ਖੁਸ਼ਹਾਲੀ ਲਈ ਭਾਰਤ ਅਤੇ ਫਰਾਂਸ ਦੇ ਲੋਕਾਂ ‘ਚ ਮਜ਼ਬੂਤ ਸਾਂਝ ਜ਼ਰੂਰੀ : ਮੋਦੀ

0


*ਫਰਾਂਸੀਸੀ ਰਾਸ਼ਟਰਪਤੀ ਦੀ ਹਾਜਰੀ ਵਿੱਚ 14 ਸਮਝੌਤਿਆਂ ਉੱਪਰ ਦਸਤਖਤ
ਨਵੀਂ ਦਿੱਲੀ (ਆਵਾਜ਼ ਬਿਊਰੋ)-ਫਰਾਂਸ ਦੇ ਰਾਸ਼ਟਰਪਤੀ ਇਮੈਨੂੰਅਲ ਮੈਕਰੋਂ ਦੀ ਭਾਰਤ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਅੱਜ 14 ਸਮਝੌਤਿਆਂ ਉੱਪਰ ਦਸਤਖਤ ਹੋਏ। ਫਰਾਂਸ ਦੇ ਰਾਸ਼ਟਰਪਤੀ ਜੋ ਆਪਣੀ ਪਤਨੀ ਬ੍ਰਿਡਿਡ ਨਾਲ ਭਾਰਤ ਦੌਰੇ ‘ਤੇ ਆਏ ਹਨ, ਨਾਲ ਹੈਦਰਾਬਾਦ ਹਾਊਸ ਵਿਖੇ ਮਹੱਤਵਪੂਰਨ ਮੁਲਾਕਾਤ ਅਤੇ 14 ਸਮਝੌਤੇ ਕਰਨ ਦੌਰਾਨ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਹਿੱਸੇਦਾਰੀ ਭਾਵੇਂ 20 ਸਾਲ ਹੀ ਪੁਰਾਣੀ ਹੈ। ਪਰ ਦੋਵਾਂ ਦੇਸ਼ਾਂ ਦੀਆਂ ਸੱਭਿਆਤਾਵਾਂ ਦੀ ਅਧਿਆਤਮਿਕ ਸਾਂਝ ਸਦੀਆਂ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਫਰਾਂਸ ਵਿਚਾਲੇ ਸਾਂਝ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਦੇ ਲੋਕਾਂ ਦਾ ਆਪਸ ਵਿੱਚ ਸਿੱਧਾ ਸੰਪਰਕ ਹੋਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਫਰਾਂਸ ਦੇ ਰਾਸ਼ਟਰਪਤੀ ਨੂੰ ਦਿੱਲੀ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜਰੀ ਵਿੱਚ ਗਾਰਡ ਆਫ ਆਨਰ ਦਿੱਤਾ ਗਿਆ। 3 ਦਿਨਾਂ ਯਾਤਰਾ ‘ਤੇ ਭਾਰਤ ਆਏ ਫਰਾਂਸ ਦੇ ਰਾਸ਼ਟਰਪਤੀ ਨੇ ਭਾਰਤ ਨਾਲ ਜੋ ਪ੍ਰਮੁੱਖ ਸਮਝੌਤੇ ਕੀਤੇ ਹਨ, ਉਨ੍ਹਾਂ ਵਿੱਚੋਂ ਇੱਕ ਦੋਵਾਂ ਦੇਸ਼ਾਂ ਦੀਆਂ ਸਿੱਖਿਆ ਯੋਗਤਾਵਾਂ ਨੂੰ ਮਾਨਤਾ ਦੇਣ, ਦੂਸਰਾ ਮਾਈਗਰੇਸ਼ਨ ਅਤੇ ਘੁੰਮਣ-ਫਿਰਨ ਦੀ ਹਿੱਸੇਦਾਰੀ ਦਾ ਹੈ। ਇਹ ਦੋਵੇਂ ਸਮਝੌਤੇ ਭਾਰਤੀਆਂ ਲਈ ਲਾਭਦਾਇਕ ਸਾਬਤ ਹੋਣਗੇ। ਇਸ ਤੋਂ ਇਲਾਵਾ ਨਸ਼ਿਆਂ ਦੀ ਸਮੱਗਲਿੰਗ ਅਤੇ ਰੋਕਥਾਮ, ਰੇਲਵੇ ਤਕਨੀਕੀ ਸਹਿਯੋਗ, ਇੰਡੋ-ਫਰਾਂਸ ਰੇਲਵੇ ਫੋਰਮ ਦਾ ਗਠਿਨ, ਸੁਰੱਖਿਆ ਫੋਰਸਾਂ ਵਿੱਚ ਮਜ਼ਬੂਤੀ ਲਈ ਸਮਝੌਤੇ, ਵਾਤਾਵਰਣ, ਸ਼ਹਿਰੀ ਵਿਕਾਸ, ਗੁਪਤ ਜਾਣਕਾਰੀ ਤੀਜੀ ਧਿਰ ਨਾਲ ਸਾਂਝੀ ਨਾ ਕਰਨਾ ਪ੍ਰਮਾਣੂ ਸ਼ਕਤੀ ਵਿੱਚ ਸਹਿਯੋਗ, ਸਮਾਰਟ ਸਿਟੀ ਪ੍ਰੋਜੈਕਟ ਵਿੱਚ ਸਹਿਯੋਗ, ਸੋਲਰ ਐਨਰਜੀ ਵਿੱਚ ਸਹਿਯੋਗ ਕਰਨ ਸਮੇਤ ਅਨੇਕਾਂ ਸਮਝੌਤੇ ਸ਼ਾਮਿਲ ਹਨ। ਫਰਾਂਸ ਦੇ ਰਾਸ਼ਟਰਪਤੀ ਬੀਤੀ ਰਾਤ ਦਿੱਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਆਦਤ ਮੁਤਾਬਕ ਨਿਰਧਾਰਿਤ ਪ੍ਰੋਟੋਕਾਲ ਤੋੜ ਕੇ ਏਅਰਪੋਰਟ ਉੱਪਰ ਜਾ ਕੇ ਉਨ੍ਹਾਂ ਦਾ ਗਲਵੱਕੜੀ ਪਾ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਫਰਾਂਸੀਸੀ ਰਾਸ਼ਟਰਪਤੀ ਨੂੰ ਗੰਗਾ ਅਤੇ ਗੰਗਾ ਘਾਟ ਦੀ ਵੀ ਸੈਰ ਕਰਵਾਉਣਗੇ। ਇਸ ਤੋਂ ਇਲਾਵਾ ਆਪਣੇ ਸੰਸਦੀ ਖੇਤਰ ਬਨਾਰਸ ਦੇ ਵੱਖ-ਵੱਖ ਥਾਵਾਂ ‘ਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂੰਅਲ ਮੈਕਰੋਂ ਦੇ ਨਾਲ ਇਥੇ ਹੋਣ ਵਾਲੀ ਇੱਕ ਸੂਰਜੀ ਊਰਜਾ ਸਬੰਧੀ ਮਹੱਤਵਪੂਰਨ ਕਾਨਫਰੰਸ ਵਿੱਚ ਵੀ ਸ਼ਾਮਿਲ ਹੋਏ।

Share.

About Author

Leave A Reply