ਕਾਂਗਰਸ ਦੀ ਫੁੱਟ ਅਕਾਲੀ ਦਲ ਦੇ ਹੱਕ ‘ਚ ਹਵਾ ਬਣਾਉਣ ਲੱਗੀ

0


*ਸ਼ਾਹਕੋਟ ਵਿੱਚ ਇਲਾਕੇ ਤੋਂ ਬਾਹਰੀਂ ਉਮੀਦਵਾਰਾਂ ਦੀਆਂ ਦੌੜਾਂ ਤੋਂ ਵੀ ਸਥਾਨਿਕ ਨੇਤਾ ਨਿਰਾਸ਼
ਜਲੰਧਰ (ਹਰਪ੍ਰੀਤ ਸਿੰਘ ਲੇਹਿਲ)-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਾਸਤੇ ਚੋਣ ਕਮਿਸ਼ਨ ਨੇ ਹਾਲੇ ਕੋਈ ਐਲਾਨ ਨਹੀਂ ਕੀਤਾ, ਪਰ ਕਾਂਗਰਸ ਦੇ ਵਿਧਾਨ ਸਭਾ ਹਲਕੇ ਦੇ ਅੰਦਰਲੇ ਅਤੇ ਬਾਹਰਲੇ ਵੱਡੇ ਨੇਤਾ ਇਹ ਚੋਣ ਜਿੱਤਣ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਕੈਪਟਨ ਅਮਰਿੰਦਰ ਦੇ ਦਰਬਾਰ ਵਿੱਚ ਅਤੇ ਇਲਾਕੇ ਦੇ ਲੋਕਾਂ ਦੇ ਘਰਾਂ ਵਿੱਚ ਗੇੜੀਆਂ ਮਾਰਨ ਲੱਗ ਪਏ ਹਨ। ਸ਼੍ਰੋਮਣੀ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਜੱਥੇਦਾਰ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਦੀ ਸੀਟ ਤੋਂ ਚੋਣ ਲੜਨ ਲਈ ਅਕਾਲੀ ਦਲ ਵਿੱਚ ਕੋਹਾੜ ਪਰਿਵਾਰ ਤੋਂ ਇਲਾਵਾ ਹੋਰ ਕੋਈ ਦਾਅਵੇਦਾਰ ਨਹੀਂ ਹੈ। ਦੂਸਰੇ ਪਾਸੇ ਕਾਂਗਰਸ ਵਿੱਚ ਇਸ ਵਿਧਾਨ ਸਭਾ ਸੀਟ ਤੋਂ ਇਲਾਕੇ ਵਿੱਚੋਂ ਹੀ ਇੱਕ-ਦੋ ਨਹੀਂ, ਸਗੋਂ ਅਨੇਕਾਂ ਦਾਅਵੇਦਾਰਾਂ ਦੇ ਨਾਲ-ਨਾਲ ਇਲਾਕੇ ਤੋਂ ਬਾਹਰਲੇ ਕਈ ਵੱਡੇ ਸਿਆਸੀ ਨੇਤਾ ਵੀ ਕਾਂਗਰਸ ਦੇ ਸੱਤਾ ਵਿੱਚ ਹੋਣ ਨੂੰ ਆਪਣੇ ਹੱਕ ਵਿੱਚ ਸਮਝਦਿਆਂ ਇਥੋਂ ਗਰੰਟੀ ਵਾਲੀ ਜਿੱਤ ਦੇ ਨਾਲ ਵਿਧਾਨ ਸਭਾ ਵਿੱਚ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਹਨ। ਇਨ੍ਹਾਂ ਵਿੱਚੋਂ ਦੋ ਪ੍ਰਮੁੱਖ ਕਾਂਗਰਸੀ ਨੇਤਾ ਅਜਿਹੇ ਹਨ, ਜੋ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਜੇਤੂ ਰੱਥ ਦੀ ਬੱਸ ਵਿੱਚ ਸਵਾਰ ਹੋਣੋਂ ਆਪਣੇ ਇਲਾਕੇ ਦੇ ਲੋਕਾਂ ਦੀ ਨਰਾਜ਼ਗੀ ਅਤੇ ਕਾਨੂੰਨੀ ਅੜਚਣਾਂ ਕਾਰਨ ਰਹਿ ਗਏ ਸਨ। ਹੁਣ ਸ਼ਾਹਕੋਟ ਦੀ ਉਪ ਚੋਣ ਉਨ੍ਹਾਂ ਨੂੰ ਵਿਧਾਨ ਸਭਾ ਜਾਣ ਲਈ ਲਗਜਰੀ ਬੱਸ ਵਰਗੀ ਸਵਾਰੀ ਦਿਖਾਈ ਦੇ ਰਹੀ ਹੈ। ਪਹਿਲਾਂ ਲੋਹੀਆਂ ਅਤੇ ਹੁਣ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਰੂਪ ਵਿੱਚ ਤਬਦੀਲ ਹੋਏ ਇਸ ਵਿਧਾਨ ਸਭਾ ਖੇਤਰ ਦਾ ਇੱਕ ਇਤਿਹਾਸ ਪਿਛਲੇ ਕੁੱਝ ਸਮੇਂ ਦੌਰਾਨ ਬਣਿਆ ਹੈ ਕਿ ਇਥੇ ਕਾਂਗਰਸੀਆਂ ਨੇ ਹੀ ਕਾਂਗਰਸ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਪਿਛਲੀਆਂ ਕਈ ਚੋਣਾਂ ਵਿੱਚ ਹਰਾਇਆ ਹੈ। ਹੁਣ ਵੀ ਇਥੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਬਾਹਰੀ ਉਮੀਦਵਾਰ ਇਸੇ ਲਈ ਉਡਾਰੀਆਂ ਮਾਰ ਰਹੇ ਹਨ ਕਿ ਕਾਂਗਰਸ ਹਾਈਕਮਾਂਡ ਹਲਕੇ ਨਾਲ ਸਬੰਧਿਤ ਕਾਂਗਰਸੀ ਨੇਤਾਵਾਂ ਵਿੱਚ ਵੱਡੀ ਪੱਧਰ ‘ਤੇ ਫੁੱਟ ਹੋਣ ਕਾਰਨ ਬਾਹਰੀ ਉਮੀਦਵਾਰ ਨੂੰ ਇਥੇ ਚੋਣ ਮੈਦਾਨ ਵਿੱਚ ਉਤਾਰ ਕੇ ਹਲਕੇ ਦੇ ਸਾਰੇ ਨੇਤਾਵਾਂ ਨੂੰ ਮੱਤਭੇਦ ਭੁੱਲ ਹਾਈਕਮਾਂਡ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਨੂੰ ਜਿਤਾਉਣ ਲਈ ਦਬਾਅ ਬਣਾਏਗੀ। ਸਥਾਨਿਕ ਕਾਂਗਰਸੀ ਵਰਕਰ ਅਤੇ ਨੇਤਾ ਇਸ ਮਾਮਲੇ ਵਿੱਚ ਹਾਲੇ ਕੋਈ ਨਿਰਣਾ ਨਹੀਂ ਲੈ ਸਕੇ ਹਨ ਕਿ ਉਨ੍ਹਾਂ ਨੇ ਇਥੇ ਦਹਾਕਿਆਂ ਤੋਂ ਕੰਮ ਕਰ ਰਹੇ ਸਥਾਨਿਕ ਨੇਤਾਵਾਂ ਦੇ ਹੱਕ ਵਿੱਚ ਭੁਗਤਣਾ ਹੈ ਜਾਂ ਬਾਹਰੋਂ ਆਉਣ ਵਾਲੇ ਵੱਡੇ ਨੇਤਾਵਾਂ ਨੂੰ ਇਸ ਇਲਾਕੇ ਦਾ ਸ਼ਿੰਗਾਰ ਬਣਾਉਣਾ ਹੈ। ਇਲਾਕੇ ਦੇ ਲੋਕਾਂ ਵਿੱਚ ਚਰਚਾ ਹੈ ਕਿ ਕਾਂਗਰਸ ਦੇ ਸਥਾਨਿਕ ਨੇਤਾਵਾਂ ਵਿੱਚ ਪਾਈ ਜਾ ਰਹੀ ਫੁੱਟ ਅਕਾਲੀ ਦਲ ਲਈ ਇਥੋਂ ਜਿੱਤ ਆਸਾਨ ਬਣਾ ਸਕਦੀ ਹੈ।

