ਟਰੂਡੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਹੋਏ ਨਤਮਸਤਕ

0


*ਕੈਨੇਡਾ ਕਿਸੇ ਵੀ ਵੱਖਵਾਦੀ ਲਹਿਰ ਦਾ ਸਮਰਥਨ ਨਹੀਂ ਕਰਦਾ- ਟਰੂਡੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ
ਅੰਮ੍ਰਿਤਸਰ (ਮੋਤਾ ਸਿੰਘ)-ਮਨੁੱਖਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਦਾ ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸ਼ਾਨਦਾਰ ਸਵਾਗਤ ਕੀਤਾ। ਜਿਉਂ ਹੀ ਜਸਟਿਨ ਟਰੂਡੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਅਕਾਲੀ ਸਰਕਾਰ ਸਮੇਂ ਬਣੇ ਸੁੰਦਰ ਪਲਾਜ਼ਾ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਫੁੱਲਾਂ ਦੇ ਗੁਲਦਸਤਿਆਂ ਨਾਲ ਭਰਪੂਰ ਸਵਾਗਤ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉਚੇਚੇ ਤੌਰ’ਤੇ ਮੌਜੂਦ ਸਨ। ਜਸਟਿਨ ਟਰੂਡੋ ਠੀਕ 11:55 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੋਫੀ ਟਰੂਡੋ, ਬੇਟੀ ਅੇਲਾਗ੍ਰੇਸ ਤੇ ਇੱਕ ਬੇਟਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਦੇ ਚਾਰ ਸਿੱਖ/ਪੰਜਾਬੀ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਕੌਰ ਚੱਗਰ ਸਮੇਤ ਹੋਰ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਵੀ ਉਨ੍ਹਾਂ ਦੇ ਨਾਲ ਸਨ। ਜਸਟਿਨ ਟਰੂਡੋ ਨੇ ਪੰਜਾਬੀ ਰਵਾਇਤੀ ਕਰੀਮ ਰੰਗ ਦਾ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਸੀ। ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਨ। ਘੰਟਾ ਘਰ ਬਾਹੀ ਮੁੱਖ ਪ੍ਰਵੇਸ਼ ਦੁਆਰ ਤੋਂ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਉੱਤਰਦਿਆਂ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਸ ਦੇ ਪਰਿਵਾਰ ਨੇ ਕੁਝ ਪਲ ਰੁਕ ਕੇ ਰੂਹਾਨੀ ਵਾਤਾਵਰਣ ਨੂੰ ਮਹਿਸੂਸ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਗਏ, ਜਿਥੇ ਉਨ੍ਹਾਂ ਨੇ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਕੀਤੀ। ਉਹ 12:10 ਤੇ ਲੰਗਰ ਘਰ ਪਹੁੰਚੇ ਅਤੇ 12:20 ਤੱਕ ਉਥੇ ਰਹੇ।
ਇਸ ਤੋਂ ਬਾਅਦ ਜਸਟਿਨ ਟਰੂਡੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਕਾਰ ਭੇਟ ਕਰਦਿਆਂ ਜਿਥੇ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾਈ, ਉਥੇ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਵੀ ਭੇਟ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ, ਫੁੱਲਾਂ ਦਾ ਹਾਰ ਅਤੇ ਗੁਲਦਸਤਾ ਗੁਰੂ ਬਖ਼ਸ਼ਿਸ਼ ਵਜੋਂ ਦਿੱਤਾ। ਇਸ ਤੋਂ ਇਲਾਵਾ ਸਿੰਘ ਸਾਹਿਬ ਨੇ ਪ੍ਰਧਾਨ ਮੰਤਰੀ ਦੇ ਪਰਿਵਾਰ ਸਮੇਤ ਸਿੱਖ/ਪੰਜਾਬੀ ਮੰਤਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਿਰੋਪਾਓ ਦੀ ਬਖ਼ਸ਼ਿਸ ਕੀਤੀ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਨੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਪਰਕਰਮਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ, ਧਾਰਮਿਕ ਅਤੇ ਸਮਾਜਿਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਉਨ੍ਹਾਂ ਗੰਭੀਰਤਾ ਨਾਲ ਸੁਣਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੂਚਨਾ ਕੇਂਦਰ ਵਿਖੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਨਮਾਨਿਤ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ ਵਿਚ ਉਨ੍ਹਾਂ ਨੂੰ ਸਿਰੋਪਾਓ, ਲੋਈ, ਸੁਨਹਿਰੀ ਸ੍ਰੀ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਧਾਰਮਿਕ ਪੁਸਤਕਾਂ ਜਿਨ੍ਹਾਂ ਵਿਚ ਸ. ਰਣਜੋਧ ਸਿੰਘ, ਟੀ. ਪੀ. ਸਿੰਘ ਅਤੇ ਡਾ. ਰੂਪ ਸਿੰਘ ਦੀਆਂ ਸਚਿੱਤਰ ਪੁਸਤਕਾਂ ਵੀ ਸ਼ਾਮਲ ਸਨ, ਦਾ ਸੈੱਟ ਦਿੱਤਾ ਗਿਆ। ਇਸ ਦੌਰਾਨ ਜਸਟਿਨ ਟਰੂਡੋ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵਿਜ਼ਟਰ ਬੁੱਕ ਵਿਚ ਲਿਖਿਆ ਕਿ ‘ਉਨ੍ਹਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੂੰ ਇੱਕ ਖ਼ੂਬਸੂਰਤ ਅਤੇ ਮਹਾਨ ਪਾਵਨ ਅਸਥਾਨ ਦੇ ਦਰਸ਼ਨ ਕਰਨ ਸਮੇਂ ਬੇਹੱਦ ਸਤਿਕਾਰ ਪ੍ਰਾਪਤ ਹੋਇਆ ਹੈ। ਇਥੇ ਨਤਮਸਤਕ ਹੋ ਕੇ ਸਾਨੂੰ ਪ੍ਰਭੂ ਕਿਰਪਾ ਅਤੇ ਨਿਰਮਤਾ ਦਾ ਅਨੁਭਵ ਮਹਿਸੂਸ ਹੋਇਆ ਹੈ।’
ਜਸਟਿਨ ਟਰੂਡੋ ਨੇ ਪਰਕਰਮਾ ਵਿਚ ਖੜ੍ਹ ਕੇ ਖਿਚਵਾਈਆਂ ਤਸਵੀਰਾਂ
ਲੰਗਰ ਸੇਵਾ ਕਰਨ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਗਰ ਬਾਹੀ ਪਰਕਰਮਾ ਵਿਚ ਖੜ੍ਹ ਕੇ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਤਸਵੀਰਾਂ ਖਿਚਵਾਈਆਂ। ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਵਿਚ ਕੈਨੇਡਾ ਸਰਕਾਰ ਵਿਚ ਸਿੱਖ/ਪੰਜਾਬੀ ਮੰਤਰੀ ਸ. ਹਰਜੀਤ ਸਿੰਘ ਸੱਜਣ, ਸ. ਨਵਦੀਪ ਸਿੰਘ ਬੈਂਸ, ਸ. ਅਮਰਜੀਤ ਸਿੰਘ ਸੋਹੀ, ਬਰਦੀਸ਼ ਕੌਰ ਚੱਗਰ, ਸੁੱਖ ਧਾਲੀਵਾਲ, ਰਾਜ ਗਰੇਵਾਲ, ਭਾਰਤ ਦੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਕੈਨੇਡਾ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਪਾਰਲੀਮੈਂਟ ਮੈਂਬਰ ਵਿਸ਼ੇਸ਼ ਸਨ।
