਕਾਲਜ ਨੂੰ ਸਪੋਰਟਸ ਕੰਪਲੈਕਸ ਦੀ ਉਸਾਰੀ ਲਈ 15 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰੂ ਚੱਢਾ ਨੇ ਕਾਲਜ ਦੀਆਂ ਪ੍ਰਾਪਤੀ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਕਾਲਜ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਨ ਦੇ ਨਾਲ ਲੋਕ ਗੀਤ ਅਤੇ ਲੋਕ ਸਾਜ਼ਾਂ ਦੀ ਖੂਬਸੂਰਤ ਪੇਸ਼ਕਾਰੀ ਵੀ ਕੀਤੀ। ਇਸ ਮੌਕੇ ਜਵਾਹਰ ਮਰਵਾਹਾ, ਸ੍ਰੀਮਤੀ ਤੀਰਥ ਬਾਲਾ, ਰਜੇਸ਼ ਕਵਾਤਰਾ, ਪ੍ਰਧਾਨ ਨਰੇਸ਼ ਮਹਾਜਨ, ਸੁਨਾਜ਼ ਗੋਇਲ, ਨਾਇਬ ਤਹਿਸੀਲਦਾਰ ਵਰਿਆਮ ਸਿੰਘ, ਮਿਨਾਕਸ਼ੀ ਦੁੱਗਲ ਆਦਿ ਵੀ ਹਾਜ਼ਰ ਸਨ।

Share.

About Author

Leave A Reply