2019 ਦੀਆਂ ਚੋਣਾਂ ਜਿੱਤਣ ਦੇ ਮੰਤਰ ਸਮਝਾ ਮੋਦੀ ਤਿੰਨ ਖਾੜੀ ਦੇਸ਼ਾਂ ਦੀ ਯਾਤਰਾ ਲਈ ਰਵਾਨਾ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਜਪਾ ਸੰਸਦ ਮੈਂਬਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਵੱਖ-ਵੱਖ ਮੰਤਰ ਸਮਝਾ ਤਿੰਨ ਖਾੜੀ ਦੇਸ਼ਾਂ ਦੀ ਯਾਤਰਾ ਲਈ ਰਵਾਨਾ ਹੋ ਗਏ ਹਨ। ਉਹ 9 ਤੋਂ 12 ਫਰਵਰੀ ਤੱਕ ਫਿਲਸਤੀਨ, ਯੂ.ਏ.ਈ., ਓਮਾਨ ਦੇ ਨੇਤਾਵਾਂ ਨਾਲ ਖਾੜੀ ਅਤੇ ਪੱਛਮੀ ਏਸ਼ੀਆ ਖੇਤਰ ਵਿੱਚ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਸਬੰਧੀ ਗੱਲਬਾਤ ਕਰਨਗੇ। 2015 ਤੋਂ ਬਾਅਦ ਇਸ ਖੇਤਰ ਵਿੱਚ ਆਪਣੇ ਪੰਜਵੇਂ ਦੌਰੇ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਭਾਰਤ ਵੱਲੋਂ ਖਾੜੀ ਅਤੇ ਪੱਛਮ ਏਸ਼ੀਆ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨੇ ਪ੍ਰਮੁੱਖ ਪਹਿਲ ਹੈ। ਉਹ ਚਾਰ ਦਿਨਾਂ ਦੌਰਾਨ ਤਿੰਨ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ।  ਮੋਦੀ ਦੇ ਫਿਲਸਤੀਨ ਦੌਰੇ ਨੂੰ ਲੈ ਕੇ ਵੀ ਦੇਸ਼-ਵਿਦੇਸ਼ ਵਿੱਚ ਚਰਚਾ ਹੈ। ਮੋਦੀ ਨੇ ਖੁਦ ਕਿਹਾ ਹੈ ਕਿ ਪਹਿਲੀ ਵਾਰ ਕੋਈ ਭਾਰਤੀ ਪ੍ਰਧਾਨ ਮੰਤਰੀ ਫਿਲਸਤੀਨ ਦਾ ਦੌਰਾ ਕਰਨ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅਬਾਸ ਵੀ ਮੇਰੇ ਨਾਲ ਗੱਲਬਾਤ ਕਰਨ ਲਈ ਬਹੁਤ ਉਤਾਵਲੇ ਹਨ। ਮੋਦੀ 10 ਫਰਵਰੀ ਤੋਂ ਫਿਲਸਤੀਨ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਬੱਜਟ ਵਿੱਚ ਐਲਾਨੀਆਂ ਭਲਾਈ ਯੋਜਨਾਵਾਂ ਦੀ ਵੱਧ ਤੋਂ ਵੱਧ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਵੇ। ਮੋਦੀ ਨੇ ਕਿਹਾ ਕਿ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਹੀ 2019 ਵਿੱਚ ਜਿੱਤ ਦੀ ਕੁੰਜੀ ਸਾਬਤ ਹੋਵੇਗਾ। ਮੋਦੀ ਨੇ ਕਿਹਾ ਕਿ ਸਾਲ 2018 ਵਿੱਚ ਕੁੱਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀਆਂ ਲੋਕ ਸਭਾ ਚੋਣਾਂ ਸਾਡੇ ਲਈ ਮਹੱਤਵਪੂਰਨ ਹਨ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਅਲੋਕਤੰਤਰਿਕ ਖੇਡਾਂ ਖੇਡ ਰਹੇ ਹਨ।
ਰਾਹੁਲ ਗਾਂਧੀ ਨੂੰ ਅਣਜਾਣ ਖਿਡਾਰੀ ਕਹਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਹਾਂ ਸਦਨਾਂ ਵਿੱਚ ਦਿੱਤੇ ਭਾਸ਼ਣ ਵਿੱਚ ਅੜਿੱਕੇ ਪਾਏ, ਉਸ ਦੌਰਾਨ ਰਾਹੁਲ ਗਾਂਧੀ ਦੀ ਅਣਜਾਣਤਾ ਸਾਹਮਣੇ ਆਈ। ਉਨ੍ਹਾਂ ਇਹ ਵੀ ਕਿਹਾ ਕਿ ਰਾਫੇਲ ਲੜਾਕੂ ਜਹਾਜ ਸੌਦੇ ਬਾਰੇ ਰਾਹੁਲ ਜਿਸ ਜਾਣਕਾਰੀ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਹਨ, ਉਹ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।

Share.

About Author

Leave A Reply