ਅਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਡਰਾਉਣ ਲਈ ਕਾਗਜ਼ੀ ਭਲਵਾਨ ਨਹੀਂ ਬਣਨਾ ਚਾਹੁੰਦੇ-ਗ੍ਰਹਿ ਮੰਤਰੀ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇੱਥੇ ਕਿਹਾ ਹੈ ਕਿ ਅਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਕਾਗਜ਼ੀ ਭਲਵਾਨ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਸੀਂ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੇ ਗੁਰੂ ਵਾਲਾ ਦਰਜਾ ਵਿਸ਼ਵ ਵਿੱਚ ਸਥਾਪਤ ਕਰਨ ਦੇ ਰਸਤੇ ਤੁਰ ਰਹੇ ਹਾਂ। ਭਾਜਪਾ ਦੇ ਕੌਮੀ ਸੁਰੱਖਿਆ ਮਹਾਂਯੱਗ ਤੋਂ ਪਹਿਲਾਂ ਕੱਢੀ ਗਈ ਜਲ ਮਿੱਟੀ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਮਹਾਂਯੱਗ ਦੇ ਰਾਹੀਂ ਭਾਜਪਾ 2019 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਰਾਸ਼ਟਰਵਾਦ ਦੀ ਲਹਿਰ ਮਜ਼ਬੂਤ ਕਰਨਾ ਚਾਹੁੰਦੀ ਹੈ ਤਾਂ ਕਿ ਮਾਹੌਲ ਉਸ ਦੇ ਹੱਕ ਵਿੱਚ ਹੋ ਸਕੇ। ਰਾਜਨਾਥ ਸਿੰਘ ਨੇ ਕਿਹਾ ਕਿ ਇਸ ਰੱਥ ਯਾਤਰਾ ਦੇ ਤਹਿਤ ਦੇਸ਼ ਦੇ ਕੋਨੇ ਕੋਨੇ ਵਿੱਚ ਜਾ ਕੇ ਯੱਗ ਕੁੰਡ ਲਈ ਮਿੱਟੀ ਅਤੇ ਪਾਣੀ ਇੱਕਠਾ ਕੀਤਾ ਜਾਵੇ। ਇਸ ਦੇ ਤਹਿਤ ਦੇਸ਼ ਦੇ ਪ੍ਰਮੁੱਖ ਤੀਰਥ ਅਸਥਾਨਾਂ, ਜੰਮੂ ਕਸ਼ਮੀਰ ਦੀ ਸਰਹੱਦ ਅਤੇ ਡੋਕਲਾਮ ਤੋਂ ਵੀ ਮਿੱਟੀ ਅਤੇ ਜਲ ਲਿਆਂਦਾ ਜਾਵੇਗਾ।
ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਮਰਪਿਤ ਹੁੰਦੇ ਹੋਏ ਵਿਸ਼ਵ ਭਲਾਈ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਦਿਆਂ ਹੀ ਅਸੀਂ ਭਾਰਤ ਨੂੰ ਵਿਸ਼ਵ ਵਿੱਚ ਧਰਮ ਗੁਰੂ ਵਾਲਾ ਦਰਜਾ ਦਿਵਾਉਣਾ ਚਾਹੁੰਦੇ ਹਾਂ। ਭਾਜਪਾ ਵੱਲੋਂ ਸ਼ੁਰੂ ਕੀਤਾ ਗਿਆ ਇਹ ਮਹਾਂਯੱਗ 18 ਮਾਰਚ ਤੋਂ 25 ਮਾਰਚ ਤੱਕ ਚੱਲੇਗਾ। ਇਸ ਵਿੱਚ 1111 ਬ੍ਰਾਹਮਣ 2.25 ਕਰੋੜ ਮੰਤਰਾਂ ਦਾ ਉਚਾਰਣ ਕਰਨਗੇ। ਇਸ ਯੱਗ ਵਿੱਚ ਸ਼ਮੂਲੀਅਤ ਲਈ ਦੇਸ਼ ਭਰ ਦੇ ਸਾਧੂ ਸੰਤਾਂ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਬੁਲਾਉਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਸੱਦਾ ਦਿੱਤਾ ਗਿਆ ਹੈ।

Share.

About Author

Leave A Reply