ਜਥੇਦਾਰ ਕੋਹਾੜ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

0


*ਲੜਕੇ ਨਾਇਬ ਸਿੰਘ ਕੋਹਾੜ ਨੇ ਦਿਖਾਈ ਮ੍ਰਿਤਕ ਦੇਹ ਨੂੰ ਅਗਨੀ
ਸ਼ਾਹਕੋਟ (ਆਵਾਜ਼ ਬਿਊਰੋ)-ਦੁਆਬੇ ਦੀ ਅਕਾਲੀ ਸਿਆਸਤ ਦੇ ਰੂਹੇ-ਰਵਾਂ,ਸਾਬਕਾ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ (ਬ)ਵਿਧਾਇਕ ਦਲ ਦੇ ਉੱਪ ਆਗੂ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਥੇਦਾਰ ਕੋਹਾੜ ਦਾ ਲੰਘੀ 5 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਉਹ 78 ਵਰ੍ਹਿਆ ਦੇ ਸਨ। ਉਨਾਂ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਜੱਦੀ ਪਿੰਡ ਕੋਹਾੜ ਖੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਨਾਂ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਲੜਕੇ ਨਾਇਬ ਸਿੰਘ ਕੋਹਾੜ ਸਾਬਕਾ ਐੱਮਡੀ. ਕੋਅਪ੍ਰੇਟਿਵ ਬੈਂਕ ਜਲੰਧਰ ਨੇ ਅਗਨੀ ਦਿਖਾਈ। ਇਸ ਦੁੱਖ ਦੀ ਘੜੀ ‘ਚ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਬਿਕਰਮ ਸਿੰਘ ਮਜੀਠੀਆਂ ਸਾਬਕਾ ਕੈਬਨਿਟ ਮੰਤਰੀ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਕੈਬਨਿਟ ਮੰਤਰੀ, ਮਨੋਰੰਜਨ ਕਾਲੀਆਂ ਸਾਬਕਾ ਕੈਬਨਿਟ ਮੰਤਰੀ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਕੈਬਨਿਟ ਮੰਤਰੀ, ਬ੍ਰਿਜ ਭੁਪਿੰਦਰ ਸਿੰਘ ਕੰਗ ਸਾਬਕਾ ਗ੍ਰਹਿ ਮੰਤਰੀ, ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ, ਬਲਦੇਵ ਸਿੰਘ ਖਹਿਰਾ ਵਿਧਾਇਕ ਫਿਲੌਰ, ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ, ਸੁਸ਼ੀਲ ਕੁਮਾਰ ਰਿੰਕੂ ਵਿਧਾਇਕ ਜਲੰਧਰ, ਰਮਨਜੀਤ ਸਿੰਘ ਸਿੱਕੀ ਵਿਧਾਇਕ ਖਡੂਰ ਸਾਹਿਬ, ਵੀਰ ਸਿੰਘ ਵਿਧਾਇਕ ਲੋਪੋ ਕੇ, ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ, ਪਦਮ ਸ੍ਰੀ ਹੰਸ ਰਾਜ ਹੰਸ, ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਮਾਸਟਰ ਮੋਹਨ ਸਿੰਘ ਸਾਬਕਾ ਕੈਬਨਿਟ ਮੰਤਰੀ, ਸਰਵਨ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ, ਅਵਿਨਾਸ਼ ਰਾਏ ਕਲੇਰ ਸਾਬਕਾ ਸੰਸਦੀ ਸਕੱਤਰ, ਮੋਹਨ ਲਾਲ ਸਾਬਕਾ ਵਿਧਾਇਕ ਬੰਗਾ, ਕੇ.ਡੀ. ਭੰਡਾਰੀ ਸਾਬਕਾ ਵਿਧਾਇਕ ਜਲੰਧਰ, ਗੁਰਮੀਤ ਸਿੰਘ ਦਾਦੂਵਾਲ ਚੇਅਰਮੈਨ ਐੱਸਐੱਸ ਬੋਰਡ ਪੰਜਾਬ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਡਾ. ਨਵਜੋਤ ਸਿੰਘ ਦਾਹੀਆ ਬੁਲਾਰਾ ਕਾਂਗਰਸ, ਵਰਿੰਦਰ ਕੁਮਾਰ ਸਰਮਾਂ ਡਿਪਟੀ ਕਮਿਸ਼ਨਰ ਜਲੰਧਰ, ਗੁਰਪ੍ਰੀਤ ਸਿੰਘ ਭੁੱਲਰ ਐੱਸਐੱਸਪੀ ਜਲੰਧਰ ਦਿਹਾਤੀ, ਨਵਨੀਤ ਕੌਰ ਬੱਲ ਐੱਸਡੀਐੱਮ. ਸ਼ਾਹਕੋਟ, ਸੰਦੀਪ ਕੁਮਾਰ ਮਲਿਕ ਏਐੱਸਪੀ. ਸਬ ਡਵੀਜ਼ਨ ਸ਼ਾਹਕੋਟ ਆਦਿ ਨੇ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਉਨਾਂ ਜਥੇਦਾਰ ਕੋਹਾੜ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।  ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ  ਕਿ ਜਥੇਦਾਰ ਕੋਹਾੜ ਦੀ ਮੌਤ ਨਾਲ ਉਨਾਂ ਦੀ ਸਮੂਚੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਜਥੇਦਾਰ ਕੋਹਾੜ ਪਾਰਟੀ ਦੇ ਥੰਮ੍ਹ ਸਨ ਅਤੇ ਉਨਾਂ ਦੇ ਬੜ੍ਹੇ ਹੀ ਚੰਨ ਸਾਥੀਆਂ ਵਿੱਚ ਸਨ, ਜਿਸ ਕਾਰਨ ਉਨਾਂ ਨੂੰ ਬਹੁਤ ਦੁੱਖ ਹੈ ਅਤੇ ਪਾਰਟੀ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ, ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸੰਤ ਬਲਬੀਰ ਸਿੰਘ ਸੀਚੇਵਾਲ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆਂ ਆਦਿ ਪਾਰਟੀ ਆਗੂਆਂ ਨੇ ਕਿਹਾ ਕਿ ਜਥੇਦਾਰ ਅਜੀਤ ਸਿੰਘ ਕੋਹਾੜ ਬੜ੍ਹੇ ਹੀ ਸੁਲਝੇ ਹੋਏ ਵਿਅਕਤੀ ਸਨ, ਜਿਨਾਂ ਪਾਰਟੀ ਵੱਲੋਂ ਲਗਾਈ ਹਰ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਜਥੇਦਾਰ ਕੋਹਾੜ ਦੇ ਪਰਿਵਾਰ ਮੈਂਬਰਾਂ ਅਨੁਸਾਰ ਉਨਾਂ ਦੀ ਆਤਮਿਕ ਸ਼ਾਂਤੀ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 13 ਫਰਵਰੀ ਦਿਨ ਮੰਗਲਵਾਰ ਨੂੰ ਦਾਣਾ ਮੰਡੀ, ਪਿੰਡ ਕੋਹਾੜ ਖੁਰਦ  ਵਿਖੇ ਦੁਪਹਿਰ ਸਮੇਂ ਹੋਵੇਗੀ।

Share.

About Author

Leave A Reply