1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੇ ਕਾਂਗਰਸ ਦਫ਼ਤਰ ਸਾਹਮਣੇ ਕੀਤਾ ਪ੍ਰਦਰਸ਼ਨ

0


*ਟਾਈਟਲਰ ‘ਚ ਹਿੰਮਤ ਹੈ ਤਾਂ ਆਪਣੇ ਆਪ ਨੂੰ ਪੁਲਿਸ ਦੇ ਸਪੁਰਦ ਕਰੇ : ਜੀ.ਕੇ.
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਵੱਲੋਂ ਅੱਜ ਕਾਂਗਰਸ ਹੈਡ ਕੁਆਟਰ ਦੇ ਬਾਹਰ ਰੋਸ਼ ਮੁਜ਼ਾਹਿਰਾ ਕੀਤਾ ਗਿਆ। ਪੀੜਿਤ ਪਰਿਵਾਰਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ‘ਚੋਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਬਾਹਰ ਕੱਢਣ ਸਬੰਧੀ ਜੋਰਦਾਰ ਨਾਅਰੇਬਾਜ਼ੀ 24 ਅਕਬਰ ਰੋਡ ਮੂਹਰੇ ਕੀਤੀ। ਪ੍ਰਦਰਸ਼ਨਕਾਰੀਆਂ ਦੀ ਇਸ ਕਰਕੇ ਪੁਲਿਸ ਨਾਲ ਕਈ ਵਾਰ ਧੱਕਾਮੁੱਕੀ ਵੀ ਹੋਈ। ਪੂਰੇ ਪ੍ਰਦਰਸ਼ਨ ਦੌਰਾਨ ਪੀੜਿਤ ਪਰਿਵਾਰਾਂ ਨੇ ਰਾਹੁਲ ਗਾਂਧੀ ਨੂੰ ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ‘ਚ ਰੱਖਣ ਦੀ ਮਜਬੂਰੀ ਦੱਸਣ ਦੀ ਅਪੀਲ ਵੀ ਕੀਤੀ।  ਪੀੜਿਤ ਪਰਿਵਾਰਾਂ ਦੇ ਸਮਰਥਨ ‘ਚ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਸਣੇ ਅਕਾਲੀ ਦਲ ਦੇ ਕਈ ਆਗੂ ਪੁੱਜੇ ਸਨ।  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਵਾਵਾਂ ਨੇ ਟਾਈਟਲਰ ਦੇ ਆਏ ਕਬੂਲਨਾਮੇ ਦੇ ਬਾਵਜੂਦ ਰਾਹੁਲ ਗਾਂਧੀ ਵੱਲੋਂ ਉਸਦੀ ਕੀਤੀ ਜਾ ਰਹੀ ਪੁਸਤ-ਪਨਾਹੀ ਨੂੰ ਭਾਰਤੀ ਕਾਨੂੰਨ ਅਤੇ ਸੰਵਿਧਾਨ ‘ਚ ਦਿੱਤੇ ਗਏ ਬਰਾਬਰੀ ਦੇ ਅਧਿਕਾਰ ਦੀ ਦੁਰਵਰਤੋਂ ਕਰਾਰ ਦਿੱਤਾ। ਵਿਧਵਾਵਾਂ ਦਾ ਮੰਨਣਾ ਸੀ ਕਿ ਰਾਹੁਲ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਦੀ ਕਥਿਤ ਸਮੂਲੀਅਤ ਦੇ ਰਾਜ ਨੂੰ ਦਬਾਏ ਰੱਖਣ ਲਈ ਕਾਤਲਾਂ ਦਾ ਪੱਖ ਪੂਰਣ ਦਾ ਜਤਨ ਕਰ ਰਹੇ ਹਨ।
ਇਸ ਦੌਰਾਨ ਦਿੱਲੀ ਦੇ ਉਪਰਾਜਪਾਲ ਅਨਿਲ ਬੈਂਜ਼ਲ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਜਗਦੀਸ਼ ਟਾਈਟਲਰ ਕਬੂਲਨਾਮੇ ਮਾਮਲੇ ‘ਚ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ‘ਚ ਗਏ ਵਫ਼ਦ ਨੇ ਟਾਈਟਲਰ ਦੇ ਖਿਲਾਫ਼ ਮੌਜੂਦ ਸਬੂਤ ਵੀ ਉਪਰਾਜਪਾਲ ਦੇ ਹਵਾਲੇ ਕੀਤੇ। ਇਸਦੇ ਨਾਲ ਹੀ ਵਫ਼ਦ ਨੇ ਉਪਰਾਜਪਾਲ ਦਾ ਦਿੱਲੀ ‘ਚ ਆਨੰਦ ਮੈਰਿਜ ਐਕਟ ਲਾਗੂ ਕਰਨ ‘ਤੇ ਧੰਨਵਾਦ ਵੀ ਕੀਤਾ।  ਜੀ.ਕੇ. ਨੇ ਕਿਹਾ ਕਿ ਟਾਈਟਲਰ ਦਾ ਕਬੂਲਨਾਮਾ ਉਸਦੇ ਅੱਤਵਾਦੀ ਹੋਣ ਦੀ ਪ੍ਰੋੜਤਾ ਕਰਦਾ ਹੈ। ਵੀਡੀਓ ‘ਚ ਜਿਸ ਤਰੀਕੇ ਨਾਲ ਬੇਸ਼ਰਮੀ ਭਰੇ ਲਹਿਜੇ ‘ਚ ਟਾਈਟਲਰ 100 ਸਿੱਖਾਂ ਦਾ ਕਤਲ ਕਰਨਾ ਕਬੂਲ ਕਰ ਰਿਹਾ ਹੈ, ਉਸਤੋਂ ਬਾਅਦ ਉਸਨੂੰ ਮਨੁੱਖ ਕਹਿਣਾ ਵੱਡੀ ਗਲਤੀ ਹੋਵੇਗੀ। ਸਿੱਖਾਂ ਦੇ ਗੱਲਾਂ ‘ਚ ਟਾਈਰ ਪਾਉਣ ਵਾਲਿਆਂ ‘ਚ ਵੀ ਟਾਈਟਲਰ ਸ਼ਾਮਲ ਹੋਵੇਗਾ। ਇਹ ਉਸਦਾ ਖੁਲਾਸਾ ਇਸਾਰਾ ਕਰਦਾ ਹੈ।
ਜੀ.ਕੇ. ਨੇ ਸਵਾਲ ਕੀਤਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਵਹਿਸ਼ੀ ਤਰੀਕੇ ਨਾਲ ਇੱਕ ਕਤਲ ਕਰਨ ਵਾਲੇ ਨੂੰ ਵੀ ਅੱਤਵਾਦੀ ਦੱਸ ਦੇਂਦੀਆਂ ਹਨ। ਇਸ ਹਿਸਾਬ ਨਾਲ 100 ਸਿੱਖਾਂ ਦੇ ਕਤਲ ਕਰਨ ਵਾਲੇ ਨੂੰ ਅੱਤਵਾਦੀ ਕਿਉਂ ਨਾ ਐਲਾਨੀਆ ਜਾਵੇ ਜਿਸਨੇ ਫਿਰਕੂ ਸੋਚ ਨਾਲ ਸਿੱਖਾਂ ਦੀ ਕਥਿਤ ਨਸ਼ਲਕੁਸੀ ਕਰਨ ਦੀ ਅਗਵਾਈ ਕੀਤੀ ਸੀ।   ਜੀ.ਕੇ. ਨੇ ਦੱਸਿਆ ਕਿ ਅਕਾਲੀ ਦਲ ਹਰ ਹਾਲਾਤ ‘ਚ ਟਾਈਟਲਰ ਨੂੰ ਜੇਲ ਭੇਜਣ ਦੀ ਲੜਾਈ ਲੜ ਰਿਹਾ ਹੈ। ਜਿਸ ਕਰਕੇ ਅਸੀਂ ਕੱਲ ਅਕਾਲੀ ਸਾਂਸਦਾ ਦੇ ਨਾਲ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ, ਦਿੱਲੀ ਪੁਲਿਸ ਦੇ ਕਮਿਸ਼ਨਰ ਅਤੇ ਸੀ.ਬੀ.ਆਈ. ਦੇ ਡਾਈਰੈਕਟਰ ਨਾਲ ਮੁਲਾਕਾਤ ਕੀਤੀ ਸੀ। ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਗੁਜਰਾਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਇਸ ਮਸਲੇ ‘ਚ ਮੰਗ ਪੱਤਰ ਸੌਂਪਿਆ ਹੈ। ਜੀ.