ਸੰਗਤਾਂ ਨੇ ਕੀਤਾ ਭਰਪੂਰ ਸਵਾਗਤ
ਜਸਟਿਨ ਟਰੂਡੋ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਕਰਦਿਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਇਹ ਪਹਿਲੀ ਵਾਰ ਸੀ ਕਿ ਕਿਸੇ ਵੱਡੀ ਵਿਦੇਸ਼ੀ ਸ਼ਖ਼ਸੀਅਤ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਣ ‘ਤੇ ਸੰਗਤਾਂ ਵੱਲੋਂ ਏਨਾ ਸਤਿਕਾਰ ਦਿੱਤਾ ਗਿਆ ਹੋਵੇ। ਪਰਕਰਮਾ ਕਰਦਿਆਂ ਜਿਥੇ ਸੰਗਤਾਂ ਉਨ੍ਹਾਂ ਨੂੰ ਦੋਵੇਂ ਹੱਥ ਜੋੜ ਕੇ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾ ਕੇ ਉਨ੍ਹਾਂ ਦਾ ਸਵਾਗਤ ਕਰ ਰਹੀਆਂ ਸਨ, ਉਥੇ ਹੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੋਵੇਂ ਹੱਥ ਜੋੜ ਕੇ ਜਵਾਬੀ ਸਤਿਕਾਰ ਦਿੱਤਾ। ਇਥੇ ਵੀ ਦੱਸਣਯੋਗ ਹੈ ਕਿ ਜਸਟਿਨ ਟਰੂਡੋ ਨੇ ਪਰਕਰਮਾ ਕਰਦਿਆਂ ਕਰੀਬ 10 ਵਾਰ ਫ਼ਤਹਿ ਬੁਲਾਈ ਅਤੇ ਸੰਗਤ ਦੇ ਜੈਕਾਰਿਆਂ ਦਾ ਜਵਾਬ ਵੀ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾ ਵਿਚ ਮੁਲਾਜ਼ਮਾਂ ਦੀ ਮਨੁੱਖੀ ਕੜੀ ਬਣਾ ਕੇ ਸੰਗਤ ਦੀ ਆਵਾਜਾਈ ਬਰਾਂਡਿਆਂ ਵਿਚ ਦੀ ਕੀਤੀ ਹੋਈ ਸੀ ਅਤੇ ਸੰਗਤਾਂ ਵੱਲੋਂ ਇਸ ਪ੍ਰਬੰਧ ਵਿਚ ਮੁਕੰਮਲ ਤੌਰ ‘ਤੇ ਸਹਿਯੋਗ ਦਿੱਤਾ ਗਿਆ।
ਸ਼੍ਰੋਮਣੀ ਕਮੇਟੀ ਨੇ ਲਗਾਏ ਸਵਾਗਤੀ ਬੋਰਡ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਦਾ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਪਲਾਜ਼ਾ ਵਿਚ ਸ਼ਾਨਦਾਰ ਸਵਾਗਤ ਕੀਤਾ ਗਿਆ, ਉਥੇ ਹੀ ਸ੍ਰੀ ਗੁਰੂ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਸਾਰੇ ਮਾਰਗ ‘ਤੇ ਲਗਾਏ ਗਏ ਸਵਾਗਤੀ ਬੋਰਡ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸ਼੍ਰੋਮਣੀ ਕਮੇਟੀ ਵੱਲੋਂ ਵੱਡੀ ਗਿਣਤੀ ਵਿਚ ਲਗਾਏ ਗਏ ਇਹ ਸਵਾਗਤੀ ਬੋਰਡ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਸਨ। ਕੁਝ ਬੋਰਡਾਂ ‘ਤੇ ਜਸਟਿਨ ਟਰੂਡੋ ਦੀ ਤਸਵੀਰ ਦੇ ਨਾਲ ਕੇਵਲ ਸ਼੍ਰੋਮਣੀ ਕਮੇਟੀ ਪ੍ਰਮੁੱਖ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਤਸਵੀਰ ਸੀ ਅਤੇ ਕੁਝ ਬੋਰਡਾਂ ‘ਤੇ ਕੈਨੇਡਾ ਸਰਕਾਰ ਵਿਚ ਸ਼ਾਮਲ ਚਾਰ ਸਿੱਖ/ਪੰਜਾਬੀ ਮੰਤਰੀਆਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਤ ਕੀਤੀਆਂ ਹੋਈਆਂ ਸਨ। ਇਹ ਬੋਰਡ ਸ਼੍ਰੋਮਣੀ ਕਮੇਟੀ ਵੱਲੋਂ ਜਸਟਿਨ ਟਰੂਡੋ ਦੇ ਸਵਾਗਤ ਲਈ ਅਪਣਾਈ ਗਈ ਪਹੁੰਚ ਦਾ ਹਿੱਸਾ ਸਨ।
ਵਿਸ਼ਵ ਅੰਦਰ ਸਿੱਖਾਂ ਦੀ ਵਿਲੱਖਣ ਪਛਾਣ ਨੂੰ ਬਲ ਮਿਲੇਗਾ-ਭਾਈ ਲੌਂਗੋਵਾਲ
