ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਦੇਣ ਦੇ ਦੋਸ਼ ਵਿੱਚ ਏਅਰਫੋਰਸ ਦਾ ਗਰੁੱਪ ਕੈਪਟਨ ਗ੍ਰਿਫਤਾਰ

0


ਨਵੀਂ ਦਿੱਲੀ (ਆਵਾਜ਼ ਬਿਊਰੋ)-ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਭਾਰਤ ਦੀਆਂ ਮਹੱਤਵਪੂਰਨ ਜਾਣਕਾਰੀਆਂ ਦੇਣ ਦੇ ਦੋਸ਼ ਵਿੱਚ ਏਅਰਫੋਰਸ ਦੇ ਇੱਕ ਗਰੁੱਪ ਕੈਪਟਨ ਅਰੁਣ ਮਰਵਾਹਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਪ੍ਰਮੋਦ ਕੁਸ਼ਵਾਹਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਈ.ਐੱਸ.ਆਈ. ਨੇ ਹਨੀਟਰੈਪ ਦੇ ਰਾਹੀਂ ਮਰਵਾਹਾ ਤੋਂ ਖੁਫੀਆ ਜਾਣਕਾਰੀ ਹਾਸਲ ਕੀਤੀ। ਅਰੁਣ ਫੇਸਬੁੱਕ ਰਾਹੀਂ ਦੋ ਔਰਤਾਂ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਉਹ ਸਰਕਾਰੀ ਦਸਤਾਵੇਜਾਂ ਦੀਆਂ ਫੋਟੋਆਂ ਖਿੱਚ ਕੇ ਵਟਸਅਪ ਰਾਹੀਂ ਸੂਚਨਾ ਪਾਕਿਸਤਾਨ ਨੂੰ ਭੇਜਣ ਲੱਗਾ।
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੋ ਔਰਤਾਂ ਨਾਲ ਮਰਵਾਹਾ ਪਹਿਲਾਂ ਇੱਕ ਹਫਤੇ ਤੱਕ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ। ਔਰਤਾਂ ਨੇ ਜਦੋਂ ਇਸ ਨੂੰ ਪੂਰੀ ਤਰ੍ਹਾਂ ਆਪਣੇ ਵੱਸ ਵਿੱਚ ਕਰ ਲਿਆ ਤਾਂ ਇਹ ਉਨ੍ਹਾਂ ਨੂੰ ਭਾਰਤ ਦੀਆਂ ਵੱਖ-ਵੱਖ ਜਾਣਕਾਰੀਆਂ ਦੇ ਨਾਲ-ਨਾਲ ਏਅਰਫੋਰਸ ਦੀਆਂ ਫੋਟੋਆਂ ਭੇਜਣ ਲੱਗ ਪਿਆ। ਪੁੱਛਗਿੱਛ ਦੌਰਾਨ ਅਰੁਣ ਨੇ ਮੰਨਿਆ ਹੈ ਕਿ ਉਸ ਦੀ  ਅਨੇਕਾਂ ਖੁਫੀਆ ਦਸਤਾਵੇਜਾਂ ਤੱਕ ਸਿੱਧੀ ਪਹੁੰਚ ਸੀ। ਉਹ ਮੌਜੂਦਾ ਸਮੇਂ ਏਅਰਫੋਰਸ ਹੈੱਡਕੁਆਰਟਰ ਪੋਸਟਿੰਗ ਲਈ ਹੱਥ ਪੈਰ ਮਾਰ ਰਿਹਾ ਸੀ। ਜੇਕਰ ਉਹ ਨਾ ਫੜਿਆ ਜਾਂਦਾ ਤਾਂ ਏਅਰਫੋਰਸ ਹੈੱਡਕੁਆਰਟਰ ਦੇ ਵੱਡੇ ਭੇਦ ਉਸ ਨੇ ਪਾਕਿਸਤਾਨ ਨੂੰ ਦੇਣੇ ਸਨ। ਇਹ ਵੀ ਕਿਹਾ ਗਿਆ ਹੈ ਕਿ ਅਰੁਣ ਮਰਵਾਹਾ ਕੁੱਝ ਦਿਨ ਪਹਿਲਾਂ ਕੇਰਲਾ ਵਿੱਚ ਵੀ ਗਿਆ ਸੀ, ਜਿੱਥੇ ਉਹ ਕਿਰਨ ਰੰਧਾਵਾ ਨਾਂਅ ਦੀ ਔਰਤ ਦੇ ਸੰਪਰਕ ਵਿੱਚ ਰਿਹਾ। ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੰਜ ਦਿਨ ਲਈ ਪੁਲਿਸ ਹਿਰਾਸਤ ਵਿੱਚ ਪੁੱਛਗਿੱਛ ਲਈ ਭੇਜ ਦਿੱਤਾ ਗਿਆ ਹੈ। ਉਸ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ ਅਤੇ ਫੋਰੇਂਸਿੰਕ ਜਾਂਚ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ  ਉਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਵੀ 10 ਦਿਨ ਤੱਕ ਪੁੱਛ ਪੜਤਾਲ ਕੀਤੀ ਗਈ।

Share.

About Author

Leave A Reply