ਕੇ. ਨੇ ਕਿਹਾ ਕਿ ਬੇਸ਼ਕ ਟਾਈਟਲਰ ਉਨ੍ਹਾਂ ਨੂੰ ਚੁੱਪ ਕਰਾਉਣ ਦੇ ਮਕਸਦ ਨਾਲ ਪੁਲਿਸ ਨੂੰ ਉਨ੍ਹਾਂ ਦੇ ਖਿਲਾਫ਼ ਤਹਿਰੀਰ ਦੇ ਰਿਹਾ ਹੈ। ਜੇਕਰ ਟਾਈਟਲਰ ‘ਚ ਹਿੰਮਤ ਹੈ ਤਾਂ ਖੁੱਦ ਪੁਲਿਸ ਜਾਂਚ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਪੁਲਿਸ ਦੇ ਸਪੁਰਦ ਕਰੇ। ਤਾਂਕਿ ਸੱਚ ਸਾਹਮਣੇ ਆ ਸਕੇ।  ਸਿਰਸਾ ਨੇ ਕਿਹਾ ਕਿ ਟਾਈਟਲਰ ਦੇ ਖਿਲਾਫ਼ ਆਈ ਵੀਡੀਓ ਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਦੀ ਸਿੱਖ ਕਤਲੇਆਮ ‘ਚ ਸਮੂਲੀਅਤ ਵੱਲ ਇਸਾਰਾ ਕਰਦੀ ਹੈ। ਜਿਸ ਤਰੀਕੇ ਨਾਲ ਟਾਈਟਲਰ ਨੇ ਰਾਜਸਭਾ ਸੀਟ ਅਤੇ ਮੁਖਮੰਤਰੀ ਦੇ ਅਹੁਦੇ ਲਈ ਆਪਣੇ ਚਲ ਰਹੇ ਨਾਂ ਦਾ ਜਿਕਰ ਕੀਤਾ ਹੈ, Àਹ ਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਦੇ ਜੁਰਮ ਨੂੰ ਲੁਕਾਉਣ ਦੀ ਬੁਰਕੀ ਲੱਗਦਾ ਹੈ।
ਸਿਰਸਾ ਨੇ ਉਪਰਾਜਪਾਲ ਦਾ ਆਨੰਦ ਮੈਰਿਜ ਐਕਟ ਦਿੱਲੀ ਵਿਖੇ ਲਾਗੂ ਕਰਨ ਲਈ ਧੰਨਵਾਦ ਕਰਦੇ ਹੋਏ ਇਸ ਸਬੰਧੀ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਐਕਟ ਲਾਗੂ ਕਰਨ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ। ਸਿਰਸਾ ਨੇ ਉਪਰਾਜਪਾਲ ਨੂੰ ਟਾਈਟਲਰ ਮਾਮਲੇ ‘ਚ ਛੇਤੀ ਕਾਰਵਾਈ ਕਰਵਾਉਣ ਲਈ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
ਵਫ਼ਦ ‘ਚ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਸਰਵਜੀਤ ਸਿੰਘ ਵਿਰਕ, ਜਗਦੀਪ ਸਿੰਘ ਕਾਹਲੋ ਅਤੇ ਨੌਜਵਾਨ ਆਗੂ ਸਿਮਰਤ ਸਿੰਘ ਸਾਹਨੀ ਆਦਿਕ ਨੇ ਉਪਰਾਜਪਾਲ ਨੂੰ ਫੁੱਲਾਂ ਦਾ ਗੁਲਦੱਸਤਾ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ।

Share.

About Author

Leave A Reply