ਜਸਟਿਨ ਟਰੂਡੋ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਵਿਖੇ ਨਤਮਸਤਕ ਹੋਣ ਨਾਲ ਵਿਸ਼ਵ ਭਰ ਵਿਚ ਸਿੱਖ ਪਛਾਣ ਨੂੰ ਬਲ ਮਿਲੇਗਾ, ਉਥੇ ਹੀ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਵੀ ਯਕੀਨਨ ਠੱਲ੍ਹ ਪਵੇਗੀ। ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸੰਗਤ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸਮੇਤ ਸਮੁੱਚੇ ਮੁਲਾਜ਼ਮਾਂ ਦਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ. ਗੁਰਿੰਦਰਪਾਲ ਸਿੰਘ ਗੋਰਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਅਵਤਾਰ ਸਿੰਘ ਵਣਵਾਲਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਤੇ ਸ. ਅਵਤਾਰ ਸਿੰਘ ਸੈਂਪਲਾ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਤੇ ਸ. ਗੁਰਿੰਦਰ ਸਿੰਘ ਮਥਰੇਵਾਲ ਸਮੇਤ ਹੋਰ ਹਾਜ਼ਰ ਸਨ।
ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਜਾਂ ਕਿਸੇ ਹੋਰ ਖਿੱਤੇ ਵਿੱਚ ਕਿਸੇ ਵੀ ਵੱਖਵਾਦੀ ਲਹਿਰ ਨੂੰ ਉਨ੍ਹਾਂ ਦੇ ਦੇਸ਼ ਵੱਲੋਂ ਸਮਰਥਨ ਨਾ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ। ਸ੍ਰੀ ਟਰੂਡੋ ਨੇ ਇਹ ਭਰੋਸਾ ਉਸ ਵੇਲੇ ਦਿਵਾਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਕੁਝ ਤੱਤਾਂ ਦੁਆਰਾ ਵੱਖਵਾਦੀ ਅਤੇ ਨਫ਼ਰਤੀ ਅਪਰਾਧ ਵਿਰੁੱਧ ਹਮਲਾ ਬੋਲਣ ਲਈ ਉਨ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ। ਇਨ੍ਹਾਂ ਤੱਤਾਂ ਦੀ ਕੈਨੇਡਾ ਦੀ ਆਬਾਦੀ ਵਿੱਚ ਬਹੁਤ ਥੋੜ੍ਹੀ ਗਿਣਤੀ ਹੈ।  ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਕਿਊਬੈਕ ਵਿੱਚ ਵੱਖਵਾਦੀ ਲਹਿਰ ਦਾ ਹਵਾਲਾ ਦਿੰਦੇ ਹੋਏ ਸ੍ਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਅਜਿਹੀਆਂ ਚੁਣੌਤੀਆਂ ਨਾਲ ਨਜਿੱਠਿਆ ਹੈ ਅਤੇ ਇਨ੍ਹਾਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਹਿੰਸਾ ਦੇ ਖਤਰਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਸਾਰੀ ਸ਼ਕਤੀ ਨਾਲ ਨੁੱਕਰੇ ਲਾਇਆ ਹੈ।  ਦੋਵਾਂ ਆਗੂਆਂ ਵਿਚਕਾਰ 40 ਮਿੰਟ ਦੀ ਲੰਮੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਸਰਗਰਮ ਏ-ਸ਼੍ਰੇਣੀ ਦੇ 9 ਵਿਅਕਤੀਆਂ ਦੀ ਸੂਚੀ ਸ੍ਰੀ ਟਰੂਡੋ ਨੂੰ ਸੌਂਪੀ ਜੋ ਕਿ ਕਥਿਤ ਤੌਰ ‘ਤੇ ਪੰਜਾਬ ਵਿੱਚ ਨਫ਼ਰਤੀ ਅਪਰਾਧਾਂ ਵਿਚ ਸ਼ਾਮਲ ਹਨ ਅਤੇ ਇਹ ਅੱਤਵਾਦੀ ਕਾਰਵਾਈਆਂ ਲਈ ਵਿੱਤ ਅਤੇ ਹਥਿਆਰਾਂ ਦੀ ਸਪਲਾਈ ਨਾਲ ਇਨ੍ਹਾਂ ਤੱਤਾਂ ਦੀ ਮਦਦ ਕਰ ਰਹੇ ਹਨ ਅਤੇ ਇਹ ਇੱਥੋਂ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਰੁੱਝੇ ਹੋਏ ਹਨ। ਇਸ ਮੀਟਿੰਗ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਅਤੇ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ ਜਿਨ੍ਹਾਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਪੰਜਾਬ ਵਿੱਚ ਮਿੱਥ ਕੇ ਹੱਤਿਆ ਕਰਨ ਵਿੱਚ ਇੰਡੋ-ਕੈਨੇਡੀਅਨ ਦੇ ਸ਼ਾਮਲ ਹੋਣ ਦਾ ਮੁੱਦਾ ਉਠਾਇਆ  ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਇਨ੍ਹਾਂ ਤੱਤਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਸ੍ਰੀ ਟਰੂਡੋ ਵੱਲੋਂ ਸੰਯੁਕਤ ਭਾਰਤ ਦਾ ਪੈਂਤੜਾ ਲੈਣ ‘ਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਸ੍ਰੀ ਠੁਕਰਾਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਭਾਰਤੀ ਸੰਵਿਧਾਨ ਵਿੱਚ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਹੈ ਪਰ ਹਿੰਸਾ ਦਾ ਪ੍ਰਚਾਰ ਕਰਨ ਵਾਲੇ ਵੱਖਵਾਦੀ ਅਤੇ ਕੱਟੜਪੰਥੀ ਲੋਕਾਂ ਨੇ ਆਪਣੀਆਂ ਕਾਰਵਾਈਆਂ ਕਰਕੇ ਇਹ ਹੱਕ ਗੁਆ ਦਿੱਤਾ ਸੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਪੂਰੀ ਤਰਾਂ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਵੱਖਰੇ ਸਿੱਖ ਰਾਜ ਦੇ ਮੁੱਦੇ ‘ਤੇ ਚੋਣਾਂ ਲੜ ਰਹੇ ਲੋਕਾਂ ਨੇ ਆਪਣੀ ਜ਼ਮਾਨਤ ਵੀ ਗੁਆ ਦਿੱਤੀ।  ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਸੰਬੋਧਿਤ ਹੋਣਗੇ। ਉਨ੍ਹਾਂ ਕਿਹਾ ਕਿ ਉਹ ਭਾਰਤ ਖ਼ਾਸ ਕਰ ਪੰਜਾਬ ਨਾਲ ਨੇੜੇ ਦੇ ਸਬੰਧ ਬਣਾਈ ਰੱਖਣ ਦੀ ਤਵੱਕੋ ਕਰਦੇ ਹਨ ਅਤੇ ਇਸ ਸਬੰਧ ਵਿੱਚ ਹੋਈ ਪ੍ਰਗਤੀ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹਨ।  ਮੀਟਿੰਗ ਦੌਰਾਨ, ਕੈਪਟਨ ਅਮਰਿੰਦਰ ਨੇ ਦਹਿਸ਼ਤਵਾਦ, ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਭਾਰਤ ਤੇ ਕੈਨੇਡਾ ਦਰਮਿਆਨ ਆਪਸੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਸਬੰਧਤ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਨ ‘ਤੇ ਜ਼ੋਰ ਦਿੱਤਾ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਰਿਪੋਰਟਾਂ ‘ਤੇ ਕੁਝ ਲੋਕਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਕੁਰੀਤੀ ਨਾਲ ਹਮੇਸ਼ਾ ਹੀ ਸਖ਼ਤੀ ਨਾਲ ਪੇਸ਼ ਆਇਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਲੋਕਾਂ ਲਈ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਦ੍ਰਿੜ ਹੈ। ਦੋਵਾਂ ਮੁਲਕਾਂ ਦਰਮਿਆਨ ਖਾਸ ਕਰਕੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਅਤੇ ਕੈਨੇਡੀਅਨਾਂ ਦੇ ਸੰਦਰਭ ਵਿੱਚ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਸੀ ਹਿੱਤਾਂ ਲਈ ਦੋਵਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਨੇੜਿਓਂ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ 64 ਹਜ਼ਾਰ ਅਤੇ ਭਾਰਤ ਦੇ 74 ਹਜ਼ਾਰ ਸੈਨਿਕਾਂ ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ, ਨੂੰ ਇਕੱਠਿਆਂ ਹੀ 134 ਕਬਰਿਸਤਾਨਾਂ ਵਿੱਚ ਦਫ਼ਨਾ ਦਿੱਤਾ ਗਿਆ ਸੀ ਜਿਸ ਨੇ ਦੋਵਾਂ ਮੁਲਕਾਂ ਦਰਮਿਆਨ ਅਟੁੱਟ ਰਿਸ਼ਤਾ ਗੰਢਿਆ।ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਹਿਯੋਗ ਦੀ ਮਹੱਤਤਾ ‘ਤੇ ਸਹਿਮਤੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਆਰਥਿਕ ਸਹਿਯੋਗ ਨਾਲ ਸਬੰਧਤ ਵੱਖ-ਵੱਖ ਅਹਿਮ ਕਾਰਜ ਖੇਤਰਾਂ ਵਿੱਚ ਕੈਨੇਡਾ ਨਾਲ ਜੁੜਨ ਪ੍ਰਤੀ ਪੰਜਾਬੀਆਂ ਦੀ ਦਿਲਚਸਪੀ ਦਾ ਵੀ ਪ੍ਰਗਟਾਵਾ ਕੀਤਾ। ਇਸ ਵੇਲੇ ਦੋਵਾਂ ਦਰਮਿਆਨ ਤਜਾਰਤੀ ਸਬੰਧ ਬਹੁਤ ਘੱਟ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਕੈਨੇਡਾ ਦੇ ਕਾਰੋਬਾਰੀ ਨਿਵੇਸ਼ ਲਈ ਕਦਮ ਚੁੱਕਣ ਦੀ ਅਪੀਲ ਕੀਤੀ। ਦੋਵਾਂ ਲੀਡਰਾਂ ਨੇ ਕੈਨੇਡਾ ਅਤੇ ਭਾਰਤ ਦੀ ਤਰੱਕੀ ਦੇ ਹਿੱਤ ਵਿੱਚ ਸਾਂਝੇ ਪ੍ਰਾਜੈਕਟਾਂ ਰਾਹੀਂ ਦੁਵੱਲੇ ਸਹਿਯੋਗ ‘ਤੇ ਸਹਿਮਤੀ ਜ਼ਾਹਰ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਉਚੇਰੀ ਸਿੱਖਿਆ, ਵਿਗਿਆਨਕ ਖੋਜ ਤੇ ਤਕਨਾਲੋਜੀ, ਨਵੀਨਤਾ ਤੇ ਸਟਾਰਟ ਅੱਪ ਦੇ ਨਾਲ-ਨਾਲ ਹੁਨਰ ਵਿਕਾਸ ਵਰਗੇ ਕੁਝ ਖੇਤਰਾਂ ਦਾ ਵਰਨਣ ਕੀਤਾ ਜਿਨ੍ਹਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੈਨੇਡਾ ਸਹਿਯੋਗ ਕਰ ਸਕਦਾ ਹੈ ਅਤੇ ਪੰਜਾਬ ਦੇ ਲੋਕ ਕੈਨੇਡਾ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਰਹਿ ਰਿਹਾ ਹੈ ਅਤੇ ਕੁਝ ਪੰਜਾਬੀ ਤਾਂ ਸ੍ਰੀ ਟਰੂਡੋ ਦੀ ਕੈਬਨਿਟ ਦਾ ਵੀ ਹਿੱਸਾ ਹਨ ਜਿਸ ਕਰਕੇ ਭਾਰਤ ਤੇ ਕੈਨੇਡਾ ਦਰਮਿਆਨ ਦੋਸਤਾਨਾ ਰਿਸ਼ਤੇ ਲਗਾਤਾਰ ਗੂੜ੍ਹੇ ਹੁੰਦੇ ਜਾ ਰਹੇ ਹਨ। ਉਚੇਰੀ ਸਿੱਖਿਆ ਦੇ ਖੇਤਰ ਵਿੱਚ ਮੁੱਖ ਮੰਤਰੀ ਨੇ ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ ਨਾਲ ਸਮਝੌਤੇ ਸਹੀਬੰਦ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਮੰਗ ਕੀਤੀ। ਸਸਕੈਚਵੈਨ ਯੂਨੀਵਰਸਿਟੀ ਨਾਲ ਕੀਤੇ ਸਮਝੌਤੇ ‘ਤੇ ਅਮਲ ਨਾ ਹੋਣ ‘ਤੇ ਵੀ ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦਾਲਾਂ, ਮੱਕੀ ਅਤੇ ਪਸ਼ੂਧਨ ਦੇ ਖੇਤਰਾਂ ਵਿੱਚ ਵਿਗਿਆਨਕ ਖੋਜ ਅਤੇ ਤਕਨਾਲੋਜੀ ਦੇ ਰੂਪ ਵਿੱਚ ਆਪਸੀ ਸਹਿਯੋਗ ਦਾ ਸੁਝਾਅ ਦਿੱਤਾ।