ਕੈਪਟਨ ਦਾ ਨਕੋਦਰ ਵਿੱਚ ਇਕੱਠ ਸ਼ਾਹਕੋਟ ਹਲਕੇ ‘ਚ ਮਜ਼ਬੂਤੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਾਣਾ ਮੰਡੀ ਨਕੋਦਰ (ਜਲੰਧਰ) ਵਿਖੇ ਕਿਸਾਨਾਂ ਨੂੰ ਕਰਜ਼ਾ-ਮੁਕਤੀ ਸਕੀਮ ਤਹਿਤ ਸਰਟੀਫਿਕੇਟ ਵੰਡੇ ਜਾਣ ਸਬੰਧੀ ਕੀਤੇ ਜਾ ਰਹੇ ਸਮਾਗਮ ਨੂੰ ਸ਼ਾਹਕੋਟ ਉਪ ਚੋਣ ਵੱਲ ਸੇਧਿਤ ਕੀਤਾ ਜਾ ਰਿਹਾ ਹੈ। ਸਰਕਾਰੀ ਖਰਚੇ ਉੱਪਰ ਹੋਣ ਵਾਲੇ ਇਸ ਵੱਡੇ ਸਮਾਗਮ ਰਾਹੀਂ ਕੈਪਟਨ ਅਮਰਿੰਦਰ ਸਿੰਘ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਚਾਹਵਾਨ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਆਪਣੇ ਨਾਲ ਜੁੜੀ ਲੋਕ ਹਮਾਇਤ ਦਾ ਪ੍ਰਦਰਸ਼ਨ ਵੀ ਦੇਖਣਾ ਚਾਹੁੰਦੇ ਹਨ। 14 ਮਾਰਚ ਦਿਨ ਬੁੱਧਵਾਰ ਨੂੰ ਵੱਖ-ਵੱਖ 6 ਜ਼ਿਲ੍ਹਿਆਂ ਦੇ ਕਿਸਾਨਾਂ ਦਾ ਇਕੱਠ ਕਰਕੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਇਸ ਖੇਤਰ ਵਿੱਚੋਂ ਕਾਂਗਰਸੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਜਾਵੇ। ਟਿਕਟ ਹਾਸਲ ਕਰਨ ਲਈ ਸਥਾਨਿਕ ਨੇਤਾਵਾਂ ਵੱਲੋਂ ਵੱਧ ਤੋਂ ਵੱਧ ਭੀੜ ਜੁਟਾਉਣ ਦੇ ਨਾਲ-ਨਾਲ ਬਾਹਰੋਂ ਆ ਕੇ ਇਥੇ ਚੋਣ ਲੜਨ ਵਾਲਿਆਂ ਵੱਲੋਂ ਵੀ ਇਸ ਸਮਾਗਮ ਵਿੱਚ ਆਪਣੀ ਹਾਜਰੀ ਅਤੇ ਹੋਂਦ ਦਾ ਪ੍ਰਭਾਵ ਪਾਉਣ ਲਈ ਸਿਰ-ਤੋੜ ਯਤਨ ਕੀਤੇ ਜਾਣਗੇ।

Share.

About Author

Leave A Reply