ਟਰੂਡੋ ਨੇ ਕੀਤੀ ਕੈਪਟਨ ਨੂੰ ਮਿਲਣ ਤੋਂ ਨਾਂਹ

0


ਚੰਡੀਗੜ੍ਹ (ਆਵਾਜ਼ ਬਿਊਰੋ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਵੱਲੋਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੇ ਸਵਾਗਤ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਟਰੂਡੋ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ ਕਿਉਂਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਕੈਬਨਿਟ ਮੰਤਰੀ ‘ਤੇ ਸਿੱਖ ਵੱਖਵਾਦੀ ਲਹਿਰ ਨਾਲ ਸਬੰਧਤ ਹੋਣ ਦੇ ਇਲਜ਼ਾਮ ਲਾਏ ਸਨ। ਭਾਰਤੀ ਮੀਡੀਆ ਵਿੱਚ ਕੈਪਟਨ ਦੇ ਹਰਿਮੰਦਰ ਸਾਹਿਬ ਅੰਦਰ ਟਰੂਡੋ ਦਾ ‘ਗਾਈਡ’ ਬਣਨ ਵਾਲੀਆਂ ਪ੍ਰਚਲਿਤ ਖ਼ਬਰਾਂ ਦਾ ਖੰਡਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਕੋਈ ਮਿਲਣੀ ਨਹੀਂ ਹੋਵੇਗੀ। ਇਸ ਦੌਰੇ ਬਾਰੇ ਜ਼ਿਆਦਾ ਵੇਰਵੇ ਸਾਂਝੇ ਨਾ ਕਰ ਸਕਣ ਦੀ ਮਜਬੂਰੀ ਦੱਸ ਕੇ ਅਧਿਕਾਰੀਆਂ ਨੇ ਇੰਨਾ ਹੀ ਕਿਹਾ ਕਿ ਅਸੀਂ ਉਨ੍ਹਾਂ (ਕੈਪਟਨ) ਨਾਲ ਕੋਈ ਯੋਜਨਾ ਨਹੀਂ ਬਣਾਈ ਹੈ। ਪਿਛਲੇ ਸਾਲ ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਕੈਪਟਨ ਨੇ ਉਨ੍ਹਾਂ ‘ਤੇ ਖਾਲਿਸਤਾਨ ਪੱਖੀ ਮੁਹਿੰਮ ਦਾ ਸਮਰਥਨ ਕਰਦੇ ਹੋਣ ਦਾ ਇਲਜ਼ਾਮ ਲਾਇਆ ਸੀ। ਹਾਲਾਂਕਿ, ਹਰਜੀਤ ਸਿੰਘ ਸੱਜਣ ਤੇ ਬੁਨਿਆਦੀ ਢਾਂਚਾ ਮੰਤਰੀ ਅਮਰਜੀਤ ਸੋਹੀ ਨੇ ਕੈਪਟਨ ਦੇ ਇਸ ਇਲਜ਼ਾਮ ਦਾ ਜ਼ੋਰਦਾਰ ਵਿਰੋਖ ਕਰਦਿਆਂ ਕਿਹਾ ਸੀ ਕਿ ਉਹ ਕਦੇ ਵੀ ਅਜਿਹੀ ਮੁਹਿੰਮ ਦਾ ਹਿੱਸਾ ਨਹੀਂ ਰਹੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹ ਪਹਿਲੀ ਭਾਰਤ ਫੇਰੀ ਹੈ। ਕੈਨੇਡੀਅਨ ਮੀਡੀਆ ਮੁਤਾਬਕ ਉਹ ਸ਼ੁੱਕਰਵਾਰ ਨੂੰ ਭਾਰਤ ਲਈ ਚੱਲਣਗੇ ਤੇ ਐਤਵਾਰ ਨੂੰ ਆਪਣਾ ਦੌਰਾ ਸ਼ੁਰੂ ਕਰਨਗੇ। ਇਹ ਹੋ ਸਕਦਾ ਹੈ ਕਿ ਟਰੂਡੋ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਹੀ ਜਾਣ। ਇਸ ਤੋਂ ਬਾਅਦ ਉਹ 23 ਫਰਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਪਤੀ ਭਵਨ ਵਿੱਚ ਮੁਲਾਕਾਤ ਕਰਨਗੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅੰਮ੍ਰਿਤਸਰ ਫੇਰੀ ਲਈ ਤਿਆਰੀਆਂ ਜ਼ੋਰਾਂ ‘ਤੇ-ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀਆਂ ਆਮਦ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਬੀਤੇ ਦਿਨ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਕੈਨੇਡਾ ਤੋਂ ਆਈ ਐਡਵਾਂਸ ਪਾਰਟੀ ਨਾਲ ਸ੍ਰੀ ਟਰੂਡੋ ਦੇ ਆਮਦ ਬਾਰੇ ਵਿਸਥਾਰਤ ਮੀਟਿੰਗ ਕੀਤੀ ਅਤੇ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਨੇ ਜਿਲ੍ਹੇ ਦੇ  ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਦਾ ਮੁੱਢਲਾ ਜਾਇਜਾ ਲਿਆ।  ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਅਤੇ ਉਨਾਂ ਤੋਂ ਪਹਿਲਾਂ ਪ੍ਰਬੰਧਾਂ ਵਾਸਤੇ ਆਉਣ ਵਾਲੇ ਵਿਦੇਸ਼ੀ ਅਤੇ ਹੋਰ ਅਧਿਕਾਰੀਆਂ ਦੀ ਸਹਾਇਤਾ ਲਈ ਜਿਲ੍ਹਾ ਅਧਿਕਾਰੀਆਂ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Share.

About Author

Leave A Reply