ਉਨ੍ਹਾਂ ਨੇ ਹੁਨਰ ਵਿਕਾਸ ਵਿੱਚ ਨਿਵੇਸ਼ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਕੈਨੇਡਾ ਵੱਲੋਂ ਪੰਜਾਬ ਦੀ ਹੁਨਰ ਵਿਕਾਸ ਯੂਨੀਵਰਸਿਟੀ ‘ਚ ਆਪਣੇ ਕਾਰੋਬਾਰ ਜਾਂ ਯੂਨੀਵਰਸਿਟੀ ਰਾਹੀਂ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ‘ਤੇ ਵਿਚਾਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਿੱਖਿਅਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਿੱਚ ਆਵਾਸ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੇ ਸਕਦਾ ਹੈ।
Îਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ‘ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਜਿਸ ਨਾਲ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬ ਦੀ ਝਲਕ ਪਾਉਣ ਦਾ ਮੌਕਾ ਹਾਸਲ ਹੋਵੇਗਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕੈਨੇਡਾ ਸਰਕਾਰ ਵੱਲੋਂ ਇਸ ਪ੍ਰੋਗਰਾਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਸ੍ਰੀ ਟਰੂਡੋ ਅਤੇ ਸ੍ਰੀ ਸੱਜਣ ਨੇ ਮੁੱਖ ਮੰਤਰੀ ਕੋਲ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਇਹ ਕਦਮ ਨਵੀ ਪੀੜ੍ਹੀ ਲਈ ਮਦਦਗਾਰ ਸਾਬਤ ਹੋਵੇਗਾ ਜੋ ਪਹਿਲਾਂ ਕਦੇ ਵੀ ਭਾਰਤ ਨਹੀਂ ਆਈ।
ਇਸ ਮੌਕੇ ਮੁੱਖ ਮੰਤਰੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਆਪਣੀ ਕਿਤਾਬ ‘ਆਨਰ ਐਂਡ ਫਿਡੇਲਿਟੀ-ਵਰਲਡ ਵਾਰ-1’ ਅਤੇ ਉੱਘੇ ਲੇਖਕ ਖੁਸ਼ਵੰਤ ਸਿੰਘ ਦੀ ਕਿਤਾਬ ‘ਹਿਸਟਰੀ ਆਫ਼ ਸਿੱਖਜ਼’ ਭੇਟ ਕੀਤੀ। ਉਨ੍ਹਾਂ ਨੇ ਸ੍ਰੀ ਟਰੂਡੋ ਦੀ ਪਤਨੀ ਸੋਫੀ ਗਰੋਗੋਇਰ   ਟਰੂਡੋ ਨੂੰ ਪੰਜਾਬ ਦੀ ਮਸ਼ਹੂਰ ਰਵਾਇਤੀ ਫੁਲਕਾਰੀ ਤੇ ਸ਼ਾਲ ਵੀ ਭੇਟ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਤਿੰਨਾਂ ਬੱਚਿਆਂ ਨੂੰ ਕਈ ਤੋਹਫ਼ੇ ਵੀ ਦਿੱਤੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਛੇ ਜਾਣ ‘ਤੇ ਸ੍ਰੀ ਟਰੂਡੋ ਨੇ ਆਪਣੀ ਭਾਰਤ ਫੇਰੀ ਨੂੰ ਬਹੁਤ ਹੀ ‘ਆਨੰਦਦਾਇਕ’ ਦੱਸਿਆ। ਮੁੱਖ ਮੰਤਰੀ ਬਾਅਦ ਵਿੱਚ ਸ੍ਰੀ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਟਲ ਵਿੱਚ ਮਿਲੇ, ਜਿੱਥੋਂ ਉਹ ਏਅਰਪੋਰਟ ਨੂੰ ਰਵਾਨਾ ਹੋ ਗਏ।
ਸ੍ਰੀ ਠੁਕਰਾਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਹਾਜ਼ਰ ਸਨ।

Share.

About Author

Leave A Reply