ਵਿਦੇਸ਼ਾਂ ਵਿਚ ਵਧੇ ਸਿੱਖਾਂ ਦੇ ਪ੍ਰਭਾਵ ਦੀ ਬੌਖਲਾਹਟ ਹੈ ਟਰੂਡੋ ਪ੍ਰਤੀ ਭਾਰਤੀ ਸਰਕਾਰ ਦਾ ਮਾੜਾ ਰਵੱਈਆ

0


ਨਿਊਯਾਰਕ (ਆਵਾਜ਼ ਬਿਊਰੋ)-ਅਮਰੀਕਾ ਦੀਆਂ 85 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਵਿਤਕਰਾ ਕਰਨਾ ਸਪਸ਼ਟ ਕਰ ਗਿਆ ਹੈ ਕਿ ਭਾਰਤ ਦੀ ਭਾਜਪਾ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਨਾਲ ਕੋਈ ਵੀ ਮੁਲਕ ਦਾ ਪ੍ਰਧਾਨ ਮੰਤਰੀ ਹਮਦਰਦੀ ਰੱਖੇ, ਕਿਉਂਕਿ ਭਾਰਤੀ ਸਰਕਾਰਾਂ ਨੇ ਸਿੱਖਾਂ ਦੀ ਨਸਲਕੁਸ਼ੀ ਤੱਕ ਕੀਤੀ ਪਰ ਅਜੇ ਤੱਕ ਉਸ ਦਾ ਸਿੱਖਾਂ ਨੂੰ ਇਨਸਾਫ਼ ਤੱਕ ਨਹੀਂ ਮਿਲਿਆ। ਹਿੰਮਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਦੇ ਵਧੇ ਪ੍ਰਭਾਵ ਦਾ ਨਤੀਜਾ ਹੀ ਭਾਰਤੀ ਸਰਕਾਰ ਵੱਲੋਂ ਜਸਟਿਨ ਟਰੂਡੋ ਨਾਲ ਮਾੜਾ ਰਵੱਈਆ ਕੀਤਾ ਹੈ।
ਇਹ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਹਿੰਮਤ ਸਿੰਘ, ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਕੈਨੇਡਾ ਆਦਿ ਮੁਲਕਾਂ ਵਿਚ ਸਿੱਖਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ, ਜਿਸ ਕਰਕੇ ਕੈਨੇਡਾ ਵਿਚ ਭਾਰਤ ਤੋਂ ਕਿਤੇ ਵੱਧ ਸਿੱਖਾਂ ਦੇ ਐਮਪੀਜ਼ ਤੇ ਮੰਤਰੀ ਹਨ, ਇੱਥੇ ਦੇ ਪ੍ਰਧਾਨ ਮੰਤਰੀ ਹਮੇਸ਼ਾ ਸਿੱਖਾਂ ਨਾਲ ਖ਼ਾਸ ਕਰਕੇ ਪੰਜਾਬੀਆਂ ਨਾਲ ਮੋਹ ਦਾ ਰਿਸ਼ਤਾ ਰੱਖਦੇ ਹਨ ਪਰ ਇਹ ਕਦੇ ਵੀ ਭਾਰਤੀ ਸਰਕਾਰਾਂ ਨੂੰ ਗਵਾਰਾ ਨਹੀਂ ਹੋਇਆ, ਭਾਰਤੀ ਸੰਵਿਧਾਨ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਖ਼ਾਲਿਸਤਾਨ ਦੀ ਵਰਤੋਂ ਕਰਨੀ ਗੈਰ ਕਾਨੂੰਨੀ ਹੈ, ਪਰ ਇੱਥੇ ਜੇਕਰ ਕੋਈ ਖ਼ਾਲਿਸਤਾਨ ਦੀ ਵਰਤੋਂ ਕਰਕੇ ਨਾਅਰਾ ਲਾਉਂਦਾ ਹੈ ਤਾਂ ਉਸ ਨੂੰ ਅੱਤਵਾਦੀ ਕਹਿ ਕੇ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਜਦ ਕਿ ਕੈਨੇਡਾ ਵਰਗੇ ਮੁਲਕ ਵਿਚ ਬੋਲਣ ਦੀ ਪੂਰਨ ਆਜ਼ਾਦੀ ਹੈ, ਇਸ ਕਰਕੇ ਭਾਰਤ ਵਿਚ ਘੱਟ ਗਿਣਤੀਆਂ ਖ਼ਾਸ ਕਰਕੇ ਸਿੱਖਾਂ ਨਾਲ ਹੁੰਦੇ ਗੈਰ ਮਨੁੱਖੀ ਵਤੀਰੇ ਦੇ ਵਿਰੁੱਧ ਵਿਦੇਸ਼ਾਂ ਦੀਆਂ ਇਨਸਾਫ਼ ਪਸੰਦ ਸਰਕਾਰਾਂ ਡਟ ਕੇ ਖੜਦੀਆਂ ਹਨ, ਇਸੇ ਤਰ੍ਹਾਂ ਕੈਨੇਡਾ ਦਾ ਹਰੇਕ ਪ੍ਰਧਾਨ ਮੰਤਰੀ ਸਿੱਖਾਂ ਨਾਲ ਹਮਦਰਦੀ ਵੀ ਰੱਖਦਾ ਹੈ ਤੇ ਉਨ੍ਹਾਂ ਦਾ ਪੱਖ ਵੀ ਕਰਦਾ ਹੈ, ਪਰ ਪਿਛਲੇ ਸਮੇਂ ਵਿਚ ਕੈਨੇਡੀਅਨ ਵਿਦੇਸ਼ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਜੋ ਰਵੱਈਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਇਆ ਉਹ ਸਪਸ਼ਟ ਕਰ ਗਿਆ ਕਿ ਇਹ ਲੋਕ ਸਿੱਖਾਂ ਦੇ ਭੇਸ ਵਿਚ ਸਿੱਖ ਵਿਰੋਧੀ ਹਨ, ਜਦ ਕਿ ਸ. ਸੱਜਣ ਨੇ ਕੋਈ ਗੁਨਾਹਗਾਰ ਗੱਲ ਨਹੀਂ ਆਖੀ ਸੀ, ਇੱਥੇ ਅਮਰੀਕਾ ਵਿਚ ਭਾਰਤੀ ਡਿਪਲੋਮੈਟਾਂ ਨੂੰ ਜਨਤਕ ਜਲਸਿਆਂ ਵਿਚ ਬੋਲਣ ਦੀ ਮਨਾਹੀ ਕੀਤੀ ਗਈ ਹੈ, ਨਾਲ ਹੀ ਕਿਸੇ ਵੀ ਧਾਰਮਿਕ ਸਥਾਨ ਤੇ ਆਉਣ ਤੇ ਕੋਈ ਰੋਕ ਨਹੀਂ ਹੈ ਪਰ ਬੋਲਣ ਦੀ ਮਨਾਹੀ ਕੀਤੀ ਗਈ ਹੈ, ਕਿਉਂਕਿ ਭਾਰਤ ਡਿਪਲੋਮੈਟ ਸਿੱਖ ਮਸਲਿਆਂ ਤੇ ਦਖਲਅੰਦਾਜੀ ਕਰਦੇ ਹਨ, ਹਮੇਸ਼ਾ ਹੀ ਕੇਂਦਰ ਦੀਆਂ ਸਰਕਾਰਾਂ ਦੀ ਬੋਲੀ ਬੋਲਦੇ ਹੋਏ ਘੱਟ ਗਿਣਤੀਆਂ ਨੂੰ ਦਬਾ ਕੇ ਰੱਖ ਰਹੇ ਹਨ। ਆਗੂਆਂ ਨੇ ਕਿਹਾ ਕਿ ਭਾਵੇਂ ਬਾਦਲ ਹੋਵੇ ਜਾਂ ਹੁਣ ਅਮਰਿੰਦਰ ਹੋਵੇ ਇਹ ਕੇਂਦਰ ਦੇ ਇਸ਼ਾਰੇ ‘ਤੇ ਪੰਜਾਬ ਨੂੰ ਬਰਬਾਦ ਕਰਨ ਦੇ ਏਜੰਡੇ ਤੇ ਹੀ ਕੰਮ ਕਰਦੇ ਹਨ ਜਦ ਕਿ ਜੇਕਰ ਇਹ ਪੰਜਾਬ ਦੇ ਹਿਤੈਸ਼ੀ ਹੁੰਦੇ ਤਾਂ ਵਿਦੇਸ਼ੀ ਪ੍ਰਧਾਨ ਮੰਤਰੀਆਂ ਨਾਲ ਜਾਂ ਮੰਤਰੀਆਂ ਨਾਲ ਪੰਜਾਬ ਲਈ ਕੋਈ ਵੱਡਾ ਪੈਕੇਜ ਵੀ ਲੈ ਸਕਦੇ ਸਨ। ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਪੰਜਾਬ ਦੇ ਸਿੱਖਾਂ ਨੇ ਜਸਟਿਨ ਟਰੂਡੋ ਦਾ ਸਵਾਗਤ ਜ਼ੋਰਦਾਰ ਤਰੀਕੇ ਨਾਲ ਕੀਤਾ ਤੇ ਆਸ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਵਿਤਕਰੇ ਬਾਰੇ ਪੂਰੀ ਤਰ੍ਹਾਂ ਸਮਝ ਗਏ ਹੋਣਗੇ। ਉਨ੍ਹਾਂ ਕਿਹਾ ਕਿ ਜੋ ਭਾਰਤੀ ਸੱਤਾ ਧਾਰੀ ਲੋਕ ਵਿਦੇਸ਼ੀ ਸੱਤਾਧਾਰੀ ਲੋਕਾਂ ਦਾ ਸਨਮਾਨ ਨਹੀਂ ਕਰਨਗੇ ਉਨ੍ਹਾਂ ਭਾਰਤੀ ਸੱਤਾਧਾਰੀਆਂ ਦਾ ਵਿਦੇਸ਼ਾਂ ਦੀ ਧਰਤੀ ਤੇ ਵੀ ਸਨਮਾਨ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਆਉਣ ਤੇ ਉਨ੍ਹਾਂ ਨੂੰ ਕਿਸੇ ਵੀ ਸਟੇਜ ਤੇ ਬੋਲਣ ਤੋਂ ਵਾਂਝਾ ਕਰਕੇ ਸਬਕ ਸਿਖਾਇਆ ਜਾਵੇਗਾ।

Share.

About Author

Leave A Reply