ਮਾਣ-ਸਨਮਾਨ ਨਾਲ ਮਰਨਾ ਇਨਸਾਨ ਦਾ ਹੱਕ : ਸੁਪਰੀਮ ਕੋਰਟ

0


*ਸ਼ਰਤਾਂ ਸਹਿਤ ਇੱਛਾ ਮੌਤ ਦੀ ਵਸੀਅਤ ਨੂੰ ਹਰੀ ਝੰਡੀ
ਨਵੀਂ ਦਿੱਲੀ (ਆਵਾਜ਼ ਬਿਊਰੋ)-ਸੁਪਰੀਮ ਕੋਰਟ ਨੇ ਅੱਜ ਇੱਛਾ ਮੌਤ ਸਬੰਧੀ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੌਮਾ ਵਿੱਚ ਜਾ ਚੁੱਕੇ ਜਾਂ ਮੌਤ ਦੇ ਕੰਡੇ ਜਾ ਪਹੁੰਚੇ ਲੋਕਾਂ ਦਾ ਮਾਣ-ਸਨਮਾਨ ਸਹਿਤ ਮਰਨਾ ਮੁੱਢਲਾ ਹੱਕ ਹੈ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਇੱਛਾ ਮੌਤ ਸਬੰਧੀ ਮਹੱਤਵਪੂਰਨ ਰੂਪ ਵਿੱਚ ਕਿਹਾ ਕਿ ਇੱਛਾ ਮੌਤ ਸਬੰਧੀ ਲਿਖੀ ਗਈ ਵਸੀਅਤ ਕਾਨੂੰਨੀ ਰੂਪ ਵਿੱਚ ਜਾਇਜ਼ ਮੰਨੀ ਜਾਵੇਗੀ। ਇਸ ਸਬੰਧੀ  ਵਿਸਥਾਰਤ ਦਿਸ਼ਾ ਨਿਰਦੇਸ਼ ਵੀ ਸੁਪਰੀਮ ਕੋਰਟ ਨੇ ਜਾਰੀ ਕੀਤੇ ਹਨ। 12 ਅਕਤੂਬਰ ਨੂੰ ਇੱਛਾ ਮੌਤ ਸਬੰਧੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਸ ਦਾ ਹੱਕ ਦੇਣ ਦੀ ਦੁਰਵਰਤੋਂ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇੱਛਾ ਮੌਤ ਜਾਂ ਜਿਉਂਦੇ ਰਹਿਣ ਦੀ ਚਾਹ ਸਬੰਧੀ ਵਸੀਅਤ ਉੱਪਰ ਮਰੀਜ ਦੇ ਪਰਿਵਾਰ ਦੀ ਸਹਿਮਤੀ ਵੀ ਜ਼ਰੂਰੀ ਹੋਵੇਗੀ, ਨਾਲ ਹੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੈਡੀਕਲ ਪੱਧਰ ਤੇ ਇਜਾਜਤ ਵੀ ਜਰੂਰੀ ਹੋਵੇਗੀ। ਡਾਕਟਰਾਂ ਵੱਲੋਂ ਇਹ ਲਿਖਣਾ ਜ਼ਰੂਰੀ ਹੋਵੇਗਾ ਕਿ ਮਰੀਜ਼ ਦਾ ਹੁਣ ਠੀਕ ਹੋ ਸਕਣਾ ਅਸੰਭਵ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਕਿ ਇੱਛਾ ਮੌਤ ਲਈ ਵਸੀਅਤ ਮੈਜਿਸਟਰੇਟ ਦੇ ਸਾਹਮਣੇ ਤਿਆਰ ਕੀਤੀ ਜਾ ਸਕਦੀ ਹੈ। ਜਿਸ ਵਿੱਚ ਦੋ ਨਿਰਪੱਖ ਗਵਾਹ ਵੀ ਸ਼ਾਮਲ ਹੋਣ। ਮਾਮਲਾ ਅਦਾਲਤ ਵਿੱਚ ਆਉਣ ਤੇ ਕੋਰਟ ਇਸ ਸਬੰਧੀ ਉਚਿਤ ਦਿਸ਼ਾ ਨਿਰਦੇਸ਼ ਤੈਅ ਕਰੇਗੀ। ਇਸ ਇੱਛਾ ਮੌਤ ਦੀ ਖੁੱਲ੍ਹ ਦੀ ਨਜਾਇਜ਼ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ 2005 ਵਿੱਚ ਇੱਕ ਸਮਾਜ ਸੇਵੀ ਸੰਸਥਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਗੰਭੀਰ ਅਤੇ ਨਾ ਠੀਕ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜ੍ਹਤ ਨਰਕ ਦੀ ਜ਼ਿੰਦਗੀ ਜਿਉਣ ਵਾਲੇ ਮਰੀਜ਼ਾਂ ਨੂੰ ਇੱਛਾ ਮੌਤ ਦੀ ਇਜਾਜਤ ਹੋਣੀ ਚਾਹੀਦੀ ਹੈ। ਪਟੀਸ਼ਨਰ ਦਾ ਕਹਿਣਾ ਸੀ ਕਿ ਇਨਸਾਨ ਨੂੰ ਜੇ ਮਾਣ-ਸਨਮਾਨ ਨਾਲ ਜਿਉਣ ਦਾ ਹੱਕ ਹੈ ਤਾਂ ਇਸੇ ਮਾਨ-ਸਨਮਾਨ ਨਾਲ ਉਸ ਨੂੰ ਮਰਨ ਦਾ ਵੀ ਹੱਕ ਹੋਣਾ ਚਾਹੀਦਾ ਹੈ।

Share.

About Author

Leave A Reply