ਲੜਕੀਆਂ ਦੀ ਅਬਾਦੀ ਵਧਾਉਣ ਦੀ ਮੁਹਿੰਮ ਤੇਜ ਕਰਨ ਸੂਬਾ ਸਰਕਾਰਾਂ : ਮੋਦੀ

0


*ਘਟੀਆ ਖਾਣ ਪੀਣ ਕਾਰਨ ਵੱਧ ਰਹੀਆਂ ਹਨ ਬੱਚਿਆਂ ਅਤੇ ਵੱਡਿਆਂ ਦੀਆਂ ਬਿਮਾਰੀਆਂ
ਝੁੰਜਨੂੰ (ਆਵਾਜ਼ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਸਥਾਨ ਦੇ ਝੁੰਜਨੂੰ ਖੇਤਰ ਵਿੱਚ ਕੌਮੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕਰਦਿਆਂ ਦੇਸ਼ ਵਿੱਚੋਂ ਕੁਪੋਸ਼ਣ ਦਾ ਕਲੰਕ ਮਿਟਾਉਣ ਦੀ ਜੋਰਦਾਰ ਅਪੀਲ ਕੀਤੀ ਹੈ। ਮੋਦੀ ਨੇ ਕਿਹਾ ਕਿ ਦੇਸ਼ ਵਿੱਚੋਂ ਕੁਪੋਸ਼ਣ ਖਤਮ ਹੋ ਜਾਵੇ ਤਾਂ ਬੱਚਿਆਂ ਅਤੇ ਵੱਡਿਆਂ ਦੀਆਂ ਕਈ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਣਗੀਆਂ। ਮੋਦੀ ਨੇ ਇਸ ਮੌਕੇ ਕਿਹਾ ਕਿ ਮੈਂ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਇਸ ਮੌਕੇ ਅਪੀਲ ਕਰਦਾ ਹਾਂ ਕਿ ਉਹ ਮੈਨੂੰ ਜਿੰਨੀਆਂ ਮਰਜ਼ੀ ਗਾਲ੍ਹਾਂ ਕੱਢੀ ਜਾਣ, ਮੇਰੀ ਬੁਰਾਈ ਕਰੀ ਜਾਣ, ਪਰ ਮੇਰੀ ਇੱਕੋ ਬੇਨਤੀ ਹੈ ਕਿ ਜਦੋਂ ਵੀ ਉਹ ਮੇਰੇ ਨਾਂਅ ਨਾਲ ਪੀ.ਐੱਮ. ਸ਼ਬਦ ਲਗਾਉਣ ਤਾਂ ਉਹ ਇਸ ਦਾ ਮਤਲਬ ਪ੍ਰਧਾਨ ਮੰਤਰੀ ਨਹੀਂ ਸਗੋਂ ਪੋਸ਼ਣ ਮਿਸ਼ਨ ਨਾਲ ਜੋੜਨ। ਮੋਦੀ ਨੇ ਇਸ ਮੌਕੇ ਔਰਤਾਂ ਅਤੇ ਬੱਚਿਆਂ ਨੂੰ ਵੀ ਕਿਹਾ ਕਿ ਜਦੋਂ ਵੀ ਤੁਹਾਡੇ ਸਾਹਮਣੇ ਪੀ.ਐੱਮ. ਸ਼ਬਦ ਆਵੇ ਤਾਂ ਤੁਸੀਂ ਪੋਸ਼ਣ ਮਿਸ਼ਨ ਨੂੰ ਪੂਰਾ ਕਰਨ ਲਈ ਸਰਗਰਮ ਹੋ ਜਾਣਾ ਮੋਦੀ ਨੇ ਕਿਹਾ ਕਿ ਕੁਪੋਸ਼ਣ ਨਾਲ ਨਿਪਟਣ ਲਈ ਅੱਜ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਕੋਈ ਨਾ ਕੋਸ਼ਿਸ ਕੀਤੀ ਅਤੇ ਨਾ ਯੋਜਨਾ ਬਣਾਈ। ਮੋਦੀ ਨੇ ਕਿਹਾ ਕਿ ਕੁਪੋਸ਼ਣ ਦੇ ਚੱਲਦਿਆਂ ਕਈ ਪੀੜ੍ਹੀਆਂ ਬਿਮਾਰੀਆਂ ਨਾਲ ਜੂਝਦੀਆਂ ਰਹੀਆਂ। ਚਾਰ-ਪੰਜ ਪੀੜ੍ਹੀਆਂ ਦੀਆਂ ਬੁਰਾਈਆਂ ਨੇ ਇੱਕਠਿਆਂ ਹੋ ਕੇ ਅੱਜ ਦੇ ਲੋਕਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। ਮਹਿਲਾ ਦਿਵਸ ਸਬੰਧੀ ਬੋਲਦਿਆਂ ਮੋਦੀ ਨੇ ਕਿਹਾ ਕਿ ਇਹ ਵੀ ਪਿਛਲੇ ਕਈ ਦਹਾਕਿਆਂ ਦੀਆਂ ਇਕੱਠੀਆਂ ਹੁੰਦੀਆਂ ਜਾ ਰਹੀਆਂ ਬੁਰਾਈਆਂ ਦਾ ਹੀ ਸਿੱਟਾ ਹੈ ਕਿ ਅੱਜ ਮਾਂ-ਬਾਪ ਧੀਆਂ ਨੂੰ ਬੁਰੀ ਤਰ੍ਹਾਂ ਨਕਾਰ ਰਹੇ ਹਨ, ਕੁੱਖ ਵਿੱਚ ਮਾਰ ਰਹੇ ਹਨ। ਇਸੇ ਕਾਰਨ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਇਹ ਸਮਤੋਲ ਬਣਾਉਣਾ ਜ਼ਰੂਰੀ ਹੈ ਕਿ ਜਿੰਨੇ ਬੇਟੇ ਪੈਦਾ ਹੋਣ ਓਨੀਆਂ ਹੀ ਲੜਕੀਆਂ ਪੈਦਾ ਹੋਣ। ਜੇਕਰ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਅਗਲੀਆਂ ਚਾਰ ਪੰਜ ਪੀੜ੍ਹੀਆਂ ਦੌਰਾਨ ਇਹ ਸੰਤਾਪ ਸਹਾਰਨਾ ਔਖਾ ਹੋ ਜਾਵੇਗਾ। ਮੋਦੀ ਨੇ ਇਸ ਮੌਕੇ ਕਿਹਾ ਕਿ ਸਮਾਜ ਵਿੱਚ ਧੀਆਂ ਨੂੰ ਪੁੱਤਰਾਂ ਬਰਾਬਰ ਸਮਝਣ ਅਤੇ ਉਨ੍ਹਾਂ ਦੀ ਜਨਮ ਦਰ ਵਧਾਉਣ ਵਿੱਚ ਸੱਸਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਮੋਦੀ ਨੇ ਕਿਹਾ ਕਿ ਜਦੋਂ ਤੱਕ ਸੱਸ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਮਿਸ਼ਨ ਨੂੰ ਸਮਰਪਿਤ ਨਹੀਂ ਹੁੰਦੀ ਇਹ ਮਿਸ਼ਨ ਕਾਮਯਾਬ ਨਹੀਂ ਹੋਵੇਗਾ। ਮੋਦੀ ਨੇ ਇਹ ਵੀ ਕਿਹਾ ਕਿ ਇਹ ਪੁਰਾਣੀ ਸੋਚ ਕਿ ਧੀਆਂ ਬੋਝ ਹੁੰਦੀਆਂ ਹਨ, ਅੱਜ ਵਾਪਰ ਰਹੀਆਂ ਘਟਨਾਵਾਂ ਦਸ ਰਹੀਆਂ ਹਨ ਕਿ ਬੇਟੀਆਂ ਬੋਝ ਨਹੀਂ ਸਗੋਂ ਪੂਰੇ ਪਰਿਵਾਰ ਦੀ ਆਨ ਸ਼ਾਨ ਅਤੇ ਬਾਨ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਇਹ ਸੋਚਦੇ ਸਨ ਕਿ ਪੁੱਤਰ ਬੁਢਾਪੇ ਵਿੱਚ ਕੰਮ ਆਵੇਗਾ, ਅੱਜ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਹਾਲਾਤ ਹੁਣ ਬਿਲਕੁਲ ਅਲੱਗ ਹਨ।

Share.

About Author

Leave A Reply