ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਟੀਮ ਵੱਲੋਂ ਸੀਚੇਵਾਲ ਦਾ ਦੌਰਾ

0

ਸੁਲਤਾਨਪੁਰ ਲੋਧੀ (ਅਰਵਿੰਦ)-ਪੰਜਾਬ ਦੇ ਦੌਰੇ ‘ਤੇ ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਆਈ ਟੀਮ ਨੇ ਅੱਜ ਪੀਣ ਵਾਲੇ ਪਾਣੀ ਦੀ 24 ਘੰਟੇ ਸਪਲਾਈ ਜਾਰੀ ਰੱਖਣ ਵਾਲੇ ਪਿੰਡਾਂ ਵਿਚੋਂ ਸੀਚੇਵਾਲ ਦਾ ਦੌਰਾ ਕੀਤਾ। ਇਸ ਉੱਚ ਪੱਧਰੀ 13 ਮੈਂਬਰੀ ਵਫਦ ਦੀ ਅਗਵਾਈ ਗੁਜਰਾਤ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਇੰਜੀਨੀਅਰ ਸ੍ਰੀ ਸਿੱਦੀਕੀ ਕਰ ਰਹੇ ਸਨ। ਉਨ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਗੁਜਰਾਤ ਦੀ ਟੀਮ ਨੇ ਪਿੰਡ ਦੀ ਸਰਪੰਚ ਰਜਵੰਤ ਕੌਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਕਿ ਉਨ੍ਹਾਂ ਨੂੰ ਪਿੰਡ ਵਿਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਜਾਰੀ ਰੱਖਣ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।  ਸੀਚੇਵਾਲ ਪਿੰਡ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੇਹਤਰ ਢੰਗ ਨਾਲ ਕਰਨ ਅਤੇ ਉਸ ਦਾ ਸਹੀ ਰਿਕਾਰਡ ਰੱਖਣ ਕਾਰਨ ਪੰਜਾਬ ਸਰਕਾਰ ਨੇ ਜਨਰੇਟਰ ਵੀ ਇਨਾਮ ਵਜੋਂ ਦਿੱਤਾ ਸੀ। ਸੀਚੇਵਾਲ ਦੇ ਸਾਰੇ ਘਰਾਂ ਵਿਚ ਵਾਟਰ ਸਪਲਾਈ ਦੇ ਮੀਟਰ ਵੀ ਲੱਗੇ ਹੋਏ ਹਨ ਅਤੇ ਪਾਣੀ ਦੀ ਜਿੰਨੀ ਵਰਤੋਂ ਹੁੰਦੀ ਹੈ ਉਸ ਦੇ ਹਿਸਾਬ ਨਾਲ ਬਿੱਲ ਵੀ ਦਿੱਤਾ ਜਾਂਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਿੰਡ ਦੇ 10 ਸਾਲ ਸਰਪੰਚ ਵੀ ਰਹੇ ਹਨ।
, ਉਨ੍ਹਾਂ ਨੇ ਦੱਸਿਆ ਕਿ ਵਾਟਰ ਸਪਲਾਈ ਦੇ ਨਾਲ ਨਾਲ ਉਨ੍ਹਾਂ ਨੇ ਪਿੰਡ ਵਿਚ ਜਿਹੜਾ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਉਣ ਦਾ ਮਾਡਲ ਸਥਾਪਤ ਕੀਤਾ ਹੈ ਉਸ ਨੇ ਪਿੰਡ ਦੇ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਭ ਪਹੁੰਚਾਇਆ ਹੈ ਅਤੇ ਇਸ ਨਾਲ ਪੀਣ ਵਾਲੇ ਪਾਣੀ ਦੀ ਬੱਚਤ ਵੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਧਰਤੀ ਹੇਠੋਂ ਪਾਣੀ ਕੱਢ ਕੇ ਖੇਤੀ ਲਈ ਵਰਤਿਆ ਜਾਂਦਾ ਸੀ ਉਸ ਦੀ ਥਾਂ ‘ਤੇ ਪਿੰਡ ਦੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਰਿਹਾ ਹੈ। ਇਸ ਕੰਮ ਵਿਚ ਲੋਕਾਂ ਦੀ ਸ਼ਮੂਲੀਅਤ ਨੇ ਵੱਡੀ ਮਦਦ ਕੀਤੀ ਹੈ।  ਇਸ ਮਾਡਲ ਨੂੰ ਦੇਖ ਕੇ ਆਈ ਹੋਈ ਟੀਮ ਨੇ ਗੁਜਰਾਤ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਨੂੰ 5100 ਰੁਪਏ ਦੀ ਸਹਾਇਤਾ ਰਕਮ ਵੀ ਭੇਂਟ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਆਈ.ਸੀ.ਈ. ਮਾਹਿਰ ਕੁਲਦੀਪ ਗਾਂਧੀ ਅਤੇ ਐਸ.ਡੀ.ਓ. ਅਸ਼ਵਨੀ ਕੁਮਾਰ ਤੇ ਐਸ.ਡੀ.ਓ. ਬਲਦੇਵ ਰਾਜ ਵੀ ਹਾਜ਼ਰ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਟੀਮ ਨੇ ਪਹਿਲਾਂ ਵੀ ਪੰਜਾਬ ਦੇ ਦੋ ਪਿੰਡਾਂ ਦਾ ਨਿਰੀਖਣ ਕੀਤਾ ਹੈ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ ਸਮੇਤ ਸੀਚੇਵਾਲ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਹੋਰ ਆਗੂ ਵੀ ਹਾਜ਼ਰ ਸਨ।

Share.

About Author

Leave A Reply